ਚੰਡੀਗੜ੍ਹ, 16 ਦਸੰਬਰ (ਨਾਗਪਾਲ)– ਹਰਿਆਣਾ ਦੇ ਟਰਾਂਸਪੋਰਟ ਰਾਜ ਮੰਤਰੀ ਕਰਣ ਦੇਵ ਨੇ ਕਿਹਾ ਕਿ ਰਾਜ ਟਰਾਂਸਪੋਰਟ ਦੀਆਂ ਬੱਸਾਂ ਵਿਚ ਹੁਣ ਕੰਡਕਟਰ ਬਕਾਇਆ ਰਕਮ ਦੇ ਬਦਲੇ ਯਾਤਰੀਆਂ ਨੂੰ ਟੋਫੀਆਂ ਨਹਂੀਂ ਦੇਵੇਗਾ । ਬਕਾਇਆ ਰਕਮ ਦੇ ਬਦਲੇ ਟੋਫੀ ਦੇਣ ’ਤੇ ਕੰਡਕਟਰ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਕੰਬੋਜ ਨੇ ਇਸ ਸਬੰਧ ਵਿਚ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਇਸ ਬਾਰੇ ਵਿਚ ਟਰਾਂਸਪੋਰਟ ਵਿਭਾਗ ਦੇ ਸਾਰੇ ਜਿਲਾ ਮਹਾਪ੍ਰਬੰਧਕਾਂ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਇਹ ਵੀ ਪਾਇਆ ਗਿਆ ਹੈ ਕਿ ਹਰਿਆਣਾ ਟਰਾਂਸਪੋਰਟ ਦੀਆਂ ਬੱਸਾਂ ਵਿਚ ਕੰਡਕਟਰ ਯਾਤਰੀਆਂ ਨੂੰ ਇਕ-ਦੋ ਰੁਪਏ ਦੀ ਬਕਾਇਆ ਰਕਮ ਵਾਪਿਸ ਕਰਨ ਦੀ ਬਜਾਏ ਟੋਫੀਆਂ ਦੇ ਦਿੰਦੇ ਹਨ, ਜੋ ਕਿ ਗਲਤ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਬੱਸ ਡਰਾਇਵਰ ਪ੍ਰਾਇਵੇਟ ਹੋਟਲਾਂ ’ਤੇ ਬੱਸਾਂ ਨੂੰ ਰੋਕਦੇ ਹਨ, ਜਿਸ ਨਾਲ ਯਾਤਰੀਆਂ ਨੂੰ ਉਥੇ ਖਾਣਾ ਲੈਣਾ ਪੈਂਦਾ ਹੈ । ਇਸ ਨਾਲ ਬਿਮਾਰੀ ਫੈਲਣ ਦੇ ਆਸਾਰ ਬਣੇ ਰਹਿੰਦੇ ਹਨ।



