ਸ. ਚਰਨਜੀਤ ਸਿੰਘ ਚੰਨੀ
ਚੇਅਰਮੈਨ,
ਸੀਟੀ ਗਰੁੱਪ ਆਫ ਇੰਸਟੀਟਿਊਸ਼ਨਸ
ਫੋਨ – 98140-60007
ਮੈਂ ਅੱਜ ਤੁਹਾਨੂੰ ਦੇਸ਼ ਦੇ ਬਹੁਤ ਹਿੱਸੇ ਵਿੱਚ ਪੜ੍ਹਾਈ ਅਤੇ ਨੌਕਰੀਆਂ ਬਾਰੇ ਸਚਾਈ ਦਸੱਣ ਦੀ ਕੋਸ਼ਿਸ਼ ਕਰਾਂਗਾ। ਅੱਜ ਦਾ ਨੌਜਵਾਨ ਪੜ੍ਹ-ਲਿਖ ਕੇ ਨੌਕਰੀ ਤੇ ਲੈਣੀ ਚਾਹੁੰਦਾ ਹੈ ਪਰ ਆਪਣੀ ਮਰਜ਼ੀ ਦਾ ਕੰਮ ਅਤੇ ਆਪਣੀ ਮਰਜ਼ੀ ਦੀ ਤਨਖ਼ਾਹ ਦੀ ਵੀ ਡਿਮਾਂਡ ਰੱਖਦਾ ਹੈ ਅਤੇ ਨੌਕਰੀ ਕਿੱਥੇ ਕਰਨੀ ਹੈ ਯਾਨਿ ਕਿ ਆਪਣੇ ਸ਼ਹਿਰ ਵਿੱਚ ਜਿਹੜਾ ਕਿ ਬਹੁਤ ਹੀ ਮੁਸ਼ਕਿਲ ਹੈ।ਅੱਜ ਦਾ ਨੌਜਵਾਨ ਕਿਤਾਬੀ ਜਾਣਕਾਰੀ ਦੇ ਆਧਾਰ ’ਤੇ ਡਿਗਰੀ ਹਾਸਿਲ ਕਰਕੇ ਨੌਕਰੀ ਲੈਣਾ ਚਾਹੁੰਦਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਅੱਜ ਦੇ ਸਮੇਂ ਦੀ ਡਿਮਾਂਡ ਹੱਥੀਂ ਕਾਰਜ ਦੀ ਹੈ। ਅੱਜ ਦੇ ਸਮੇਂ ਵਿੱਚ ਹੱਥੀਂ ਕੰਮ ਕਰਨ ਦੀ ਜਾਣਕਾਰੀ ਤੋਂ ਬਿਨਾਂ ਨੌਕਰੀਆਂ ਦੀ ਬਹੁਤ ਕਮੀ ਹੈ।ਹਿੰਦੁਸਤਾਨ ਤੋਂ ਬਾਹਰ 8ਵੀਂ ਜਮਾਤ ਤੋਂ ਬਾਅਦ ਹੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਰੁਝਾਣ ਮੁਤਾਬਿਕ ਹਰ ਤਰ੍ਹਾਂ ਦੇ ਹੱਥੀਂ ਕਾਰਜ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਘਰ ਬਣਾਉਣ ਵਾਸਤੇ ਬਾਰ ਬੈਂਡਿੰਗ, ਪਲੰਬਿੰਗ,ਵੈਲਡਿੰਗ ਆਦਿ ਕਾਰਜਾਂ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਦ ਉਹ ਹੀ ਬੱਚਾ ਕਾਲਜ ਪੁੱਜਦਾ ਹੈ ਤਾਂ ਉਸ ਨੂੰ ਸਭ ਕੁੱਝ ਹੱਥੀਂ ਕਰਨਾ ਆ
ਜਾਂਦਾ ਹੈ।ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਨਾਮਾਤਰ ਹੈ। ਪਿੱਛੇ ਅਜਿਹੇ ਇੱਕ ਸ਼ੋਧ ਦੇ ਮੁਤਾਬਿਕ ਪਤਾ ਚੱਲਿਆ ਸੀ ਕਿ ਇੰਜੀਨੀਅਰਿੰਗ ਦੇ ਪਾਸ ਹੋਏ ਨੌਜਵਾਨਾਂ ਦੀ ਗਿਣਤੀ ਏਨੀਂ ਵੱਧ ਗਈ ਹੈ ਕਿ ਉਨ੍ਹਾਂ ਨੂੰ 10-12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ’ਤੇ ਨੌਕਰੀ ਕਰਨੀ ਪੈ ਰਹੀ ਹੈ ਜਦ ਕਿ ਬਿਜਲੀ ਦਾ ਕਾਰਜ ਕਰਨ ਵਾਲੇ ਅਤੇ ਪਲੰਬਰ ਇੱਕ ਮਹੀਨੇ ਵਿੱਚ 30 ਤੋਂ 40,000 ਰੁਪਏ ਦੀ ਕਮਾਈ ਕਰ ਲੈਂਦਾ ਹੈ।
ਮੈਂ ਇੱਥੇ ਮਾਪਿਆਂ ਨੂੰ ਇੱਕ ਸੁਝਾਅ ਦੇਵਾਂਗਾ ਕਿ ਜਿਹੜੇ ਬੱਚੇ ਪੜ੍ਹਾਈ ਵਿੱਚ ਨਿਪੁੰਨ ਨਾ ਹੋਣ ਉਨ੍ਹਾਂ ਨੂੰ ਪੜ੍ਹਣ ਲਈ ਬਹੁਤ ਜ਼ਿਆਦਾ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਅੱਜ ਦੇ ਸਮੇਂ ਵਿੱਚ ਪੜ੍ਹਾਈ ਤੋਂ ਬਿਨ੍ਹਾਂ ਵੀ ਨੌਜਵਾਨਾਂ ਨੇ ਬਹੁਤ ਮੱਲਾਂ ਮਾਰੀਆਂ ਹਨ। ਜਿਸ ਤਰ੍ਹਾਂ ਕਿ ਖੇਡਾਂ, ਨਵੇਂ ਤਰ੍ਹਾਂ ਦੀ ਖੇਤੀਬਾੜੀ, ਫੈਸ਼ਨ ਡਿਜ਼ਾਇਨਿੰਗ ਆਦਿ ਫੀਲਡਜ਼ ਵਿੱਚ ਨੌਜਵਾਨਾਂ ਨੇ ਬਹੁਤ ਹੀ ਤਰੱਕੀ ਕੀਤੀ ਹੈ। ਪਿੱਛਲੇ ਕੁਝ ਸਾਲਾਂ ਤੋਂ ਟੈਕਨੀਕਲ ਐਜੂਕੇਸ਼ਨ ਦਾ ਬਹੁਤ ਪ੍ਰਸਾਰ ਹੋਇਆ ਹੈ। ਪਰ ਬੱਚੇ ਸਿਰਫ਼ ਕਿਤਾਬੀ ਜਾਣਕਾਰੀ ਤੱਕ ਹੀ ਸੀਮਤ ਰਹੇ ਹਨ। ਜਿਸ ਵਜੋਂ ਉਹਨਾਂ ਨੂੰ ਨੌਕਰੀ ਮਿਲਣ ’ਚ ਵੀ ਮੁਸ਼ਕਿਲਾਂ ਆ ਰਹੀਆਂ ਹਨ। ਮੈਂ ਇੱਥੇ ਆਪਣਾ ਇੱਕ ਤਜ਼ੁਰਬਾ ਵੀ ਸਾਂਝਾ ਕਰਨਾ ਚਾਹਾਂਗਾ, ਜਿਵੇਂ ਕਿ ਸੀਟੀ ਗਰੁੱਪ ਦਾ ਚੇਅਰਮੈਨ ਹੋਣ ਵਜੋਂ ਮੈ ਆਪ ਵੀ ਕਈ ਵਾਰ ਇੰਟਰਵਿਉ ਵਿੱਚ ਬੈਠਦਾ ਹਾਂ, ਜਿਸ ਵਿੱਚ ਇੱਕ ਤਾਂ ਬਹੁਤ ਗਿਣਤੀ ਵਿੱਚ ਨੌਕਰੀ ਲਈ ਅਰਜ਼ੀਆਂ ਆਉਂਦੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਇਸ ਤਰ੍ਹਾਂ ਦੇ ਕੈਂਡੀਡੇਟ ਹੁੰਦੇ ਹਨ ਜਿਹੜੇ ਪੜ੍ਹਾਉਣਾ ਤਾਂ ਕੀ ਆਪਣੇ-ਆਪ ਨੂੰ ਪੇਸ਼ ਕਰਣ ਵਿੱਚ ਹੀ ਮਾਰ ਖਾ ਜਾਂਦੇ ਹਨ।
ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਸੈਂਟਰ ਦੀ ਸਰਕਾਰ ਨੇ 50-60 ਸਕਿਲਡ ਪ੍ਰੋਗ੍ਰਾਮਾਂ ਦੀਆਂ ਸਕੀਮਾਂ ਨੌਜਵਾਨਾਂ ਵਾਸਤੇ ਸ਼ੁਰੂ ਕੀਤੀਆਂ ਹੋਈਆਂ ਹਨ। ਜਿਸ ਵਿੱਚ ਫ੍ਰੀ ਪੜ੍ਹਾਈ ਅਤੇ ਸਕਿਲਡ ਪ੍ਰੋਗ੍ਰਾਮਾਂ ਦੇ ਨਾਲ-ਨਾਲ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ।
ਨੌਜਵਾਨਾਂ ਨੂੰ ਕਾਫ਼ੀ ਹੱਦ ਤੱਕ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। ਇਸ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਸੈਂਟਰ ਦੀ ਸਰਕਾਰ ਨੇ ਐ¤ਸ. ਸੀ ਅਤੇ ਐ¤ਸ. ਟੀ ਸਹਿਤ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਨੌਜਵਾਨਾਂ ਲਈ ਪੂਰੀ ਪੜ੍ਹਾਈ ਮੁਫ਼ਤ ਕੀਤੀ ਹੋਈ ਹੈ। ਸਿਰਫ਼ ਬੱਚੇ ਨੂੰ ਅੱਜ ਕੱਲ ਦੇ ਸਮੇਂ ਵਿੱਚ ਪੜ੍ਹਣਾ ਅਤੇ ਸਕਿਲਡ ਪ੍ਰੋਗ੍ਰਾਮਾਂ ਲਈ ਹਿੰਦੁਸਤਾਨ ਅਤੇ ਬਾਹਰਲੇ ਨੌਜਵਾਨਾਂ ਦੇ ਮੁਕਾਬਲੇ ਆਪਣੇ-ਆਪ ਨੂੰ ਤਿਆਰ ਕਰਨ ਦੀ ਲੋੜ ਹੈ। ਪਿੱਛਲੇ ਕੁੱਝ ਸਾਲਾਂ ਤੋਂ ਪੜ੍ਹਾਈ-ਸਿੱਖਿਆ ਦੇ ਫੀਲਡ ਵਿੱਚ ਕਾਲਜ ਅਤੇ ਯੂਨੀਵਰਸਿਟੀ ਖੋਲ੍ਹਣ ਲਈ ਪ੍ਰਾਈਵੇਟ ਖਿਲਾੜੀ ਭਾਰੀ ਗਿਣਤੀ ਵਿੱਚ ਆਏ ਅਤੇ ਅੱਗੋਂ ਵੀ ਆ ਰਹੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਦਾ ਕੰਮ ਸਿਰਫ਼ ਪੈਸਾ ਬਣਾਉਣਾ ਹੈ, ਨਾ ਕਿ ਸਿੱਖਿਆ ਦੇਣਾ।
ਮੈਂ ਇੱਥੇ ਆਪਣੀ ਜ਼ਿੰਦਗੀ ਬਾਰੇ ਵੀ ਗੱਲ ਕਰਾਂਗਾ। 1962 ਵਿੱਚ ਜਦੋਂ ਮੈਂ 8ਵੀਂ ਪਾਸ ਕਰਨ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਿਵਿਲ ਇੰਜੀਨਿਅਰਿੰਗ ਵਜੋਂ ਦਾਖਿਲਾ ਲਿਆ। ਉਸ ਸਮੇਂ ਹਾਇਰ ਸੈਕੰਡਰੀ ਹੁੰਦੀ ਸੀ ਨਾ ਕਿ ਪਲੱਸ ਟੂ। ਪਰ ਮੈਨੂੰ ਅੱਜ ਵੀ ਯਾਦ ਹੈ ਕਿ 9ਵੀਂ-10ਵੀਂ ਦੇ ਵਿੱਚ ਸਾਨੂੰ ਬ੍ਰਿਕਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਸਿਵਿਲ ਨਾਲ ਜੁੜੇ ਸਾਰੇ ਕੰਮ ਇੱਕ ਵਰਕਸ਼ਾਪ ਆਯੋਜਿਤ ਕਰ ਕੇ ਸਿਖਾਏ ਜਾਂਦੇ ਸਨ। ਜੋ ਕਿ ਅੱਜ ਦੇ ਸਮੇਂ ਵਿੱਚ ਨਹੀਂ ਹੁੰਦਾ ਅਤੇ ਅੱਜ ਹੱਥੀਂ ਕੰਮ ਕਰਨ ਦੀ ਬਹੁਤੀ ਘਾਟ ਹੈ।
ਅੱਜ ਦੇ ਨੌਜਵਾਨ ਚੰਗੀ ਨੌਕਰੀ ਅਤੇ ਚੰਗੀਆਂ ਸਹੂਲਤਾਂ ਦੇ ਨਾਲ ਜੀਵਨ ਜੀਉਣਾ ਚਾਹੁੰਦੇ ਹਨ। ਚੰਗਾ ਜੀਵਨ ਜਿਊਣ ਲਈ ਉਸਦੇ ਸੁਪਨੇ ਬਹੁਤ ਹੀ ਉਪਰਲੇ ਪੱਧਰ ਦੇ ਹਨ ਜੋ ਕਿ ਮੇਹਨਤ ਕਰਨ ਤੋਂ ਬਗੈਰ ਪੂਰੇ ਹੋਣੇ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਸਾਰੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਕੰਮ ਕਰਨ ਲਈ ਕਦੇ ਸ਼ਰਮ ਨਾ ਕਰੋ ਤਾਂ ਹੀ ਤੁਹਾਡੇ ਸਾਰੇ ਸੁਪਨੇ ਪੂਰੇ ਹੋਣਗੇ। ਜਦ ਕਿ ਸਾਰੇ ਜਾਣਦੇ ਹਨ ਕਿ ਹਿੰਦੁਸਤਾਨ ਦਾ ਨੌਜਵਾਨ ਆਪਣੇ ਦੇਸ਼ ਵਿੱਚ ਰਹਿ ਕੇ ਮਾੜਾ-ਚੰਗਾ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ ਪਰ ਦੇਸ਼ ਤੋਂ ਬਾਹਰ ਜਾ ਕੇ ਸਭ ਕੁੱਝ ਕਰ ਲੈਂਦਾ ਹੈ। ਇਸ ਰੁਝਾਨ ਨੂੰ ਬਦਲ ਕੇ ਆਪਣੇ ਦੇਸ਼ ਅਤੇ ਸ਼ਹਿਰ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਪ੍ਰਤੀ ਵਫ਼ਾਦਾਰੀ ਨੂੰ ਉਪੱਰ ਚੁਕਦਿਆਂ ਹੋਇਆਂ ਪੂਰੀ ਮੇਹਨਤ ਕਰਨੀ ਚਾਹੀਦੀ ਹੈ।
ਮੈਂ ਆਪਣੇ ਤਜ਼ੁਰਬੇ ਮੁਤਾਬਿਕ ਕਹਿਣਾ ਚਾਹੁੰਦਾ ਹਾਂ ਕਿ ਮਾਪੇ ਆਪਣੇ ਬੱਚੇ ਨੂੰ ਇੰਜੀਨੀਅਰ ਜਾਂ ਡਾਕਟਰ ਬਣਾਉਣ ਬਾਰੇ ਬਹੁਤ ਸੋਚਦੇ ਹਨ ਅਤੇ ਇਨ੍ਹਾਂ ਫੀਲਡ ਵਿੱਚ ਹੀ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਉਣ ਅਤੇ ਨੌਕਰੀ ਲਵਾਉਣ ’ਤੇ ਵੀ ਜ਼ੋਰ ਲਗਾਉਂਦੇ ਹਨ। ਮੇਰਾ ਮੰਨਣਾ ਹੈ ਕਿ ਇਨ੍ਹਾਂ ਤੋਂ ਵੱਖ ਵੀ ਕੁੱਝ ਕਿੱਤੇ ਅਜਿਹੇ ਹਨ ਜਿਨ੍ਹਾਂ ਵਿੱਚ ਬੱਚੇ ਇਸ ਤੋਂ ਵੀ ਜ਼ਿਆਦਾ ਕਾਮਯਾਬ ਹੋਏ ਹਨ। ਜਿਸ ਤਰ੍ਹਾਂ ਕਿ ਹੋਟਲ ਮੈਨੇਜਮੇਂਟ, ਏਅਰਲਾਈਨਜ਼, ਟੂਰਿਜ਼ਮ, ਫਾਰਮਾ ਅਤੇ ਹੈਂਡ ਟੂਲਜ਼, ਜਿਨ੍ਹਾਂ ਵਿੱਚ ਟਰੇਡਿੰਗ ਅਤੇ ਹੋਰ ਵੀ ਕਈ ਤਰ੍ਹਾਂ ਦੇ ਕਿੱਤੇ ਕੀਤੇ ਜਾ ਸਕਦੇ ਹਨ। ਕੁੱਝ ਮਾਪੇ ਬੱਚਿਆਂ ਦੀ ਪੜ੍ਹਾਈ ਵਿੱਚ ਹੋਰ ਵੀ ਅੜਿੰਗਾ ਪਾਉਂਦੇ ਹਨ ਕਿਉਂਕਿ ਉਹ ਬੱਚਿਆਂ ਦੀ ਪੜ੍ਹਾਈ ਤੋਂ ਵੱਧ ਬਾਹਰ ਸੈਟਲ ਹੋਣ ਵਿੱਚ ਜ਼ਿਆਦਾ ਤਰਜੀਹ ਦਿੰਦੇ ਹਨ, ਜਿਸ ਨਾਲ ਬੱਚਾ ਆਪਣੀ ਪੜ੍ਹਾਈ ਵਿੱਚ ਮਨ ਨਹੀਂ ਲਗਾਉਂਦਾ ਅਤੇ ਜਿਸ ਕਰਕੇ ਉਹ ਪੜ੍ਹਾਈ ਵਿੱਚ ਅੱਧਾ ਅਧੂਰਾ ਰਹਿ ਜਾਂਦਾ ਹੈ। ਇਸ ਲਈ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਫੈਸਲੇ ਆਪ ਹੀ ਲੈਣ ਲਈ ਪ੍ਰੇਰਨਾ ਦੇਣੀ ਚਾਹੀਦੀ ਹੈ ਤਾਂ ਜੋ ਤੇਜੀ ਨਾਲ ਤਰੱਕੀ ਕਰ ਰਹੇ ਵਿਸ਼ਵ ਵਿੱਚ ਬੱਚਾ ਪਿੱਛੇ ਨਾ ਰਹਿ ਜਾਵੇ।



