ਪੰਜਾਬ ਨੂੰ ਪੀ.ਐਮ.ਏ.ਜੀ.ਵਾਈ. ਯੋਜਨਾ ’ਚ ਸ਼ਾਮਿਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਵਾਂਗੇ
ਜਲੰਧਰ/ਚੰਡੀਗੜ੍ਹ, 3 ਦਸੰਬਰ- ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਨਵਰੀ 2015 ਤੋਂ ਐਸ.ਸੀ. ਅਤੇ ਬੀ.ਸੀ. ਵਰਗ ਨਾਲ ਸੰਬੰਧਿਤ ਬੇਟੀਆਂ ਦੇ ਵਿਆਹ ਤੋਂ 15 ਦਿਨ ਪਹਿਲਾਂ ਉਨ੍ਹਾਂ ਨੂੰ ਸ਼ਗਨ ਮੁਹੱਈਆ ਕਰਵਾਇਆ ਜਾਵੇਗਾ। ਇਹ ਅਹਿਮ ਫੈਸਲਾ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਮਾਜਿਕ ਸੁਰੱਖਿਆ, ਵਿਤ ਅਤੇ ਸਮਾਜ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ ਗਿਆ। ਸ. ਬਾਦਲ ਨੇ ਸਕੱਤਰ ਸਮਾਜ ਭਲਾਈ ਸ੍ਰੀਮਤੀ ਸੀਮਾ ਜੈਨ ਨੂੰ ਹਿਦਾਇਤ ਦਿੱਤੀ ਕਿ ਉਹ ਸ਼ਗਨ ਯੋਜਨਾ ਨੂੰ ਆਸਾਨ ਤੇ ਰੁਕਾਵਟ ਰਹਿਤ ਬਣਾਉਣ ਲਈ ਦਸਤਾਵੇਜ਼ਾਂ ਦਾ ਸਵੈ-ਤਸਦੀਕ ਅਤੇ ਸਵੈ-ਘੋਸ਼ਣਾ ਪ੍ਰਣਾਲੀ ਦੀ ਵਰਤੋਂ ਕਰਨ। ਇਕ ਮਾਮਲੇ ’ਚ ਹੀ ਦੋਹਰਾ ਲਾਭ ਲੈਣ ਦੇ ਮਾਮਲਿਆਂ ਨੂੰ ਨਜਿੱਠਣ ਲਈ ਸ. ਬਾਦਲ ਨੇ ਵਿਭਾਗ ਨੂੰ ਸੁਝਾਅ ਦਿੱਤਾ ਕਿ ਚੋਣਵੇਂ ਮਾਮਲਿਆਂ ਦੀ ਦੋਹਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ’ਤੇ ਸੰਬੰਧਿਤ ਵਿਅਕਤੀ ਨੂੰ ਦੁਗਣਾ ਜ਼ੁਰਮਾਨਾ ਅਤੇ ਹੋਰ ਸਜ਼ਾ ਦਾ
ਪ੍ਰਬੰਧ ਕੀਤਾ ਜਾਵੇ।
ਰਾਜ ਅੰਦਰ ਘੱਟਗਿਣਤੀ ਅਤੇ ਐਸ.ਸੀ ਤੇ ਬੀ.ਸੀ ਵਿਦਿਆਰਥੀਆਂ ਲਈ ਚੱਲ ਰਹੀਆਂ ਭਲਾਈ ਯੋਜਨਾਵਾਂ ਦੀ ਪੜਚੋਲ ਕਰਦਿਆਂ ਉਪ ਮੁੱਖ ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਿੱਖਿਆ ਵਿਭਾਗ ਨਾਲ ਮੀਟਿੰਗ ਕਰਕੇ ਹਰੇਕ ਵਿਦਿਅਕ ਸੰਸਥਾ ਦੇ ਮੁਖੀ ਨੂੰ ਹਦਾਇਤ ਜਾਰੀ ਕਰਨ ਲਈ ਕਿਹਾ ਹੈ ਕਿ ਉਹ ਦਸਵੀਂ ਜਮਾਤ ਤੋਂ ਪਹਿਲਾਂ ਅਤੇ ਉਚੇਰੀ ਪੜ੍ਹਾਈ ਲਈ ਚੱਲ ਰਹੀਆਂ ਵਜ਼ੀਫਾ ਯੋਜਨਾਵਾਂ ਤਹਿਤ ਮਾਮਲੇ ਸਮੇਂ ਸਿਰ ਵਿਭਾਗ ਤੱਕ ਪਹੁੰਚਦੇ ਯਕੀਨੀ ਬਨਾਉਣ। ਉਨ੍ਹਾਂ ਵਿਭਾਗ ਨੂੰ ਹਿਦਾਇਤ ਕੀਤੀ ਕਿ ਇਨ੍ਹਾਂ ਵਜ਼ੀਫਾ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਭਾਗ ਆਉਂਦੇ 15 ਦਿਨਾਂ ’ਚ ਇਸ਼ਤਿਹਾਰੀ ਮੁਹਿੰਮ ਆਰੰਭ ਕਰੇ।
ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ 5,92,523 ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਸਾਲ 2009-14 ਦਰਮਿਆਨ 394 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੀ ਮੈਟਰਿਕ ਸਕਾਲਰਸ਼ਿਪ ਤਹਿਤ 42.68 ਕਰੋੜ ਰੁਪਏ 1,89,705 ਵਿਦਿਆਰਥੀਆਂ ਨੂੰ ਵੰਡੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਕਾਲਰਸ਼ਿਪ ਲਈ ਆਨਲਾਇਨ ਪੋਰਟਲ ਬਣਾਉਣ ਨਾਲ ਵਜ਼ੀਫਾ ਸਕੀਮਾਂ ਤਹਿਤ ਵਿਦਿਆਰਥੀਆਂ ਦੀ ਗਿਣਤੀ ਵਿਚ 3.05 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਵੀ ਕਿਹਾ ਕਿ ਉਹ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਕੋਲੋਂ ਇਨ੍ਹਾਂ ਸਕੀਮਾਂ ਤਹਿਤ ਪਹਿਲਾਂ ਫੀਸ ਲੈ ਕੇ ਦੁਬਾਰਾ ਉਸਨੂੰ ਵਾਪਿਸ ਕਰਨ ਦੀ ਵਿਵਸਥਾ ਨੂੰ ਖਤਮ ਕਰਨ ਤੇ ਦੂਜੀਆਂ ਸ਼੍ਰੇਣੀਆਂ ਵਾਂਗ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਵੀ ਫੀਸ ਦੇਣ ਦੀ ਲੋੜ ਨਾ ਹੋਵੇ।
ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਤਹਿਤ ਪੰਜਾਬ ਨੂੰ ਵੀ ਸ਼ਾਮਿਲ ਕਰਨ ਬਾਰੇ ਉਹ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨਾਲ ਗੱਲਬਾਤ ਕਰਨਗੇ। ਇਸ ਯੋਜਨਾ ਤਹਿਤ ਦੇਸ਼ ਦੇ ਅਨੁਸੂਚਿਤ ਜਾਤੀ ਦੀ 50 ਜਾਂ ਇਸ ਤੋਂ ਵੱਧ ਫੀਸਦੀ ਵਸੋਂ ਵਾਲੇ 1000 ਪਿੰਡਾਂ ਦਾ ਵਿਕਾਸ ਕੀਤਾ ਜਾਣਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਦੇਸ਼ ਭਰ ਨਾਲੋਂ ਸਭ ਤੋਂ ਵੱਧ 31.94 % ਅਨੁਸੂਚਿਤ ਜਾਤੀ ਵਸੋਂ ਹੈ ਤੇ ਸੂਬੇ ਵਿਚ 2800 ਪਿੰਡ ਅਜਿਹੇ ਹਨ ਜਿੱਥੇ ਐਸ.ਸੀ. ਵਸੋਂ 50 ਫੀਸਦੀ ਤੋਂ ਵੱਧ ਹੈ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ, ਡਾਇਰੈਕਟਰ ਸਮਾਜਿਕ ਸੁਰੱਖਿਆ ਅਲਕ ਨੰਦਾ ਦਿਆਲ, ਸਕੱਤਰ ਖਰਚ ਜਸਪਾਲ ਸਿੰਘ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਤੇ ਅਜੈ ਕੁਮਾਰ ਮਹਾਜਨ ਸ਼ਾਮਿਲ ਸਨ।



