Skip to content
Independent perspectives. Global stories.
BREAKING

ਸੂਏ ਵਿੱਚ ਗੱਡੀ ਡਿੱਗਣ ਕਾਰਨ ਸਟਾਫ਼ ਨਰਸ ਦੀ ਮੌਤ

Share this story

ਰਾਮਪੁਰਾ ਫੂਲ, 17 ਦਸੰਬਰ (ਜੋਸਫ਼)- ਸਟਾਫ਼ ਨਰਸ ਕਿਰਨਜੀਤ ਕੌਰ ਦਾ ਪਾਣੀ ਵਿੱਚ ਡੁੱਬਣ ਤੋਂ ਬਚਣ ਲਈ ਕੀਤਾ ਯਤਨ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ। ਬੀਤੀ ਰਾਤ ਹੋਏ ਇਸ ਹਾਦਸੇ ਤੋਂ ਬਾਅਦ ਕਿਰਨਜੀਤ ਕੌਰ ਦੀ ਲਾਸ਼ ਅੱਜ ਬਾਅਦ ਦੁਪਹਿਰ ਪਿੰਡ ਕੋਟਸ਼ਮੀਰ ਦੇ ਨੇੜਿਓਂ ਬਰਾਮਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਪਿੰਡ ਆਲੀਕੇ ਦੀ ਰਹਿਣ ਵਾਲੀ ਗਰਭਵਤੀ ਅਮਰਜੀਤ ਕੌਰ ਨੂੰ ਜਣੇਪੇ ਲਈ ਪਿੰਡ ਕਰਾੜਵਾਲਾ ਸਥਿਤ ਮਿੰਨੀ ਪੀ.ਐਚ.ਸੀ. ਵਿਖੇ ਲੈ ਜਾਇਆ ਜਾ ਰਿਹਾ ਸੀ। ਇਸ ਦੌਰਾਨ ਕਿਰਨਜੀਤ ਕੌਰ ਸਮੇਤ ਅਮਰਜੀਤ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਉਨ੍ਹਾਂ ਸਾਰਿਆਂ ਨੂੰ ਲੈ ਕੇ ਆ ਰਹੀ ਟਵੇਰਾ ਗੱਡੀ ਜਿਉਂ ਹੀ ਪਿੰਡ ਕਰਾੜਵਾਲਾ ਦੇ ਕੋਤਰੀ ਵਾਲਾ ਪੁਲ ਦੇ ਨਜ਼ਦੀਕ ਪੁੱਜੀ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਸੂਏ ਵਿੱਚ ਡਿੱਗ ਪਈ। ਗੱਡੀ ਦੇ ਡਰਾਇਵਰ ਕੁਲਦੀਪ ਸਿੰਘ ਨੇ ਸਾਰੀਆਂ ਸਵਾਰੀਆਂ ਨੂੰ ਗੱਡੀ ਵਿੱਚ ਹੀ ਬੈਠੇ ਰਹਿਣ ਦੀ ਹਦਾਇਤ ਕਰਕੇ ਖੁਦ ਬਾਹਰ ਆ ਕੇ ਪਿੰਡ ਕਰਾੜਵਾਲਾ ਵਿੱਚ ਮੁਨਿਆਦੀ ਕਰਵਾਈ। ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਨੇ ਗੱਡੀ ਵਿੱਚ ਸਵਾਰ ਬਾਕੀ ਸਵਾਰੀਆਂ ਨੂੰ ਬਾਹਰ ਕੱਢ ਲਿਆ ਜਦਕਿ ਕਿਰਨਜੀਤ ਇਸ ਦੌਰਾਨ ਪਾਣੀ ਵਿੱਚ ਵਹਿ ਚੁੱਕੀ ਸੀ। ਡਰਾਈਵਰ ਕੁਲਦੀਪ ਨੇ ਦੱਸਿਆ ਕਿ ਉਸਦੇ ਗੱਡੀ ਵਿੱਚ ਨਿਕਲਣ ਤੋਂ

ਤੁਰੰਤ ਬਾਅਦ ਕਿਰਨਜੀਤ ਨੇ ਵੀ ਬਾਹਰ ਨਿਕਲਣ ਦਾ ਯਤਨ ਕੀਤਾ ਪਰ ਉਹ ਪਾਣੀ ਦਾ ਵਹਾਅ ਦਾ ਸਾਹਮਣਾ ਨਾ ਕਰ ਸਕੀ। ਉਸ ਮੁਤਾਬਿਕ ਉਸ ਨੇ ਕਿਰਨਜੀਤ ਨੂੰ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਅੱਜ ਬਾਅਦ ਦੁਪਹਿਰ ਕਿਰਨਜੀਤ ਕੌਰ ਦੀ ਲਾਸ਼ ਪਿੰਡ ਕੋਟਸ਼ਮੀਰ ਦੇ ਨੇੜਿਓਂ ਬਰਾਮਦ ਹੋ ਗਈ। ਜਾਣਕਾਰੀ ਮੁਤਾਬਿਕ ਕਿਰਨਜੀਤ ਦੋ ਜੁੜਵਾਂ ਬੱਚੀਆਂ ਦੀ ਮਾਂ ਸੀ। ਇਸ ਦੌਰਾਨ ਇਸ ਹਾਦਸੇ ਦਾ ਸ਼ਿਕਾਰ ਹੋਈ ਗਰਭਵਤੀ ਅਮਰਜੀਤ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਸ ਸਮੇਤ ਹਾਦਸੇ ਦੇ ਬਾਕੀ ਸਾਰੇ ਪੀੜਿਤ ਠੀਕ-ਠਾਕ ਹਨ। ਉਕਤ ਪਰਿਵਾਰ ਨੇ ਪਿੰਡ ਕਰਾੜਵਾਲਾ ਵਾਸੀਆਂ ਅਤੇ ਸਹਾਰਾ ਗਰੁੱਪ ਰਾਮਪੁਰਾ ਅਤੇ ਢੱਡੇ ਦੇ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਠੰਡ ਦੇ ਮੌਸਮ ਦੀ ਪਰਵਾਹ ਨਾ ਕਰਦਿਆਂ ਰਾਤ ਤੋਂ ਲੈ ਕੇ ਹੀ ਯਤਨ ਕਰਕੇ ਉਨ੍ਹਾਂ ਦੇ ਪਰਿਵਾਰ ਸਮੇਤ ਬਾਕੀਆਂ ਨੂੰ ਬਚਾਅ ਲਿਆ। ਉਨ੍ਹਾਂ ਸਟਾਫ਼ ਨਰਸ ਕਿਰਨਜੀਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

WRITTEN BY