Skip to content
Independent perspectives. Global stories.
BREAKING

ਚਾਰ ਖੱਬੀਆਂ ਪਾਰਟੀਆਂ ਵੱਲੋਂ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ 28 ਨਵੰਬਰ ਨੂੰ

Share this story

ਸੁਨਾਮ, 26 ਅਕਤੂਬਰ- ਸੂਬੇ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ 4 ਅਗਸਤ 2014 ਤੋਂ ਅਰੰਭੇ ਗਏ ਸਾਂਝੇ ਸੰਘਰਸ਼ ਦੇ ਸਿਖਰ ਪੜਾਅ ਵਜੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰ ਦੀ ਇਤਿਹਾਸਿਕ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਸਾਂਝੇ ਘੋਲ ਦੀਆਂ 14 ਮੰਗਾਂ ਉਪਰ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਚਾਰਾਂ ਪਾਰਟੀਆਂ ਨੇ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਸਾਂਝੇ ਸੰਘਰਸ਼ ਨੂੰ ਮਿਲ ਰਹੇ ਉਤਸ਼ਾਹਜਨਕ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ, ਸੀ ਪੀ ਐਮ ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ, ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਵੱਲੋਂ ਜਾਰੀ ਇੱਕ ਬਿਆਨ ਮੁਤਾਬਿਕ ਚਾਰਾਂ ਪਾਰਟੀਆਂ ਨੇ

ਕਿਰਤੀ ਲੋਕਾਂ ਦੀਆਂ ਭੱਖਦੀਆਂ ਫੌਰੀ ਸਮੱਸਿਆਵਾਂ ਅਤੇ ਜਮਹੂਰੀਅਤ ਨੂੰ ਭਾਰੀ ਢਾਅ ਲਾਉਣ ਵਾਲੇ ਕਾਲੇ ਕਾਨੂੰਨ ਵਿਰੁੱਧ ਪੜਾਅਵਾਰ ਸਾਂਝਾ ਸੰਘਰਸ਼ ਅਰੰਭਿਆ ਹੈ ਜੋ ਲੋਕਾਂ ਦੇ ਵਿਸ਼ਾਲ ਭਾਗਾਂ ਦਾ ਧਿਆਨ ਖਿੱਚ ਰਿਹਾ ਹੈ। ਪਾਰਟੀ ਨੇਤਾਵਾਂ ਮੁਤਬਿਕ 2 ਸਤੰਬਰ ਤੋਂ 5 ਸਤੰਬਰ ਤੱਕ ਪ੍ਰਾਂਤ ਦੇ ਲੱਗਭੱਗ ਸਾਰੇ ਜ਼ਿਲ੍ਹਾ ਕੇਂਦਰਾਂ ਉਪਰ ਮਾਰੇ ਗਏ ਪ੍ਰਭਾਵਸ਼ਾਲੀ ਧਰਨਿਆਂ ’ਤੇ ਮੁਜ਼ਾਹਰਿਆਂ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਨੇ ਇਹ ਭਲੀਭਾਂਤ ਦਰਸਾਅ ਦਿੱਤਾ ਹੈ ਕਿ ਇਸ ਸਾਂਝੀ ਜਨਤਕ ਲਾਮਬੰਦੀ ਨੇ ਕਿਰਤੀ ਲੋਕਾਂ ਅੰਦਰ ਨਵੀਆਂ ਆਸਾਂ ਜਗਾਈਆਂ ਹਨ। ਭਾਰੀ ਬਾਰਸ਼ਾਂ ਕਾਰਨ ਮੌਸਮ ’ਚ ਖਰਾਬੀ ਆਉਣ ਦੇ ਬਾਵਜੂਦ ਲੋਕਾਂ ਨੇ, ਬਹੁਤੀਆਂ ਥਾਵਾਂ ’ਤੇ ਇਨ੍ਹਾਂ ਐਕਸ਼ਨਾਂ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਸ਼ਮੂਲੀਅਤ ਕਰਕੇ ਇਨ੍ਹੰ ਨੂੰ ਸ਼ਾਨਦਾਰ ਸਫਲਤਾ ਪ੍ਰਦਾਨ ਕੀਤੀ ਹੈ। ਔਰਤਾਂ ਵੱਲੋਂ ਕੀਤੀ ਗਈ ਵੱਡੀ ਸ਼ਮੂਲੀਅਤ ਨੇ ਤਾਂ ਪ੍ਰਾਂਤ ਅੰਦਰ ਕਿਰਤੀ ਲਹਿਰ ਦੇ ਵਿਕਾਸ ਲਈ ਬਹੁਤ ਹੀ ਉਤਸ਼ਾਹਜਨਕ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ।
ਚਾਰਾਂ ਪਾਰਟੀਆਂ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਹੈ ਕਿ ਸਾਂਝੇ ਸੰਘਰਸ਼ ਦੇ ਬਾਵਜੂਦ ਬਾਦਲ ਸਰਕਾਰ ਦੇ ਕੰਨਾਂ ’ਤੇ ਅਜੇ ਤੱਕ ਜੂੰ ਨਹੀਂ ਸਰਕ ਰਹੀ ਅਤੇ ਉਹ ਆਪਣੀਆਂ ਲੋਕ-ਵਿਰੋਧੀ ਪਹੁੰਚਾਂ ਪਹਿਲਾਂ ਵਾਂਗ ਹੀ ਜਾਰੀ ਰੱਖ ਰਹੀ ਹੈ। ਦੂਜੇ ਬੰਨੇ ਕੇਂਦਰ ਵਿਚਲੀ ਮੋਦੀ ਸਰਕਾਰ ਨਿੱਤ ਨਵੇਂ ਲੋਕ-ਮਾਰੂ ਕਦਮ ਚੁੱਕ ਰਹੀ ਹੈ ਜਿਸ ਨਾਲ ਆਮ ਲੋਕਾਂ ’ਤੇ ਹੋਰ ਵਧੇਰੇ ਆਰਥਿਕ ਭਾਰ ਪੈ ਰਿਹਾ ਹੈ, ਜਮਹੂਰੀ ਕਦਰਾਂ ਕੀਮਤਾਂ ਨੂੰ ਹੋਰ ਢਾਅ ਲੱਗ ਰਹੀ ਹੈ ਅਤੇ ਫਿਰਕੂ ਤੱਤਾਂ ਨੂੰ ਸ਼ਹਿ ਮਿਲ ਰਹੀ ਹੈ। ਸਾਂਝੇ ਮੁਜ਼ਾਹਰਿਆਂ ਸਮੇਂ ਸਰਕਾਰ ਨੂੰ ਭੇਜੇ ਗਏ 14 ਨੁਕਾਤੀ ਮੰਗ ਪੱਤਰਾਂ ਰਾਹੀਂ ਕਿਰਤੀ ਲੋਕਾਂ ਦੇ ਹਰ ਵਰਗ ਨਾਲ ਸਬੰਧਤ ਮੰਗਾਂ ਨੂੰ ਉਭਾਰਿਆ ਗਿਆ ਹੈ। ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਇਹਨਾਂ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਇਸ ਸਾਂਝੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਚੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਮਹੀਨੇ (ਅਕਤੂਬਰ) ਸਾਰੇ ਪ੍ਰਾਂਤ ਜਥਾ ਮਾਰਚ ਕੀਤਾ ਜਾ ਰਿਹਾ ਹੈ। 28 ਨਵੰਬਰ ਨੂੰ ਲੁਧਿਆਣਾ ਵਿਖੇ ਸੂਬਾਈ ਪੱਧਰ ਦੀ ਇਤਿਹਾਸਕ ਰੈਲੀ ਕੀਤੀ ਜਾਵੇਗੀ।
ਚਾਰਾਂ ਪਾਰਟੀਆਂ ਵੱਲੋਂ ਸਾਂਝੇ ਘੋਲ ਦੀਆਂ 14 ਮੰਗਾਂ ਵਿੱਚ ਹਰ ਵਰਗ ਦੇ ਮਸਲੇ ਸ਼ਾਮਿਲ ਕੀਤੇ ਗਏ ਹਨ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014’ ਦੇ ਨਾਂਅ ਹੇਠ ਪਾਸ ਕੀਤੇ ਗਏ ਜਮਹੂਰੀਅਤ ਦਾ ਕਤਲ ਕਰਨ ਵਾਲੇ ਜ਼ਾਲਮਾਨਾ ਕਾਲੇ ਕਾਨੂੰਨ ਨੂੰ ਵਾਪਿਸ ਲਿਆ ਜਾਵੇ। ਸ਼ਹਿਰੀ ਜਾਇਦਾਦ ਉੱਤੇ ਲਾਇਆ ਗਿਆ ਸਮੁੱਚਾ ਪ੍ਰਾਪਰਟੀ ਟੈਕਸ ਖਤਮ ਕੀਤਾ ਜਾਵੇ। ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਉਪਰ ਰੋਕ ਲਗਾਈ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ।
ਚਾਰੇ ਖੱਬੀਆਂ ਪਾਰਟੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਿਆਂ ਰੇਤਾ-ਬਜਰੀ, ਟਰਾਂਸਪੋਰਟ, ਕੇਬਲ ਅਤੇ ਭੂਮੀ ਮਾਫੀਆ ਨੂੰ ਨੱਥ ਪਾਈ ਜਾਵੇ। ਇਹਨਾਂ ਮਾਫੀਆ ਗਰੋਹਾਂ ’ਚ ਸ਼ਾਮਿਲ ਰਾਜਨੀਤਿਕ ਆਗੂਆਂ, ਮੰਤਰੀਆਂ ਅਤੇ ਹੋਰ ਰਾਜਨੀਤਕ ਅਸਰ ਰਸੂਖ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਾ ਜਾਵੇ, ਪ੍ਰਸ਼ਾਸਨ ’ਚ ਪਸਰੀ ਕੁਰੱਪਸ਼ਨ ਰੋਕੀ ਜਾਵੇ ਅਤੇ ਲੋੜਵੰਦਾਂ ਲਈ ਸਸਤੀ ਰੇਤ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਚਾਰੇ ਖੱਬੇਪੱਖੀ ਨੇਤਾਵਾਂ ਦਾ ਕਹਿਣਾ ਹੈ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਬਿਨਾਂ ਸ਼ਰਤ ਘੱਟੋ-ਘੱਟ 3000 ਰੁਪਏ ਮਹੀਨਾ ਕੀਤੀਆਂ ਜਾਣ। ਇਸਤਰੀਆਂ ਉਪਰ ਵੱਧ ਰਹੇ ਅੱਤਿਆਚਾਰ ਰੋਕੇ ਜਾਣ। 44ਵੀਂ ਅਤੇ 45ਵੀਂ ਭਾਰਤੀ ਕਿਰਤ ਕਾਨਫਰੰਸਾਂ ਦੀਆਂ ਸਿਫਾਰਸ਼ਾਂ ਅਨੁਸਾਰ ਗੈਰ ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ 15000 ਰੁਪਏ ਮਹੀਨਾ ਨਿਰਧਾਰਤ ਕੀਤੀ ਜਾਵੇ। ਹਰ ਬੇਘਰੇ ਨੂੰ ਘਰ ਬਣਾਉਣ ਲਈ 10 ਮਲਰੇ ਜ਼ਮੀਨ ਦਾ ਪਲਾਟ ਦਿੱਤਾ ਜਾਵੇ ਅਤੇ ਘਰ ਉਸਾਰਨ ਲਈ ਤਿੰਨ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਖੱਬੀਆਂ ਪਾਰਟੀਆਂ ਦੀ ਮੰਗ ਹੈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਾਗਰੀ ਭੱਤਾ ਦਿੱਤਾ ਜਾਵੇ। ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਉਸਾਰੀਆਂ ਅਸਾਮੀਆਂ ਭਰੀਆਂ ਜਾਣ। ਮਨਰੇਗਾ ਨੂੰ ਕਮਜ਼ੋਰ  ਕਰਨ ਦੇ ਮਨਸੂਬੇ ਬੰਦ ਕੀਤੇ ਜਾਣ ਅਤੇ ਉਸ ਦਾ ਵਿਸਤਾਰ ਕਰਕੇ ਇਸ ਨੂੰ ਸਥਾਈ ਸਕੀਮ ਬਣਾਇਆ ਜਾਵੇ ਜਿਸ ਅਧੀਨ ਸਾਰੇ ਲੋੜਵੰਦਾਂ ਲਈ ਪੂਰੇ ਸਾਲ ਦੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ ਅਤੇ ਦਿਹਾੜੀ 350 ਰੁਪਏ ਕੀਤੀ ਜਾਵੇ।
ਖੇਤੀ ਖੇਤਰ ਨਾਲ ਸਬੰਧਤ ਮੰਗਾਂ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਜਿਣਸਾਂ ਦੇ ਘੱਟੋ-ਘੱਟ ਹਮਾਇਤੀ ਭਾਅ ਬੰਨ੍ਹੇ ਜਾਣ ਅਤੇ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ। ਹੜ੍ਹਾਂ ਅਤੇ ਸੋਕੇ ਕਾਰਨ ਤਬਾਹ ਹੋਈਆਂ ਫਸਲਾਂ ਲਈ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਭੂਮੀ ਅਧੀਗ੍ਰਹਿਣ ਕਾਨੂੰਨ ਵਿੱਚ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਸੋਧਾਂ ’ਤੇ ਰੋਕ ਲਾਈ ਜਾਵੇ। ਖੱਬੀਆਂ ਪਾਰਟੀਆਂ ਇਹ ਵੀ ਚਾਹੁੰਦੀਆਂ ਹਨ ਕਿ ਸਸਤੀ ਵਿੱਦਿਆ ਅਤੇ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਕੀਤੀਆਂ ਜਾਣ ਅਤੇ ਪੰਜਾਬ ਦੀਆਂ ਸਰਕਾਰੀ ਸੜਕਾਂ ਤੋਂ ਟੋਲ ਪਲਾਜੇ ਹਟਾਏ ਜਾਣ। ਪਾਰਟੀ ਨੇਤਾਵਾਂ ਨੇ ਦੱਸਿਆ ਕਿ ਚਾਰੇ ਪਾਰਟੀਆਂ ਵੱਲੋਂ ਲੁਧਿਆਣਾ ਵਿਖੇ ਗਿੱਲ ਚੌਕ ਨੇੜੇ ਮਲੇਰਕੋਟਲਾ ਰੋਡ ’ਤੇ ਪੈਂਦੀ ਵਿਸ਼ਾਲ ਦਾਣਾ ਮੰਡੀ ਵਿਖੇ ਹੋਣ ਵਾਲੀ ਸਾਂਝੀ ਰੈਲੀ ਵਿੱਚ ਇੱਕ ਲੱਖ ਕਿਰਤੀ ਸ਼ਮੂਲੀਅਤ ਕਰਨਗੇ ਤਾਂ ਜੋ ਲੋਕਾਂ ਨੂੰ ਗਰੀਬੀ, ਮਹਿੰਗਾਈ, ਬੇਰੁਜ਼ਾਗਰੀ ਤੇ ਭ੍ਰਿਟਾਚਾਰ ਵਰਗੀਆਂ ਮੁਸੀਬਤਾਂ ਤੋਂ ਮੁਕਤੀ ਦੁਆਉਣ ਲਈ ਪ੍ਰਾਂਤ ਅੰਦਰ ਮਜ਼ਬੂਤ ਅਤੇ ਵਿਸ਼ਾਲ ਜਨਸ਼ਕਤੀ ਦਾ ਨਿਰਮਾਣ ਕੀਤਾ ਜਾ ਸਕੇ।

WRITTEN BY