ਚੰਡੀਗੜ੍ਹ, 27 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਈ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਨੌਕਰੀ ਵਿਚ ਲੱਗਣ ਤੋਂ ਬਾਅਦ ਇਹ ਨਾ ਸਮਝੇ ਕਿ ਜਨਤਾ ਦੇ ਪ੍ਰਤੀ ਉਸ ਦੀ ਹੁਣ ਕੋਈ ਜ਼ਿੰਮੇਵਾਰੀ ਨਹੀਂ ਹੈ। ਜੇਕਰ ਕਿਤੇ ਵੀ ਕੋਈ ਕਮੀ ਜਾਂ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਹਰਿਆਣਾ ਦੇ ਮਾਣ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ। ਕਿਸੇ ਵੀ ਕੰਮ ਵਿਚ ਰਾਜਨੀਤੀ ਆਗੂਆਂ ਵੱਲੋਂ ਕੋਈ ਦਖਲ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਅਜਿਹਾ ਵਾਤਾਵਰਣ ਬਣਾਉਣ ਜਿਸ ਨਾਲ ਆਮ ਜਨਤਾ ਨੂੰ ਲੱਗੇ ਕਿ ਰਾਜਨੀਤੀ ਗੰਦੀ ਨਹੀਂ ਹੈ। ਮੁੱਖ ਮੰਤਰੀ ਨੇ ਇਹ ਗੱਲ ਅੱਜ ਸੋਨੀਪਤ ਵਿਚ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਕਹੀ। ਮੀਟਿੰਗ ਵਿਚ ਉਨ੍ਹਾਂ ਜ਼ਿਲ੍ਹੇ ਵਿਚ
ਚਲ ਰਹੀਆਂ ਵੱਖ ਵੱਖ ਵਿਕਾਸ ਯੋਜਨਾਵਾਂ ਦੀ ਜਾਣਕਾਰੀ ਲਈ ਅਤੇ ਲਟਕਦੀਆਂ ਵਿਕਾਸ ਯੋਜਨਾਵਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਪੇਂਡੂ ਵਿਕਾਸ ਅਥਾਰਿਟੀ ਦੇ ਅਧਿਕਾਰੀਆਂ ਨੇ ਮੀਟਿੰਗ ਵਿਚ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿਚ ਸਵੱਛ ਭਾਰਤ ਨਿਰਮਾਣ ਯੋਜਨਾ ਦੇ ਤਹਿਤ ਨੌ ਹਜ਼ਾਰ 488 ਪਖਾਨੇ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ ਅਤੇ ਇਨ੍ਹਾਂ ਵਿਚੋਂ 5,371 ਪਖਾਨੇ ਬਣਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ’ਤੇ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਪਖਾਨਿਆਂ ਦੀ ਜਾ ਕੇ ਜਾਂਚ ਕੀਤੀ ਜਾਵੇ ਕਿ ਉਹ ਸਾਰੇ ਚਾਲੂ ਹਨ ਜਾਂ ਉਨ੍ਹਾਂ ਸਾਰਿਆਂ ਦਾ ਕਿਸੇ ਕਮਰੇ ਦੇ ਤੌਰ ’ਤੇ ਵਰਤੋਂ ਕੀਤੀ ਜਾ ਰਹੀ ਹੈ। ਆਧਾਰ ਕਾਰਡਾਂ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਨਿਰਦੇਸ਼ ਦਿੱਤੇ ਕਿ ਅਜਿਹਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਕਿਸੇ ਵਿਅਕਤੀ ਦਾ ਜੇਕਰ ਪਹਿਲਾ ਕਾਰਡ ਬਣਿਆ ਹੈ ਤਾਂ ਉਹ ਦੁਬਾਰਾ ਨਾ ਬਣ ਸਕੇ ਅਤੇ ਪੁਰਾਣੀ ਐਂਟਰੀ ’ਤੇ ਹੀ ਨੰਬਰ ਮਿਲ ਸਕੇ।



