Skip to content
Independent perspectives. Global stories.
BREAKING

ਪੰਜਾਬ ਪੁਲਿਸ ਦੇ 1300 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਚ ਰੈਂਕ ਪ੍ਰਦਾਨ

Share this story

ਜਲੰਧਰ, 29 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇਥੇ ਪੀ. ਏ. ਪੀ ਕੰਪਲੈਕਸ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 1300 ਅਧਿਕਾਰੀਆਂ/ਕਰਮਚਾਰੀਆਂ ਨੂੰ ਜੀਵਨ ਭਰ ਯਾਦ ਰਹਿਣ ਯੋਗ ਇਕ ਤੋਹਫ਼ਾ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਅਗਲੇ ਰੈਂਕ ਵਿਚ ਤਰੱਕੀ ਦੇ ਸਟਾਰ ਲਾਏ ਗਏ। ਯਾਦ ਰਹੇ ਕਿ ਸਤੰਬਰ 2011 ਵਿਚ ਵੀ ਸ: ਬਾਦਲ ਨੇ ਪੰਜਾਬ ਪੁਲਿਸ ਦੇ 5199 ਕਰਮਚਾਰੀਆਂ ਨੂੰ ਸਮੂਹਿਕ ਤਰੱਕੀ ਦੇ ਕੇ ਪਦ ਉਨਤੀਆਂ ਵਿਚ ਆਈ ਖੜੋਤ ਨੂੰ ਦੂਰ ਕਰਦਿਆਂ ਇਕ ਨਵਾਂ ਇਤਿਹਾਸ ਸਿਰਜਿਆ ਸੀ।
punjab-police
ਸ੍ਰ. ਬਾਦਲ ਨੇ ਪੰਜਾਬ ਪੁਲਿਸ ਫੋਰਸ ਵਿਚ ਸ਼ਾਨਦਾਰ ਢੰਗ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਲਗਨ ਸਦਕਾ ਪੰਜਾਬ ਪੁਲਿਸ ਪਿਛਲੇ ਕੁਝ ਸਾਲਾਂ ਤੋਂ ਮੁਲਕ ਦੀ ਬਿਹਤਰੀਨ ਪੁਲਿਸ ਬਣੀ ਹੈ ਜਿਸ ਨੇ ਸੂਬੇ ਅਤੇ ਦੇਸ਼ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸ਼ਾਨਦਾਰ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਵਿਭਾਗ ਹੈ ਜਿਸ  ਵੱਲੋਂ ਪੁਲਿਸ ਫੋਰਸ ਨੂੰ ਆਧੁਨਿਕ ਬਣਾਇਆ ਗਿਆ ਹੈ ਤਾਂ ਜੋ ਸਾਰੀਆਂ ਸਥਿਤੀਆਂ ਨਾਲ ਨਿਪਟਣ ਦੇ ਕਾਬਲ ਬਣਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀ ਸਭ ਤੋਂ ਵੱਧ ਪੇਸ਼ੇਵਰ ਫੋਰਸ ਵੱਲੋਂ ਜਾਣੀ ਜਾਂਦੀ ਹੈ ਜਿਸ ਨੇ ਅੱਤਵਾਦ ਦੇ ਲੰਬੇ ਦੌਰ ਦੌਰਾਨ ਅਮਨ-ਸ਼ਾਂਤੀ ਦੀ ਬਹਾਲੀ ਲਈ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨਾਂ ਸਾਲਾਂ ਦੌਰਾਨ ਪੁਲਿਸ ਵਿਭਾਗ ਵਿਚ ਵੱਖ-ਵੱਖ ਪੱਧਰ ‘ਤੇ 20,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ ਅਤੇ ਹਰੇਕ ਪੱਧਰ ‘ਤੇ ਰਿਕਾਰਡ ਤਰੱਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 65 ਸਾਲਾਂ ਦੌਰਾਨ ਪਹਿਲੀ ਵਾਰ ਹਰੇਕ ਵਰਗ ਲਈ ਸਰਵਿਸ ਨਿਯਮ ਬਣਾਏ ਗਏ ਹਨ ਅਤੇ ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ ਵਧੀਆ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਪੂਰੇ ਦੇਸ਼ ਅੰਦਰ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਭ ਤੋਂ ਵੱਧ ਤਨਖਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਆਧੁਨਿਕ ਅਤੇ ਸੰਗਠਿਤ ਬਣਾਉਣ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਈ ਅੱਤਵਾਦ, ਸਮੱਗਲਿੰਗ, ਨਸ਼ਿਆਂ ਦੀ ਤਸਕਰੀ, ਸਾਈਬਰ ਕ੍ਰਾਈਮ ਅਤੇ ਸਟਰੀਟ ਕ੍ਰਾਈਮ ਆਦਿ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਦੋਸਤਾਨਾ ਮਾਹੌਲ ਸਿਰਜਣ ਲਈ ਕਮਿਊਨਟੀ ਪੁਲਿਸਿੰਗ ਵਰਗੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਨਾਈਟ ਪੁਲਿਸਿੰਗ ਟੀਮਾਂ, ਸਾਂਝ ਕੇਂਦਰਾਂ, ਮਹਿਲਾ ਹੈਲਪ ਲਾਈਨ, ਮਹਿਲਾ ਹਥਿਆਰਬੰਦ ਵਿਸ਼ੇਸ਼ ਸੁਰੱਖਿਆ ਦਸਤੇ, ਜਿਣਸੀ ਸ਼ੋਸ਼ਣ ਰਿਸਪਾਂਸ ਟੀਮ, ਮਹਿਲਾ ਪੁਲਿਸ ਥਾਣਾ, ਐਨ. ਆਰ. ਆਈ.ਪੁਲਿਸ ਸਟੇਸ਼ਨ ਆਦਿ ਸਰਕਾਰ ਦੇ ਸ਼ਲਾਘਾਯੋਗ ਉਪਰਾਲੇ ਹਨ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਸ੍ਰੀ ਸੁਮੈਧ ਸਿੰਘ ਸੈਣੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦੇਣ ਲਈ ਦੇਸ਼ ਅੰਦਰ ਤੇਜ਼ੀ ਦੀ ਪ੍ਰਕਿਰਿਆ ਨੂੰ ਅਪਣਾਇਆ ।
ਸ੍ਰ. ਬਾਦਲ ਨੇ ਪੰਜਾਬ ਪੁਲਿਸ ਦੇ ਮਾਨਵੀ ਚਿਹਰੇ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਪੁਲਿਸ ਅਤੇ ਪੜਤਾਲ ਦੀਆਂ ਵਿਗਿਆਨਿਕ ਤਕਨੀਕਾਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਮਿਊਨਟੀ ਪੁਲਿਸ ਤਹਿਤ 153 ਸਾਂਝ ਕੇਂਦਰ ਰਾਜ ਅੰਦਰ ਕੰਮ ਕਰ ਰਹੇ ਹਨ ਅਤੇ ਅਗਲੇ 2 ਸਾਲਾਂ ਵਿਚ 87 ਕਰੋੜ ਰੁਪਏ ਦੀ ਲਾਗਤ ਨਾਲ 300 ਹੋਰ ਸਾਂਝ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਾਂਝ ਕੇਂਦਰਾਂ ਨੂੰ ਵੱਖਰਾ ਕੇਡਰ ਬਣਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ 2000 ਤੋਂ ਵੱਧ ਵੱਖ-ਵੱਖ ਪੱਧਰ ‘ਤੇ ਪੁਲਿਸ ਅਧਿਕਾਰੀਆਂ ਨੂੰ ਭਰਤੀ ਕੀਤਾ ਗਿਆ ਹੈ ਅਤੇ 2000 ਮਹਿਲਾ ਕਾਂਸਟੇਬਲ ਭਰਤੀ ਕੀਤੇ ਗਏ ਹਨ।
ਸ੍ਰ. ਬਾਦਲ ਨੇ ਐਨ. ਆਰ. ਆਈ.ਪੁਲਿਸ ਵਿੰਗ ਨੂੰ ਵੱਖਰਾ ਕੇਡਰ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਕੈਬਨਿਟ ਵੱਲੋਂ ਜਲਦੀ ਹੀ ਇਸ ਵਿਸ਼ੇਸ਼ ਵਿੰਗ ਨੂੰ ਏ. ਡੀ. ਜੀ. ਪੀ. ਜਾਂ ਆਈ. ਜੀ. (ਐਨ. ਆਰ. ਆਈ.ਮਾਮਲੇ) ਦੇ ਅਧੀਨ ਵੱਖਰੇ ਤੌਰ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾਈਟ ਪੁਲਸਿੰਗ ਦੇ ਕੰਮ ਕਾਜ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਸਾਰੇ ਰਾਜ ਪੰਜਾਬ ਦੇ ਇਸ ਉਪਰਾਲੇ ਨੂੰ ਰੋਲ ਮਾਡਲ ਵਜੋਂ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿਚ ਜ਼ੁਰਮ ਨੂੰ ਨਕੇਲ ਪਾਉਣ ਦੇ ਮਕਸਦ ਨਾਲ 20 ਮਿੰਟ ਵਿਚ ਪੁਲਿਸ ਸਹਾਇਤਾ ਪਹੁੰਚਾਉਣ ਲਈ ‘ਰੂਰਲ ਰੈਪਿਡ ਪੁਲਿਸ ਰਿਸਪੌਂਸ ਸਿਸਟਮ’ ਲਾਗੂ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿਚ ਸੇਫ ਸਿਟੀ ਪ੍ਰੋਜੈਕਟ, ਸੀਨੀਅਰ ਸਿਟੀਜ਼ਨ ਹੈਲਪਲਾਈਨ ਅਤੇ ਐਨ. ਆਰ. ਆਈ. ਹੈਲਪ ਲਾਈਨ ਜਲਦੀ ਹੀ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਂਸਟੇਬਲਾਂ ਲਈ ਹਾਊਸ ਰੈਂਟ ਅਤੇ 5 ਲੱਖ ਐਕਸਗ੍ਰੇਸ਼ੀਆ ਗਰਾਂਟ ਵਰਗੇ ਭਲਾਈ ਦੇ ਕਦਮ ਉਠਾਏ ਗਏ ਹਨ ਅਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ ਉਨ੍ਹਾਂ ਦੀਆਂ ਬੇਟੀਆਂ ਦੀ ਸ਼ਾਦੀ ਮੌਕੇ 1 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।
ਸ੍ਰੀ ਸੁਮੇਧ ਸੈਣੀ ਡੀ. ਜੀ. ਪੀ ਨੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਸਾਰੂ ਸੋਚ ਸਕਦਾ ਪੁਲਿਸ ਫੋਰਸ ਨੂੰ ਪ੍ਰੇਰਣਾਦਾਇਕ ਬਣਾਇਆ ਜਾ ਰਿਹਾ ਹੈ । ਉਨ੍ਹਾਂ ਵਾਅਦਾ ਕੀਤਾ ਕਿ ਉਪ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੀ ਕਾਰਜਸ਼ੀਲਤਾ ਨੂੰ ਅਸਲੀਅਤ ਵਿਚ ਬਦਲਿਆ ਜਾ ਰਿਹਾ ਹੈ।
ਉਪ ਮੁੱਖ ਮੰਤਰੀ ਵੱਲੋਂ 39 ਡੀ. ਐਸ. ਪੀਜ਼. ਨੂੰ ਐਸ. ਪੀ, 136 ਇੰਸਪੈਕਟਰਾਂ ਨੂੰ ਡੀ. ਐਸ. ਪੀ., 246 ਸਬ ਇੰਸਪੈਕਟਰਾਂ ਨੂੰ ਇੰਸਪੈਕਟਰ, 305 ਏ. ਐਸ. ਆਈਜ਼. ਨੂੰ ਸਬ ਇੰਸਪੈਕਟਰ ਅਤੇ 271 ਹੈਡ ਕਾਂਸਟੇਬਲਾਂ ਨੂੰ ਏ. ਐਸ. ਆਈ. ਵਜੋਂ ਤਰੱਕੀ ਦਿੰਦਿਆਂ ਉਨ੍ਹਾਂ ਨੂੰ ਸਟਾਰ ਲਗਾਏ। ਉਪ ਮੁੱਖ ਮੰਤਰੀ ਨੇ ਅਗਲੇ ਦੋ ਦਿਨਾਂ ਦੌਰਾਨ 300 ਹੋਰ ਹੈਡ ਕਾਂਸਟੇਬਲਾਂ ਨੂੰ ਤਰੱਕੀ ਦੇ ਕੇ ਏ.ਐਸ.ਆਈ ਬਣਾਉਣ ਦਾ ਐਲਾਨ ਕੀਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਈ ਟ੍ਰਿਪਿੰਗ ਨੂੰ ਲਾਗੂ ਕਰਨ ਅਤੇ ਮਾਲੀਆ ਇਕੱਠਾ ਕਰਨ ਲਈ ਸਮੂਹਿਕ ਫੈਸਲੇ ਕਾਨੂੰਨ ਅਨੁਸਾਰ ਮੰਤਰੀ ਮੰਡਲ ਵਿਚ ਲਏ ਜਾਂਦੇ ਹਨ।
ਇਸ ਮੌਕੇ ਸ੍ਰੀ ਡੀ. ਐਸ. ਬੈਂਸ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ, ਸ੍ਰੀ ਕੇ. ਡੀ. ਭੰਡਾਰੀ , ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਅਵਿਨਾਸ਼ ਚੰਦਰ (ਤਿੰਨੋਂ ਮੁੱਖ ਸੰਸਦੀ ਸਕੱਤਰ), ਸ੍ਰ. ਪ੍ਰਗਟ ਸਿੰਘ, ਸ੍ਰ. ਗੁਰਪ੍ਰਤਾਪ ਸਿੰਘ ਵਡਾਲਾ (ਦੋਨੋਂ ਵਿਧਾਇਕ), ਸ੍ਰ. ਗੁਰਦੇਵ ਸਿੰਘ ਸਹੋਤਾ ਏ. ਡੀ. ਜੀ. ਪੀ. (ਪੀ. ਏ. ਪੀ), ਸ੍ਰੀ ਆਰ. ਵੈਂਕਟਾਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ, ਸ੍ਰੀਮਤੀ ਸ਼ਰੂਤੀ ਸਿੰਘ ਡਿਪਟੀ ਕਮਿਸ਼ਨਰ ਜਲੰਧਰ, ਸ੍ਰੀ ਸੁਨੀਲ ਜੋਤੀ ਮੇਅਰ ਨਗਰ ਨਿਗਮ ਜਲੰਧਰ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਬਹੁਤ ਸਾਰੇ ਅਧਿਕਾਰੀ ਹਾਜ਼ਰ ਸਨ।

WRITTEN BY