ਜਲੰਧਰ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਅਤੇ ਸੰਤ ਸਮਾਜ ਦੇ ਹੋਰ ਆਗੂਆਂ ਜਿਨ੍ਹਾਂ ਵਿੱਚ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਜੀ ਰੱਤਵਾੜੇ ਵਾਲੇ, ਸੰਤ ਬਾਬਾ ਬੂਟਾ ਸਿੰਘ ਜੀ ਗੁੜਥਲੀ, ਬਾਬਾ ਮੇਜਰ ਸਿੰਘ, ਬਾਬਾ ਲੱਖਾ ਸਿੰਘ ਰਾਮਥੰਮਣ, ਸੰਤ ਚਰਨਜੀਤ ਸਿੰਘ ਜੀ ਜੱਸੋਵਾਲ ਆਦਿ ਸ਼ਾਮਿਲ ਹਨ, ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਥਾਣੇਦਾਰ ਕਸ਼ਮੀਰ ਸਿੰਘ, ਸਾਬਕਾ ਪੁਲਿਸ ਮੁਲਾਜ਼ਮ ਸਤਵੰਤ ਸਿੰਘ ਮਾਣਕ ਅਤੇ ਕੁਝ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਦਰਦਨਾਕ ਝੂਠੀਆਂ ਕਹਾਣੀਆਂ ਤੋਂ ਪਰਦਾ ਚੁੱਕਿਆ ਹੈ।

ਇਨ੍ਹਾਂ ਚਸ਼ਮਦੀਦ ਗਵਾਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਦੀ ਅਸਲੀਅਤ ਸਾਹਮਣੇ ਲਿਆਉਣ ਦੀ ਕੋਸ਼ਿਸ ਕੀਤੀ ਤਾਂ ਉਸ ਦਾ ਹੀ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ। ਸੰਤ ਸਮਾਜ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਉਚ ਅਦਾਲਤਾਂ, ਕੇਂਦਰ ਸਰਕਾਰ ਅਤੇ ਪੰਜਾਬ ਵਿੱਚ ਪੰਥਕ ਸਰਕਾਰ ਇਨ੍ਹਾਂ ਪ੍ਰਗਟਾਵਿਆਂ ਬਾਰੇ ਪੂਰੀ ਤਰ੍ਹਾਂ ਚੁੱਪ ਹੈ। ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਦੇ ਕੇ ਮੰਗ ਕਰਨਗੇ ਕਿ ਪੰਜਾਬ ਦੇ ਸਾਰੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾਈ ਜਾਵੇ। ਗੁਜਰਾਤ ਦੀ ਬੀਬੀ ਇਸ਼ਰਤ ਜਹਾਂ ਦੇ ਕੇਸ ਵਾਂਗ ਝੂਠੇ ਪੁਲਿਸ ਮੁਕਾਬਲਿਆਂ ਲਈ ਉਚ ਪੱਧਰੀ ਕੇਸ ਦਰਜ ਕੀਤੇ ਜਾਣ। ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਮੰਗ ਕਰਨਗੇ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਸ ਲਈ ਉਹ ਇਸ ਦੀ ਸਮਾਂਬੱਧ ਪੜਤਾਲ ਕਰਵਾਉਣ। ਇਸ ਪੜਤਾਲ ਲਈ ਅਦਾਲਤੀ ਕਮਿਸ਼ਨ ਰਾਹੀਂ ਜਾਂ ਉਚ ਅਦਾਲਤ ਦੀ ਨਿਗਰਾਨੀ ਹੇਠ ਉਚ ਪੁੱਧਰੀ ਪੜਤਾਲੀਆ ਟੀਮ ਨਿਯੁਕਤ ਕੀਤੀ ਜਾਵੇ। ਸੰਤ ਸਮਾਜ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਸ ਮਾਮਲੇ ਵਿੱਚ ਧਾਰੀ ਹੋਈ ਡੂੰਘੀ ਚੁੱਪ ‘ਤੇ ਦੁੱਖ ਅਤੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਅਜਿਹੀਆਂ ਦਰਦਨਾਕ ਘਟਨਾਵਾਂ ਜਿਹੜੀਆਂ ਸੰਵਿਧਾਨ ਅਤੇ ਮਾਨਵਤਾ ਵਿਰੋਧੀ ਹੋਣ, ਇਨ੍ਹਾਂ ਨੂੰ ਦਬਾਇਆ ਨਹੀਂ ਜਾ ਸਕਦਾ। ਅੰਗਰੇਜ਼ ਸਰਕਾਰ ਨੂੰ ਵੀ ਜਲਿਆਂਵਾਲੇ ਬਾਗ ਵਿਖੇ ਹੋਏ ਕਤਲੇਆਮ ਦੀ ਜਾਂਚ ਕਰਵਾਉਣੀ ਪਈ ਸੀ। ਇਸ ਲਈ ਪੰਜਾਬ ਵਿੱਚ ਵਾਪਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੁਖਾਂਤ ਨੂੰ ਦਬਾਉਣ ਦੀ ਥਾਂ ਸੱਚ ਸਾਹਮਣੇ ਲਿਆਂਦਾ ਜਾਵੇ।
ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਲਈ ਸੰਤ ਸਮਾਜ ਦਾ ਵਫਦ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮਿਲੇਗਾ : ਬਾਬਾ ਹਰਨਾਮ ਸਿੰਘ ਖਾਲਸਾ



