ਚੰਡੀਗੜ੍ਹ, 27 ਨਵੰਬਰ (ਨਾਗਪਾਲ)- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਛੇਤੀ ਹੀ ਅਧਿਆਪਕਾਂ ਦੀ ਭਰਤੀ ਕਰੇਗੀ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਤੀ ਹੈ ਕਿ ਇਹ ਭਰਤੀਆਂ ਪਾਰਦਰਸ਼ੀ ਅਤੇ ਇਮਾਨਦਾਰੀ ਦੇ ਨਾਲ ਮੈਰੀਟ ਦੇ ਆਧਾਰ ’ਤੇ ਹੋਣਗੀਆਂ ਅਤੇ ਇਹ ਸਾਰੀਆਂ ਭਰਤੀਆਂ ਸਟਾਫ ਸਿਲੈਕਸ਼ਨ ਕਮਿਸ਼ਨ ਰਾਹੀਂ ਕੀਤੀਆਂ ਜਾਣਗੀਆਂ। ਉਹ ਅੱਜ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਸਵਾਮੀ ਰਾਮਦੇਵ ਨੇ ਪਿਛਲੇ ਕਈ ਸਾਲਾਂ ਵਿਚ ਸੰਸਕ੍ਰਿਤ ਤੇ ਯੋਗ ਲਈ ਜਨ-ਜਾਗਰਣ ਕੀਤਾ ਹੈ ਅਤੇ ਹਰਿਆਣਾ ਸਰਕਾਰ ਸੰਸਕ੍ਰਿਤ ਦੇ ਪੜਣ-ਪੜ੍ਹਾਉਣ ਅਤੇ ਯੋਗ ਵਿਚ ਸਵਾਮੀ ਰਾਮਦੇਵ ਦਾ ਸਹਿਯੋਗ ਲੇਵੇਗੀ। ਸੰਸਕ੍ਰਿਤ ਭਾਸ਼ਾ ਨੂੰ ਲਾਜਿਮੀ ਬਣਾਉਣ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਸੰਸਕ੍ਰਿਤ ਦੇ ਬਾਰੇ ਵਿਚ ਅੱਜ ਤਕ ਅਜਿਹੀ ਧਾਰਣਾ ਸੀ ਕਿ ਸੰਸਕ੍ਰਿਤ ਮਰੀ ਹੋਈ ਭਾਸ਼ਾ ਹੈ, ਪਰ ਸਮੇਂ ਨੇ ਸਿੱਧ ਕਰ ਦਿੱਤਾ ਹੈ ਕਿ ਸੰਸਕ੍ਰਿਤ ਭਾਸ਼ਾ ਕੰਪਿਊਟਰ ਲਈ ਪਰਫੇਕਟ ਭਾਸ਼ਾ ਹੈ ।



