ਨਵੀਂ ਦਿੱਲੀ, 21 ਦਸੰਬਰ (ਪੀ. ਟੀ.)- ਕਰੀਬ ਦੋ ਦਹਾਕਿਆਂ ਤੱਕ ਕਾਂਗਰਸ ਪਾਰਟੀ ‘ਚ ਅਲੱਗ-ਅਲੱਗ ਅਹੁਦਿਆਂ ‘ਤੇ ਰਹਿਣ ਤੋਂ ਬਾਅਦ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਵਾਲੀ ਡੀ.ਯੂ. ਦੀ ਸਾਬਕਾ ਪ੍ਰਧਾਨ ਅਲਕਾ ਲਾਂਬਾ ਦੀ ਚੋਣ ਲੜਨ ਦੀ ਇੱਛਾ ‘ਤੇ ਪਾਰਟੀ ਵਲੋਂ ਮੋਹਰ ਲਗਾ ਦਿੱਤੀ ਗਈ ਹੈ। ਸਨਿੱਚਰਵਾਰ ਸ਼ਾਮ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਰੀ ਚੌਥੀ ਲਿਸਟ ‘ਚ ਅਲਕਾ ਲਾਂਬਾ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਉਨ੍ਹਾਂ ਨੂੰ ਚਾਂਦਨੀ ਚੌਕ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਸੂਚੀ ‘ਚ ਪਾਰਟੀ ਦੇ ਦੋ ਲੋਕ ਸਭਾ ਉਮੀਦਵਾਰਾਂ ਜਰਨੈਲ ਸਿੰਘ, ਦਵਿੰਦਰ ਸ਼ਹਿਰਾਵਤ ਅਤੇ ਦੋ ਸਾਬਕਾ ਵਿਧਾਇਕਾਂ ਦੇ ਨਾਮ ਸ਼ਾਮਲ ਹਨ। ‘ਆਪ‘ ਨੇ ਅਜੇ ਤੱਕ ਆਪਣੇ ਚਾਰ ਲੋਕ ਸਭਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਆਪ ਸਰਕਾਰ ਦੀ ਸਾਬਕਾ ਰਾਖੀ ਬਿੜਲਾ ਨੂੰ ਪਾਰਟੀ ਨੇ ਮੰਗੋਲਪੁਰੀ ਤੋਂ ਟਿਕਟ ਦਿੱਤੀ ਹੈ। ਰਾਖੀ ਨੇ ਪੂਰਬ ਉੱਤਰ ਦਿੱਲੀ ਤੋਂ ਲੋਕ ਸਭਾ ਚੋਣ ਲੜੀ ਸੀ। ਐੱਪਲ ਦੇ ਸਾਬਕਾ ਕਰਮਚਾਰੀ ਆਦਰਸ਼ ਸ਼ਾਸਤਰੀ ਨੂੰ ਦੁਆਰਕਾ ਤੋਂ ਟਿਕਟ ਦਿੱਤਾ ਗਿਆ ਹੈ।



