ਚੰਡੀਗੜ੍ਹ, 14 ਨਵੰਬਰ (ਪੀ. ਟੀ.)- ਚੀਨ ਦੇ ਇਕ ਹਫਤੇ ਦੇ ਦੌਰੇ ਤੋਂ ਬਾਅਦ ਅੱਜ ਦੁਪਹਿਰ ਆਪਣੇ ਨਿਵਾਸ ਸਥਾਨ ’ਤੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਦੇ ਕੈਬਨਿਟ ਅਤੇ ਪਾਰਟੀ ਸਾਥੀਆਂ ਨੇ ਨਿੱਘਾ ਸਵਾਗਤ ਕੀਤਾ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਦਾ ਚੀਨ ਦੌਰਾ ਬਹੁਤ ਜ਼ਿਆਦਾ ਪ੍ਰਭਾਵੀ ਅਤੇ ਲਾਭਦਾਇਕ ਰਿਹਾ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਦੌਰਾ ਲਾਜ਼ਮੀ ਤੌਰ ’ਤੇ ਪੰਜਾਬ ਵਿੱਚ ਨੀਲੀ ਕ੍ਰਾਂਤੀ ਲਿਆਉਣ ਲਈ ਹਾਂ-ਪੱਖੀ ਨਤੀਜੇ ਕੱਢੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਨਾਲ ਦੌਰੇ ’ਤੇ ਗਏ ਪੰਜਾਬ ਦੇ ਮੱਛੀ ਪਾਲਕ, ਚੀਨ ਦੇ ਮੱਛੀ ਪਾਲਕਾਂ ਵੱਲੋਂ ਅਪਣਾਈਆਂ ਜਾ ਰਹੀਆਂ ਅਤਿ ਆਧੁਨਿਕ ਤਕਨੀਕਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੋਏ ਜਿਨ੍ਹਾਂ ਦੇ ਨਾਲ ਉਹ ਪ੍ਰਤੀ ਹੈਕਟੇਅਰ 32-33 ਟਨ ਮੱਛੀ ਦਾ ਰਿਕਾਰਡ ਉਤਪਾਦਨ ਕਰਦੇ ਹਨ ਜਦਕਿ ਇਸ ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਸਿਰਫ ਛੇ ਟਨ ਮੱਛੀ ਉਤਪਾਦਨ ਹੁੰਦਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਮੱਛੀ ਪਾਲਕ ਬਹੁਤ ਜ਼ਿਆਦਾ ਮਿਹਨਤੀ ਅਤੇ ਸਮਰਥਾਵਾਨ ਹਨ ਅਤੇ ਉਹ ਉਚ ਤਕਨਾਲੋਜੀ ਅਤੇ ਮੁਹਾਰਤ ਦੇ ਪ੍ਰਾਪਤ ਹੋਣ ਦੇ ਨਾਲ ਆਪਣੀ ਪ੍ਰਭਾਵੀ
ਸਮਰਥਾ ਦਾ ਵਧੀਆ ਤਰੀਕੇ ਨਾਲ ਪ੍ਰਗਟਾਵਾ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਛੇਤੀ ਹੀ ਭਾਰਤ ਸਰਕਾਰ ਦੇ ਰਾਹੀਂ ਸਾਰੇ ਮੁੱਦਿਆਂ ਨੂੰ ਚੀਨ ਦੇ ਸਫਾਰਤਖਾਨਾ ਕੋਲ ਉਠਾਵੇਗੀ ਅਤੇ ਇਨ੍ਹਾਂ ਨੂੰ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਤਿ ਆਧੁਨਿਕ ਖੁਰਾਕ ਫੈਕਟਰੀ, ਫਰੈਸ਼ ਵਾਟਰ ਫਿਸ਼ਰੀ ਰਿਸਰਚ ਸੈਂਟਰ ਵੂਸ਼ੀ ਦੀ ਤਰਜ਼ ’ਤੇ ਲੁਧਿਆਣਾ ਵਿਖੇ ਅਡਵਾਂਸ ਫਰੈਸ਼ ਵਾਟਰ ਫਿਸ਼ਰੀ ਸੈਂਟਰ ਸਥਾਪਤ ਕਰਨ ਤੋਂ ਇਲਾਵਾ ਸੂਬਾ ਸਰਕਾਰ ਚੀਨ ਤੋਂ ਮੱਛੀ ਪਾਲਣ ਵਿੱਚ ਬੈਚਲਰ ਅਤੇ ਮਾਸਟਰ ਡਿਗਰੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਪਾਂਸਰ ਕਰੇਗੀ ਅਤੇ ਇਸ ਕਾਰਜ ਨੂੰ ਤੇਜ਼ੀ ਨਾਲ ਕਰਨ ਵਾਸਤੇ ਵਿੱਤ ਕਮਿਸ਼ਨਰ ਪਸ਼ੂ ਪਾਲਣ ਦੀ ਅਗਵਾਈ ਵਿੱਚ ਇਕ ਵਿਸ਼ੇਸ ਸੈ¤ਲ ਨਿਯਮਤ ਤੌਰ ’ਤੇ ਨਿਗਰਾਨੀ ਕਰੇਗਾ।
ਸ. ਬਾਦਲ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਮੱਛੀ ਪਾਲਣ ਵਿਭਾਗ ਦੇ ਸਾਰੇ ਉਚ ਅਧਿਕਾਰੀਆਂ ਦੀ ਇਕ ਮੀਟਿੰਗ ਸੱਦਣਗੇ ਅਤੇ ਜਿਆਂਗਸੂ ਐਕਡਮੀ ਆਫ ਐਗਰੀਕਲਚਰ ਸਾਇੰਸਜ਼ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ਼ਜ਼ ਯੂਨੀਵਰਸਿਟੀ ਲੁਧਿਆਣਾ ਵਿਚਕਾਰ ਪ੍ਰਸਤਾਵਿਤ ਸਹਿਮਤੀ ਪੱਤਰ ਦੀ ਰੂਪ ਰੇਖਾ ਤੋਂ ਇਲਾਵਾ ਸਾਰੇ ਮੁੱਦਿਆਂ ਦੇ ਕਾਰਜਾਂ ਦੀ ਪ੍ਰਗਤੀ ’ਤੇ ਵੀ ਨਿਗਰਾਨੀ ਰੱਖੀ ਜਾਵੇਗੀ।



