ਪੰਜਾਬੀਆਂ ਲਈ ਕੈਨੇਡਾ ਦੂਜਾ ਘਰ : ਬਾਦਲ
ਜਲੰਧਰ/ਚੰਡੀਗੜ੍ਹ, 21 ਨਵੰਬਰ- ਕੈਨੇਡਾ ਦੇ ਸਸਕੈਚਵੈਨ ਸੂਬੇ ਦੇ ਪ੍ਰੀਮੀਅਰ ਸ੍ਰੀ ਬਰੈਡ ਵਾਲ ਨੇ ਡੇਅਰੀ, ਪਸ਼ੂ ਧਨ ਪ੍ਰਬੰਧਨ, ਦੁੱਧ ਪ੍ਰੋਸੈਸਿੰਗ ਸੈਂਟਰ ਤੋਂ ਇਲਾਵਾ ਖੇਤੀਬਾੜੀ, ਫੂਡ ਤਕਨਾਲੋਜੀ, ਹੁਨਰ ਵਿਕਾਸ, ਤਕਨੀਕੀ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਨਾਲ ਸਹਿਯੋਗ ਕਰਨ ਲਈ ਡੂੰਘੀ ਦਿਲਚਸਪੀ ਵਿਖਾਈ ਹੈ। ਸ੍ਰੀ ਬਰੈਡ ਵਾਲ ਅੱਜ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਇਕ ਵਫ਼ਦ ਦੇ ਨਾਲ ਮਿਲੇ।ਮੁੱਖ ਮੰਤਰੀ ਨਾਲ ਵਿਚਾਰ-ਚਰਚਾ ਦੌਰਾਨ ਸ੍ਰੀ ਬਰੈਡ ਵਾਲ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਕਿਉਂਕਿ ਦੋਵੇਂ ਸੂਬਿਆਂ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਵੱਡਾ ਕੰਮਕਾਜੀ ਤਜਰਬਾ ਤੇ ਮੁਹਾਰਤ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦੋਵੇਂ ਸੂਬੇ ਵੈਟਰਨਰੀ ਸਾਇੰਸ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਸਾਂਝ ਨਾਲ ਪਹਿਲਾਂ ਹੀ ਕੰਮ ਕਰ ਰਹੇ ਹਨ ਅਤੇ ਦੋਵਾਂ ਸੂਬਿਆਂ ਵਿੱਚ
ਖੇਤੀ ਅਤੇ ਪਸ਼ੂ ਧਨ ਨਾਲ ਸਬੰਧਤ ਹੋਰਨਾਂ ਸੈਕਟਰਾਂ ਵਿੱਚ ਦੁਵੱਲੇ ਸਹਿਯੋਗ ਦੀ ਵੱਡੀ ਸਮਰੱਥਾ ਹੈ। ਦੌਰੇ ’ਤੇ ਆਏ ਸਸਕੈਚਵੈਨ ਦੇ ਪ੍ਰੀਮੀਅਰ ਨੇ ਸ. ਬਾਦਲ ਨੂੰ ਤਕਨੀਕੀ, ਫੂਡ ਤਕਨਾਲੋਜੀ, ਫੂਡ ਪ੍ਰੋਸੈਸਿੰਗ, ਖੇਤੀ ਬਾਇਓ ਤਕਨਾਲੋਜੀ, ਫਸਲ ਦੀ ਗਹਾਈ ਉਪਰੰਤ ਪ੍ਰਬੰਧਨ/ਭੰਡਾਰਨ ਵਿੱਚ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਤੇ ਕੈਨੇਡਾ ਵਿਚਕਾਰ ਇਤਿਹਾਸਕ ਤੇ ਮਜ਼ਬੂਤ ਸਬੰਧਾਂ ਨੂੰ ਚੇਤੇ ਕਰਦਿਆਂ ਸ੍ਰੀ ਬਰੈਡ ਵਾਲ ਨੂੰ ਦੱਸਿਆ ਕਿ ਸਾਰੇ ਪੰਜਾਬੀ ਲਈ ਕੈਨੇਡਾ ਦੂਜਾ ਘਰ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਬੁਨਿਆਦੀ ਤੌਰ ’ਤੇ ਖੇਤੀ ਆਰਥਿਕਤਾ ਵਾਲੇ ਹਨ ਅਤੇ ਇਨ੍ਹਾਂ ਦੋਵਾਂ ਦਾ ਖੇਤੀਬਾੜੀ ਸੈਕਟਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ, ਇਸ ਕਰਕੇ ਦੋਵੇਂ ਸੂਬੇ ਇਕ-ਦੂਜੇ ਨਾਲ ਸਹਿਯੋਗ ਕਰਕੇ ਲਾਭ ਹਾਸਲ ਕਰ ਸਕਦੇ ਹਨ।
ਉਨ੍ਹਾਂ ਨੇ ਇੱਥੋਂ ਦੇ ਵਿਦਿਆਰਥੀਆਂ ਨੂੰ ਦੋਹਰੀ ਡਿਗਰੀ ਤੇ ਦੋਹਰੀ ਡਿਪਲੋਮਾ ਪ੍ਰਦਾਨ ਕਰਨ ਲਈ ਸਸਕੈਚਵੈਨ ਪੋਲੀਟੈਕਨਿਕ ਇੰਸਟੀਚਿਊਟ ਦਾ ਸੂਬੇ ਦੇ ਟੈਕਨੀਕਲ ਸਿੱਖਿਆ ਵਿਭਾਗ ਦੇ ਨਾਲ ਸਮਝੌਤਾ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਤਾਂ ਜੋ ਉਨ੍ਹਾਂ ਦੇ ਅੰਤਰਰਾਸ਼ਟਰੀ ਪੱਧਰ ’ਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ।
ਵਿਦਿਆਰਥੀ ਦੇ ਆਦਾਨ-ਪ੍ਰਦਾਨ ਦੇ ਪ੍ਰੋਗਰਾਮ ’ਤੇ ਜ਼ੋਰ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਸਕੈਚਵੈਨ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਵਿੱਚ ਲੋੜੀਂਦੀ ਰਸਮੀ ਕਾਰਵਾਈ ਆਰੰਭੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਤੇਜ਼ੀ ਤੇ ਸੁਖਾਲੇ ਢੰਗ ਨਾਲ ਤਬਾਦਲੇ ਅਤੇ ਕਿਸਾਨ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।



