ਬਠਿੰਡਾ, 21 ਦਸੰਬਰ (ਪੀ. ਟੀ.)- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਇਲਜ਼ਾਮਬਾਜ਼ੀ ਕਾਰਨ ਨਾਨਕਸ਼ਾਹੀ ਕਲੰਡਰ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਜਥੇ. ਨੰਦਗੜ੍ਹ ਨੇ ਅੱਜ ਇੱਥੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ’ਤੇ ਇਸ ਮੁੱਦੇ ’ਤੇ ‘ਸਿੱਧੇ ਰਾਹ’ ਪੈਣ ਜਾਂ ਫਿਰ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ।ਅੱਜ ਇੱਥੇ ਇੱਕ ਰੇਡੀਓ ਵਾਰਤਾ ਦੌਰਾਨ ਸੰਨਸਨੀਖੇਜ਼ ਇਲਜ਼ਾਮ ਲਾਉਂਦੇ ਹੋਏ ਜਥੇਦਾਰ ਨੰਦਗੜ੍ਹ ਨੇ ਦੱਸਿਆ ਕਿ ਸੁਖਬੀਰ ਦੇ ਓ ਐਸ ਡੀ ਸਤਿੰਦਰਜੀਤ ਸਿੰਘ ਮੰਟਾ ਅਤੇ ਸਾਬਕਾ ਓ ਐਸ ਡੀ ਗੁਰਵਿੰਦਰ ਸਿੰਘ ਵੱਲੋਂ ਉਨ੍ਹਾਂ ਕੋਲ ਪਹੁੰਚ ਕਰਕੇ ਨਾਨਕਸ਼ਾਹੀ ਕਲੰਡਰ ਦੀ ਹਿਮਾਇਤ ਕਰਨ ਜਾਂ ਫਿਰ ਅਸਤੀਫਾ ਦੇਣ ਲਈ
ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਇੱਕ ਖਾਸ ਦਿਸ਼ਾ ਵਿੱਚ ਤੁਰਨ ਲਈ ਆਖਿਆ ਜਾ ਰਿਹਾ ਹੈ। ਜਥੇਦਾਰ ਨੰਦਗੜ੍ਹ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਉਹ ਨਾਨਕਸ਼ਾਹੀ ਕਲੰਡਰ ਨੂੰ ਬਿਕਰਮੀ ਕਲੰਡਰ ਵਿੱਚ ਬਦਲਣ ਦਾ ਹਰ ਤਰ੍ਹਾਂ ਨਾਲ ਵਿਰੋਧ ਕਰਨਗੇ। ਇਸ ਮੁੱਦੇ ਉੱਪਰ ਦੂਸਰੀ ਧਿਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਦੂਸਰੇ ਪਾਸੇ ਸੰਤ ਸਮਾਜ ਨਾਨਕਸ਼ਾਹੀ ਕਲੰਡਰ ਵਿੱਚ ਨਵੀਆਂ ਸੋਧਾਂ ਲਈ ਲਗਾਤਾਰ ਦਬਾਅ ਬਣਾ ਰਿਹਾ ਹੈ।



