Skip to content
Independent perspectives. Global stories.
BREAKING

ਅਪਰਾਧੀਆਂ ਨਾਲ ਗੰਢ-ਸੰਢ ਬਾਰੇ ਬਾਜਵਾ ਆਪਣੀ ਸਥਿਤੀ ਸਪਸ਼ਟ ਕਰੇ : ਸ਼੍ਰੋਮਣੀ ਅਕਾਲੀ ਦਲ

Share this story

ਰਾਹੁਲ ਦੀ ਫੇਰੀ ਦੌਰਾਨ ਵੱਡੇ ਅਪਰਾਧੀਆਂ ਦੀ ਮਦਦ ਕਿਉਂ ਲਈ : ਮਹੇਸ਼ਇੰਦਰ ਸਿੰਘ ਗਰੇਵਾਲ
Page-1_35 ਚੰਡੀਗੜ੍ਹ 29 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਹੈ ਕਿ ਉਨ੍ਹਾਂ ਹਾਲ ਹੀ ਵਿੱਚ ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਦੌਰਾਨ ਆਪਣੀ ਪਾਰਟੀ ਵਿਚਲੇ ਵਿਰੋਧੀਆਂ ਨਾਲ ਨਜਿੱਠਣ ਲਈ ਬਦਨਾਮ ਅਪਰਾਧੀਆਂ ਦੀ ਕਿਉਂ ਵਰਤੋਂ ਕੀਤੀ ਅਤੇ ਇਨ੍ਹਾਂ ਅਪਰਾਧੀਆਂ ਨਾਲ ਉਸਦੇ ਕੀ ਸਬੰਧ ਹਨ?  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਗਏ ਪਾਰਸ ਗੈਂਗ ਨਾਮੀ ਬਦਨਾਮ ਅਪਰਾਧੀਆਂ ਦੇ ਸਰਗਨੇ ਪਾਲਾ ਬਰਾੜ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਰਾਹੁਲ ਦੀ ਮੀਟਿੰਗ ਲਈ ਕਾਂਗਰਸ ਪ੍ਰਧਾਨ ਵੱਲੋਂ ਉਸ ਨੂੰ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਬਦਨਾਮ ਅਪਰਾਧੀ ਵੱਲੋਂ ਕੀਤੇ ਖੁਲਾਸੇ ਨਾਲ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ ਅਤੇ ਇਹ ਜਗਜ਼ਾਹਰ ਹੋ ਚੁੱਕਾ ਹੈ ਕਿ ਬਾਜਵਾ ਦੇ ਵੱਡੇ ਅਪਰਾਧੀਆਂ ਨਾਲ ਗਹਿਰੇ ਸਬੰਧ ਹਨ ਅਤੇ ਉਹ ਆਪਣੇ ਰਾਜਸੀ ਲਾਹੇ ਲਈ ਅਜਿਹੇ ਅਪਰਾਧੀਆਂ ਨੂੰ ਵਰਤਦਾ ਰਿਹਾ ਹੈ।

ਅਕਾਲੀ ਨੇਤਾ ਸ. ਗਰੇਵਾਲ ਨੇ ਕਿਹਾ ਕਿ ਬਾਜਵਾ ਨੇ ਸਿਰਫ ਪਾਰਸ ਗੈਂਗ ਦੇ ਅਪਰਾਧੀਆਂ ਦੀ ਮਦਦ ਹੀ ਨਹੀਂ ਲਈ ਬਲਕਿ ਅਸਲਾ ਸਮਗਲਰ ਗੁਰਤੇਜ ਸਿੰਘ ਪਨੂੰ ਦੀ ਵੀ ਮਦਦ ਲਈ ਹੈ ਤਾਂ ਜੋ ਪਾਰਟੀ ਵਿਚਲੇ ਉਸ ਦੇ ਵਿਰੋਧੀ ਕਾਂਗਰਸੀ ਨੇਤਾ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਨੇੜੇ ਨਾ ਢੁੱਕ ਸਕਣ।  ਉਨ੍ਹਾਂ ਕਿਹਾ ਕਿ ਇਸ ਸਰਗਣੇ ਵਲੋਂ ਕੀਤੇ ਖੁਲਾਸਿਆਂ ਮੁਤਾਬਿਕ ਪਨੂੰ ਨੇ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਜਾਵਲੀ ਫਾਰਮ ਹਾਊਸ ਵਿੱਚ ਪਾਲਾ ਬਰਾੜ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਨੂੰ ਠਾਹਰ ਵੀ ਦਿੱਤੀ ਸੀ ਜਿਨ੍ਹਾਂ ਨੂੰ ਬਾਜਵਾ ਨੇ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਚ ਉਸ ਦਿਨ ਬੁਲਾਇਆ ਅਤੇ ਜਾਅਲੀ ਪਛਾਣ ਪੱਤਰਾਂ ਰਾਹੀਂ ਇਨ੍ਹਾਂ ਅਪਰਾਧੀਆਂ ਨੂੰ ਅੰਦਰ ਦਾਖਲਾ ਦੁਆਇਆ।
ਸ. ਗਰੇਵਾਲ ਨੇ ਕਿਹਾ ਕਿ ਇਨ੍ਹਾਂ ਤਾਜ਼ਾ ਖੁਲਾਸਿਆਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਅਸਲੀਅਤ ਬੇਨਕਾਬ ਕੀਤੀ ਹੈ ਕਿ ਕਿਵੇਂ ਉਸ ਨੇ ਅਪਰਾਧੀ ਪਨੂੰ ਨੂੰ ਦਸ ਵਾਰ ਫੋਨ ਕੀਤੇ ਅਤੇ ਆਪਣੇ ਵਿਰੋਧੀਆਂ ਨੂੰ ਰਾਹੁਲ ਤੋਂ ਦੂਰ ਰਖਣ ਲਈ ਸਾਜ਼ਿਸ਼ ਘੜੀ।  ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ਾਂ ਕਾਰਨ ਬਾਜਵਾ ਰਾਜ ਦੀ ਜਨਤਾ ਅੱਗੇ ਸਥਿਤੀ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਬਾਜਵਾ ਇਹ ਆਖ ਕੇ ਬੁੱਤਾ ਨਹੀ ਸਾਰ ਸਕਦਾ ਕਿ ਉਹ ਪਨੂੰ ਨੂੰ ਨਹੀਂ ਜਾਣਦਾ ਜਦਕਿ ਵਿਧਾਇਕਾਂ ਲਈ ਵੀ ਪ੍ਰਤੀਬੰਧਤ ਖੇਤਰ ਵਿੱਚ ਪਨੂੰ ਨੂੰ ਦਾਖਲਾ ਦੁਆਉਣ ਲਈ ਬਾਜਵਾ ਨੇ ਹਰ ਹੀਲਾ ਵਰਤਿਆ। ਉਨ੍ਹਾਂ ਪੁਛਿਆ ਕਿ ਕੀ ਕੋਈ ਅਤਿ ਵਿਸ਼ੇਸ਼ ਹਸਤੀ ਦੀ ਸਟੇਜ ਨੇੜੇ ਅਜਿਹੇ ਬਦਨਾਮ ਵਿਅਕਤੀ ਨੂੰ ਪਹੁੰਚਾਉਣ ਲਈ ਹਿੰਮਤ ਕਰ ਸਕਦਾ ਹੈ ਜਿਸ ਨੂੰ ਬਾਜਵਾ ਸਿਰਫ ਇਹ ਕਹਿ ਕਿ ਟਾਲ ਰਿਹਾ ਹੈ ਕਿ ਇਹ ਬੰਦਾ ਉਨ੍ਹਾਂ ਦੇ ਪੁਰਾਣੇ ਗੁਆਂਢੀ ਦਾ ਲੜਕਾ ਹੈ ਜਦਕਿ ਉਹ ਪਾਰਟੀ ਦਾ ਵੀ ਕੋਈ ਮੈਂਬਰ ਨਹੀਂ।
ਅਕਾਲੀ ਨੇਤਾ ਨੇ ਕਿਹਾ ਕਿ ਇਹ ਤਾਂ ਇੱਕ ਘਟਨਾ ਦਾ ਹੀ ਖੁਲਾਸਾ ਹੋਇਆ ਹੈ ਅਤੇ ਲੋੜ ਇਸ ਗੱਲ ਦਾ ਪਤਾ ਲਾਉਣ ਦੀ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਪਿਛਲੇ ਸਮੇਂ ਦੌਰਾਨ ਵੀ ਬਦਨਾਮ ਅਪਰਾਧੀਆਂ ਨਾਲ ਕਿਹੋ ਜਿਹੀ ਸਾਂਠ-ਗਾਂਠ ਰਹੀ ਹੈ। ਉਨ੍ਹਾਂ ਬਾਜਵਾ ’ਤੇ ਸ਼ੱਕ ਦੀ ਨਿਗ੍ਹਾ ਰਖਦਿਆਂ ਜਾਂਚ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੇਸ ਦੀ ਤਹਿ ਤਕ ਤਫਤੀਸ਼ ਕਰਨ  ਤਾਂ ਜੋ  ਅਸਲ ਸੱਚਾਈ ਸਾਹਮਣੇ ਆ ਸਕੇ। ਇਸੇ ਦੌਰਾਨ ਸ. ਗਰੇਵਾਲ ਨੇ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਉਹ ਇਨ੍ਹਾਂ ਤਾਜ਼ਾ ਖੁਲਾਸਿਆਂ ਦੀ ਆਪਣੇ ਪੱਧਰ ’ਤੇ ਪੜਤਾਲ ਕਰਵਾਉਣ ਕਿਉਂਕਿ ਬਾਜਵਾ ਵੱਲੋਂ ਬਦਨਾਮ ਅਪਰਾਧੀਆਂ ਨੂੰ ਸ਼ਹਿ ਦੇਣ ਨਾਲ ਉਨ੍ਹਾਂ ਦੀ ਅਤਿ ਵਿਸ਼ੇਸ਼ ਸੁਰੱਖਿਆ ਨਾਲ ਮਜ਼ਾਕ ਕੀਤਾ ਗਿਆ ਹੈ ਅਤੇ ਅਜਿਹੇ ਵਿਅਕਤੀ ਕਿਸੇ ਵੀ ਰਾਜਸੀ ਬੰਦੇ ਨਾਲ ਕਿੜ ਕੱਢਣ ਲਈ ਅਪਰਾਧੀਆਂ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਇਸ ਗੱਲ ਦਾ ਵੀ ਪਤਾ ਲਾਉਣ ਕਿ ਅਪਰਾਧੀ ਪਨੂੰ ਨੂੰ ਸਟੇਜ ਦੇ ਨੇੜੇ ਪਹੁੰਚਾਉਣ ਲਈ ਕਿਸ ਨੇ ਮਦਦ ਕੀਤੀ ਅਤੇ ਇਨ੍ਹਾਂ ਅਪਰਾਧੀਆਂ ਨੂੰ ਸਮਾਗਮ ਵਾਲੀ ਥਾਂ ’ਤੇ ਜਾਅਲੀ ਸ਼ਨਾਖਤੀ ਪੱਤਰ ਕਿਸ ਨੇ ਮੁਹੱਈਆ ਕਰਵਾਏ।
਼

WRITTEN BY