ਅੰਮ੍ਰਿਤਸਰ ’ਚ ਪੀਰ ਮੁਹੰਮਦ ਤੇ ਬੀਬੀ ਜਗਦੀਸ਼ ਕੌਰ ਸਮੇਤ 150 ਤੋਂ ਉੱਤੇ ਗ੍ਰਿਫਤਾਰ
ਜਲੰਧਰ, 1 ਨਵੰਬਰ- 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੁਆਉਣ ਲਈ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਾਜ਼ਾਰ ਬੰਦ ਰਹੇ ਅਤੇ ਰੇਲ ਅਤੇ ਸੜਕੀ ਆਵਾਜਾਈ ਠੱਪ ਰਹੀ। ਅੰਮ੍ਰਿਤਸਰ ਵਿੱਚ ਵਿਖਾਵੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਿੱਲੀ ਕਤਲੇਆਮ ਦੀ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ ਸਮੇਤ 150 ਤੋਂ ਵਧ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੁਧਿਆਣਾ ਵਿੱਚ ਵਿਖਾਵਾਕਾਰੀਆਂ ਨੇ ਕਈ ਰੇਲਾਂ ਰੋਕੀਆਂ। ਲੁਧਿਆਣਾ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਨੇੜੇ ਪੰਜ ਘੰਟੇ ਬੰਦ ਦੌਰਾਨ ਸ਼ਤਾਬਦੀ ਐਕਸਪ੍ਰੈੱਸ,
ਸ਼ਾਨ-ਏ-ਪੰਜਾਬ, ਕਟਿਆਰ ਅਤੇ ਜਨਸੇਵਾ ਗੱਡੀਆਂ ਰੋਕੀਆਂ ਗਈਆਂ। ਫਗਵਾੜਾ ਵਿਖੇ ਸ਼ਤਾਬਦੀ ਗੱਡੀ ਨੂੰ ਰੋਕਿਆ ਗਿਆ। ਬੰਦ ਨੂੰ ਲੈ ਕੇ ਸਿੱਖਿਆ ਸੰਸਥਾਵਾਂ, ਵਪਾਰਕ ਅਦਾਰੇ ਅਤੇ ਬਾਜ਼ਾਰ ਬੰਦ ਰਹੇ। ਇਸ ਮੌਕੇ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਏ ਸਨ। ਬੰਦ ਦਾ ਇਹ ਸੱਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਦਿੱਤਾ ਸੀ। ਬੰਦ ਦੇ ਸੱਦੇ ਦਾ ਸਾਥ ਮੁਸਲਿਮ ਭਾਈਚਾਰੇ ਨੇ ਵੀ ਦਿੱਤਾ। ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਦੇ ਲਈ ਦਿੱਲੀ ਵਿਖੇ ਵੀ ਸਿੱਖ ਜਥੇਬੰਦੀਆਂ ਨੇ ਕਈ ਥਾਵਾਂ ’ਤੇ ਆਵਾਜਾਈ ਠੱਪ ਕੀਤੀ। ਜਿਸ ਕਰਕੇ ਕਈ ਰੇਲ ਗੱਡੀਆਂ ਆਪਣੀ ਮੰਜ਼ਿਲ ਵੱਲ ਦੇਰੀ ਨਾਲ ਚੱਲੀਆਂ।
ਸ਼ਾਹਕੋਟ ਤੋਂ ਸੁਰਿੰਦਰ ਸਿੰਘ ਪਦਮ- ਪੰਜਾਬ ਬੰਦ ਨੂੰ ਅੱਜ ਸ਼ਾਹਕੋਟ, ਮਲਸੀਆਂ ਅਤੇ ਲੋਹੀਆਂ ਖਾਸ ਵਿਖੇ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਅੱਜ ਵੀ ਰੋਜ਼ਾਨਾ ਵਾਂਗ ਹੀ ਉਕਤ ਕਸਬਿਆਂ ਦੀਆਂ ਦੁਕਾਨਾਂ ਤੇ ਬਜ਼ਾਰ ਖੁੱਲ੍ਹੇ ਰਹੇ। ਉਂਝ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਦੁਕਾਨਦਾਰਾਂ ਤੇ ਕੁਝ ਹੋਰ ਲੋਕਾਂ ਵਿਚ ਡਰ ਦਾ ਸਹਿਮ ਬਣਿਆ ਹੋਇਆ ਸੀ। ਬੰਦ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਬੀਤੀ ਰਾਤ ਤੋ ਹੀ ਮੁਸਤੈਦੀ ਵਰਤੀ ਜਾ ਰਹੀ ਸੀ। ਕਸਬਾ ਸ਼ਾਹਕੋਟ ਵਿਖੇ ਬੀਤੀ ਰਾਤ ਜਦੋਂ ਕੁਝ ਨੌਜੁਆਨ ਬੰਦ ਨੂੰ ਸਫਲ ਬਣਾਉਣ ਲਈ ਅਪੀਲ ਕਰਦੇ ਹੱਥ ਪਰਚੇ ਵੰਡ ਰਹੇ ਸਨ ਤਾਂ ਪੁਲਿਸ ਨੇ ਤਿੰਨ ਨੌਜੁਆਨਾਂ ਨੂੰ ਕਾਬੂ ਕਰ ਲਿਆ। ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਅੱਜ ਪੰਜਾਬ ਬੰਦ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਸ਼ਾਹਕੋਟ ਅਤੇ ਲੋਹੀਆਂ ਖਾਸ ਵਿਖੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਤੋਂ ਉਪਰੰਤ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਡੀ.ਐਸ.ਪੀ. ਸ਼ਾਹਕੋਟ ਨੂੰ ਮੰਗ ਪੱਤਰ ਦਿੱਤਾ ਗਿਆ। ਸਤਿਕਾਰ ਕਮੇਟੀ ਦੇ ਦੋਆਬਾ ਜੋਨ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸਿੱਖਾਂ ਨੂੰ 30ਸਾਲ ਬੀਤ ਜਾਣ ’ਤੇ ਵੀ ਕੋਈ ਇਨਸਾਫ ਨਹੀਂ ਮਿਲਿਆ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਹੀ ਉਨ੍ਹਾਂ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਜਬਰੀ ਦੁਕਾਨ ਬੰਦ ਨਹੀ ਕਰਵਾਈ,ਬਲਕਿ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਸੀ। ਜਿਸ ਤਹਿਤ ਉਨ੍ਹਾਂ ਨੂੰ ਕੁਝ ਹੁੰਗਾਰਾ ਵੀ ਮਿਲਿਆ ਹੈ। ਬੰਦ ਦੇ ਮੱਦੇਨਜ਼ਰ ਉਕਤ ਕਸਬਿਆਂ ’ਚ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ਾਂਤੀ ਪੂਰਵਕ ਬੰਦ ਦਾ ਦਿਨ ਬੀਤਣ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ।
ਮੁਕੇਰੀਆਂ ਤੋਂ ਹਰਦੀਪ ਸਿੰਘ ਧਨੋਆ- ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਮਦੇਨਜ਼ਰ ਰੱਖਦੇ ਹੋਏ ਮੁਕੇਰੀਆਂ ਸ਼ਹਿਰ ਦੇ ਅੰਦਰ ਸ਼ਾਂਤਮਈ ਢੰਗ ਨਾਲ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਅਤੇ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ’ਚ ਪੂਰੇ ਸ਼ਹਿਰ ਦਾ ਚੱਕਰ ਲਗਾ ਕੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਕਲ ਜ਼ਿਲ੍ਹਾ ਪ੍ਰਧਾਨ ਚਾਚਾ ਕੁਲਦੀਪ ਸਿੰਘ ਮੁਕੇਰੀਆਂ, ਸਰਕਲ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ, ਤਜਿੰਦਰ ਸਿੰਘ ਅਮਰਜੀਤ ਸਿੰਘ ਲਵਲੀ, ਦਲਜੀਤ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਅਮ੍ਰਿੰਤ ਸਿੰਘ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਮੌਜੂਦ ਸਨ।
ਅੰਮ੍ਰਿਤਸਰ ਤੋਂ ਬਲਜੀਤ ਸਿੰਘ- ਪੰਜਾਬ ਬੰਦ ਦੇ ਸੱਦੇ ਦੌਰਾਨ ਇੱਥੇ ਸਿੱਖ ਦੰਗਾ ਪੀੜਤਾਂ ਨੇ ਸੜਕਾਂ ਦਾ ਘੇਰਾਓ ਕੀਤਾ ਅਤੇ ਨਾਲ ਹੀ ਰੇਲਵੇ ਟਰੈਕ ਨੂੰ ਰੋਕਣ ਦਾ ਯਤਨ ਕੀਤਾ ਜਿਸ ਦੇ ਚੱਲਦੇ ਪੁਲਿਸ ਨੇ ਇਸ ਯਤਨ ਨੂੰ ਨਾਕਾਮ ਕਰ ਦਿੱਤਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਮੇਤ ਹੋਰ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਹੋਏ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੁਲਿਸ ਦੇ ਇਸ ਵਿਵਹਾਰ ਨੇ ਪੰਜਾਬ ਸਰਕਾਰ ਦਾ ਚਿਹਰਾ ਸਾਹਮਣੇ ਲਿਆਂਦਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਰੇਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਕੀਤੀ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਅੰਮ੍ਰਿਤਸਰ ਦੇ ਹਾਲ ਗੇਟ ’ਤੇ ਤਾਇਨਾਤ ਕੀਤਾ ਗਿਆ ਸੀ।



