ਅੰਮ੍ਰਿਤਸਰ, 27 ਨਵੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਟਲੀ ਦੀ ਅਦਾਲਤ ਵੱਲੋਂ ਜਨਤਕ ਥਾਵਾਂ ’ਤੇ ਅੰਮ੍ਰਿਤਧਾਰੀ ਨੂੰ ਸ੍ਰੀ ਸਾਹਿਬ (ਕ੍ਰਿਪਾਨ) ਪਹਿਨ ਕੇ ਜਾਣ ਵਾਲੇ ਦਿਤੇ ਅਹਿਮ ਫੈਸਲੇ ਨੂੰ ਸਵਾਗਤਯੋਗ ਦੱਸਿਆ ਹੈ।ਇਥੋਂ ਜਾਰੀ ਪ੍ਰੈ¤ਸ ਬਿਆਨ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੋਈ ਵੀ ਅੰਮ੍ਰਿਤਧਾਰੀ ਸਿੰਘ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਪੰਜ ਕਕਾਰਾਂ ਨੂੰ ਆਪਣੇ ਸਰੀਰ ਨਾਲੋਂ ਵੱਖ ਨਹੀਂ ਕਰ ਸਕਦਾ ਪ੍ਰੰਤੂ ਵਿਦੇਸ਼ਾਂ ਵਿੱਚ ਇਹ ਸਮੱਸਿਆ ਆ ਰਹੀ ਹੈ। ਜਿਸ ਬਾਰੇ ਸਮੇਂ-ਸਮੇਂ ਵਿਦੇਸ਼ੀ ਸਰਕਾਰਾਂ ਨੂੰ ਸਮਝ ਆ ਰਹੀ ਹੈ ਕਿ ਕਿਸੇ ਵੀ ਸਿੰਘ ਵੱਲੋਂ ਪਹਿਨੀ ਸ੍ਰੀ ਸਾਹਿਬ (ਕ੍ਰਿਪਾਨ) ਕਿਸੇ ’ਤੇ ਵਾਰ ਕਰਨ ਲਈ ਨਹੀਂ ਬਲਕਿ ਆਤਮ ਰਖਿਆ ਲਈ ਹੈ। ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਕਮੇਟੀ ਸਬੰਧਿਤ ਦੇਸ਼ਾਂ ਦੇ ਸਫੀਰਾਂ ਨਾਲ ਲਗਾਤਾਰ ਲਿਖਾ-ਪੜ੍ਹੀ ਕਰਕੇ ਇਸ ਮਸਲੇ ਦੇ ਹਲ ਲਈ ਯਤਨ ਸ਼ੀਲ ਹੈ। ਉਨ੍ਹਾਂ ਵਿਦੇਸ਼ੀ ਸਰਕਾਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਪੰਜ ਕਕਾਰ ਪਹਿਨਣ ਤੇ ਦਸਤਾਰ ਸਜਾਉਣ
ਵਾਲੇ ਸਿੱਖ ਮਸਲਿਆਂ ਬਾਰੇ ਖੁਲ੍ਹਦਿਲੀ ਵਿਚਾਰ ਕਰਕੇ ਹੱਲ ਕਰਨ। ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਇਟਲੀ ਦੇ ਪ੍ਰਧਾਨ ਸ. ਤਲਵਿੰਦਰ ਸਿੰਘ ਵਡਾਲੀ ਨੂੰ ਜੁਲਾਈ 2013 ’ਚ ਇਟਾਲੀਅਨ ਪੁਲਿਸ ਵੱਲੋਂ ਸ੍ਰੀ ਸਾਹਿਬ ਪਹਿਨੀ ਹੋਣ ਕਰਕੇ ਕੰਮ ’ਤੇ ਜਾਂਦੇ ਸਮੇਂ ਰੋਕਿਆ ਗਿਆ ਸੀ ਤੇ ਸ੍ਰੀ ਸਾਹਿਬ ਨੂੰ ਹਥਿਆਰ ਸਮਝਦਿਆਂ ਆਰਮੀ ਐਕਟ ਤਹਿਤ ਉਸ ’ਤੇ ਮੁਕੱਦਮਾ ਦਰਜ ਕਰ ਦਿਤਾ ਸੀ ਜਿਸ ਤੇ ਜ਼ਿਲ੍ਹਾ ਪਿਆਚੈਂਸਾ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਅੰਮ੍ਰਿਤਧਾਰੀ ਸਿੱਖਾਂ ਨੂੰ ਸ੍ਰੀ ਸਾਹਿਬ (ਕ੍ਰਿਪਾਨ) ਪਹਿਨਣ ਦੀ ਇਜਾਜ਼ਤ ਦਿੱਤੀ ਹੈ ਜੋ ਸਵਾਗਤਯੋਗ ਤੇ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।



