ਚੰਡੀਗੜ੍ਹ, 21 ਦਸੰਬਰ (ਪੀ. ਟੀ.)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਬਹੁ-ਚਰਚਿਤ ਡਰੱਗ ਕੇਸ ਵਿਚ ਤਲਬ ਕੀਤੇ ਗਏ ਸੂਬੇ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠਾ ਨੂੰ ਚਾਹੀਦਾ ਹੈ ਕਿ ਉਹ ਇਸੇ ਕੇਸ ਵਿਚ ਸੈਰ ਸਪਾਟਾ ਮੰਤਰੀ ਸਵਰਨ ਸਿੰਘ ਫਿਲੌਰ ਵਲੋਂ ਕਾਇਮ ਕੀਤੀ ਗਈ ਮਿਸਾਲ ਨੂੰ ਸਾਹਮਣੇ ਰੱਖਦਿਆਂ ਆਪਣਾ ਅਸਤੀਫਾ ਦੇਣ ਤੋਂ ਬਾਅਦ ਹੀ 26 ਦਸੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ।ਮਨਪ੍ਰੀਤ ਬਾਦਲ ਨੇ ਅੱਜ ਇੱਥੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਕਿਹਾ, ਜੇ ਬਿਕਰਮ ਮਜੀਠੀਆ ਇਸ ਕੇਸ ਵਿਚ ਬੇਕਸੂਰ ਹੈ ਅਤੇ ਉਸ ਨੂੰ ਰਾਜਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਈਡੀ ਨੂੰ ਇਸ ਕੇਸ ਦੀ ਜਾਂਚ ਵਿਚ ਇੱਕ ਆਮ ਨਾਗਰਿਕ ਬਣ ਕੇ ਸਹਿਯੋਗ ਦੇਵੇ। ਜੇ ਉਸ ਨੂੰ ਇਸ ਕੇਸ ਵਿਚ ਕਲੀਨ ਚਿੱਟ ਮਿਲ ਜਾਂਦੀ ਹੈ ਤਾਂ ਬਿਕਰਮ ਮਜੀਠੀਆ ਨੂੰ ਮੁੜ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦੀ ਕੋਈ ਦਿੱਕਤ ਨਹੀਂ ਹੋਣੀ ਕਿਉਂਕਿ ਉਹ ਬਾਦਲ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ
ਹਨ।? ਉਨ੍ਹਾਂ ਨੇ ਕਿਹਾ ਕਿ ਸਵਰਨ ਸਿੰਘ ਫਿਲੌਰ ਦੇ ਬੇਟੇ ਦਮਨਦੀਪ ਸਿੰਘ ਦਾ ਨਾਮ ਇਸ ਕੇਸ ਵਿਚ ਆ ਜਾਣ ਕਾਰਨ ਉਸ ਨੇ ਅਸਤੀਫਾ ਦੇ ਦਿੱਤਾ ਸੀ ਜਦੋਂ ਕਿ ਬਿਕਰਮ ਮਜੀਠੀਆ ਦਾ ਨਾਮ ਤਾਂ ਖੁਦ ਹੀ ਇਸ ਕੇਸ ਵਿਚ ਆ ਗਿਆ ਹੈ ਅਤੇ ਇਹ ਨਾਮ ਕਿਸੇ ਹੋਰ ਨੇ ਨਹੀਂ ਸਗੋਂ ਡਰੱਗ ਕੇਸ ਦੇ ਸਰਗਨੇ ਜਗਦੀਸ਼ ਭੋਲਾ ਨੇ ਅਦਾਲਤ ਵਿਚ ਆਪਣੀ ਇੱਕ ਪੇਸ਼ੀ ਦੌਰਾਨ ਖੁਦ ਲਿਆ ਹੈ। ਪੀਪੀਪੀ ਮੁਖੀ ਨੇ ਕਿਹਾ ਕਿ ਆਮ ਲੋਕਾਂ ਵਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਸ ਕੇਸ ਵਿਚ ਸੂਬੇ ਦੇ ਸਭ ਤੋਂ ਤਾਕਤਵਰ ਮੰਤਰੀ ਅਤੇ ਬਾਦਲ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਹੋਣ ਕਾਰਨ ਇਨਫੋਰਸਮੈਂਟ ਡਾਇਰੈਕਟੋਰੇਟ ਉਸ ਵੇਲੇ ਤੱਕ ਨਿਰਪੱਖ ਤੇ ਆਜ਼ਾਦ ਜਾਂਚ ਨਹੀਂ ਕਰ ਸਕੇਗਾ ਜਦੋਂ ਤੱਕ ਬਿਕਰਮ ਮਜੀਠੀਆ ਖੁਦ ਕੈਬਨਿਟ ਮੰਤਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਉਤੇ ਬਹੁਤ ਹੀ ਦੂਰਦਰਸ਼ੀ ਪ੍ਰਭਾਵ ਪਾਉਣ ਵਾਲੇ ਇਸ ਕੇਸ ਦੀ ਨਿਰਪੱਖ ਜਾਂਚ ਲਈ ਇਹ ਜ਼ਰੂਰੀ ਹੈ ਕਿ ਬਿਕਰਮ ਮਜੀਠੀਆ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਜਾਂਚ ਅਧਿਕਾਰੀਆਂ ਉਤੇ ਕੋਈ ਮਾਨਸਿਕ ਦਬਾਅ ਨਾ ਰਹੇ ਅਤੇ ਕਾਨੂੰਨ ਆਪਣਾ ਕੰਮ ਬੇਖ਼ੌਫ ਹੋ ਕੇ ਕਰ ਸਕੇ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਬਹੁਤ ਹੀ ਖ਼ਤਰਨਾਕ ਹੱਦ ਤੱਕ ਪਹੁੰਚ ਗਈ ਹੈ ਅਤੇ ਸੂਬਾ ਸਰਕਾਰ ਵਲੋਂ ਇਸ ਖ਼ਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਕੋਈ ਇੱਕ ਵੀ ਵੱਡਾ ਨਸ਼ਾ ਤਸਕਰ ਨਹੀਂ ਫੜ੍ਹਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਹੋ ਰਹੇ ਕਾਰੋਬਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੰਭੀਰ ਨੋਟਿਸ ਲਿਆ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਜਗਦੀਸ਼ ਸਿੰਘ ਭੋਲਾ ਨੇ ਸੂਬੇ ਵਿਚ ਹੋ ਰਹੇ 6 ਹਜ਼ਾਰ ਕਰੋੜ ਰੁਪਏ ਦੇ ਉਨ੍ਹਾਂ ਨਸ਼ਿਆਂ ਦੇ ਕਾਰੋਬਾਰ ਨੂੰ ਨੰਗਾ ਕੀਤਾ ਹੈ ਜਿਹੜੇ ਬਾਹਰੋਂ ਨਹੀਂ ਆਉਂਦੇ ਸਗੋਂ ਸੂਬੇ ਵਿਚ ਹੀ ਬਣਾਏ ਜਾਂਦੇ ਹਨ।
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨਾਲ ਪੰਜਾਬ ਦੀ ਜਵਾਨੀ ਤੇ ਭਵਿੱਖ ਦਾ ਡੂੰਘਾ ਸਬੰਧ ਹੈ। ਇਸ ਲਈ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਤੋਂ ਆਉਂਦੀ ਹੈਰੋਇਨ ਪੰਜਾਬ ਰਾਹੀਂ ਹੋਰਨਾਂ ਸੂਬਿਆਂ ਤੇ ਮੁਲਕਾਂ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਇਮਾਨਦਾਰੀ ਤੇ ਪੇਸ਼ੇਵਾਰਨਾ ਢੰਗ ਨਾਲ ਕੀਤੀ ਜਾਣ ਵਾਲੀ ਜਾਂਚ ਹੀ ਨਸ਼ਿਆਂ ਦੇ ਇਸ ਕਾਰੋਬਾਰ ਤੋਂ ਪਰਦਾ ਹਟਾ ਸਕਦੀ ਹੈ ਅਤੇ ਅਜਿਹੀ ਜਾਂਚ ਲਈ ਜ਼ਰੂਰੀ ਹੈ ਕਿ ਮਜੀਠੀਆ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜਾਂਚ ਵਿਚ ਸਹਿਯੋਗ ਕਰਨ।’



