ਗੁਰਮੇਲ ਸਿੰਘ ਖਾਲਸਾ
ਸੰਪਰਕ : 99147-01469
ਗਿਆਸਪੁਰਾ, ਲੁਧਿਆਣਾ
ਧਰਤੀ ਦੇ ਹੇਠ ਜਦੋਂ ਧਾਤਾਂ-ਅਧਾਤਾਂ ਤੇ 45 ਤੋਂ 60 ਕਿਲੋਬਾਰ ਦਾ ਦਬਾਓ ਪੈਂਦਾ ਹੈ ਤਾਂ ਇਹ ਧਾਤਾਂ ਅਤੇ ਅਧਾਤਾਂ ਇਕੱਠੀਆਂ ਹੋ ਕੇ ਪਿਘਲਣ ਲੱਗਦੀਆਂ ਹਨ । ਇਹ ਕ੍ਰਿਆ ਧਰਤੀ ਦੇ ਹੇਠ 140 ਤੋਂ 400 ਕਿਲੋਮੀਟਰ ਦੀ ਡੁੰਘਾਈ ਤੇ ਹੁੰਦੀ ਹੈ । ਇਹਨਾਂ ਪਿਘਲੇ ਹੋਏ ਪਦਾਰਥਾਂ ਨੂੰ ਮੈਗਮਾਂ ਕਿਹਾ ਜਾਂਦਾ ਹੈ ।ਇਸ ਮੈਗਮਾਂ ਦਾ ਤਾਪਮਾਨ 900 ਤੋਂ 1300 ਡਿਗਰੀ ਸੈਲਸੀਅਸ ਹੁੰਦਾ ਹੈ । ਧਰਤੀ ਦੀਆਂ ਕੁੱਝ ਏਹੋ ਜਿਹੀਆਂ ਥਾਵਾਂ ਹੁੰਦੀਆਂ ਹਨ ਜਿਥੋਂ ਇਹ ਮੈਗਮਾਂ ਲਾਵਾ ਬਣ ਕੇ ਫੁੱਟਦਾ ਹੈ । ਇਹਨਾਂ ਬਾਹਰ ਡਿਗੇ ਹੋਏ ਮੈਗਮਾਂ ਦੇ ਪਦਾਰਥਾ ਵਿੱਚ ਕਦੇ ਕਦੇ ਹੀਰੇ ਭੀ ਹੁੰਦੇ ਹਨ । ਇਸ ਤਰਾਂ ਦੇ ਲਾਵਿਆਂ ਵਿੱਚੋਂ ਨਿਕਲਿਆ ਸੱਭ ਤੋਂ ਵਧੀਆ ਹੀਰਾ ਕੋਹੇਨੂਰ ਹੈ । ਦੁਨੀਆਂ ਵਿੱਚ ਅੱਜ ਤੱਕ ਇਸ ਤੋਂ ਵਧੀਆ ਹੀਰਾ ਨਹੀਂ ਹੈ । ਇਸ ਦਾ ਰੰਗ ਸਾਫ ਤੇ ਪਾਰਦਰਸ਼ੀ ਹੈ । ਇਹੀ ਇਸ ਦੀ ਅਲੱਗ ਪਹਿਚਾਣ ਹੈ । ਇਹ ਹੀਰਾ ਭਾਰਤ ਦੇ ਮੁਗਲ ਰਾਜਿਆਂ ਦੇ ਖਜਾਨਿਆਂ ਵਿੱਚ 1739 ਤੱਕ ਬੇਨਾਮੀ ਦੀ ਹਾਲਤ ਵਿੱਚ ਪਿਆ ਰਿਹਾ । ਜਦੋਂ ਅਹਿਮਦ ਸਾਹ ਅਬਦਾਲੀ ਦੇ ਪੁੱਤਰ ਨਾਦਰ ਸ਼ਾਹ ਨੇ ਮੁਗਲ ਬਾਦਸ਼ਾਹ ਦੇ ਖਜਾਨੇ ਵਿੱਚ ਚਮਕਾ ਮਾਰਦਾ ਇਹ ਹੀਰਾ ਦੇਖਿਆ ਤਾਂ ਨਾਦਰ ਸ਼ਾਹ ਦੇ ਮੂੰਹੋਂ ਸੁੱਤੇ ਸਿੱਧ ਹੀ ਇਹ ਨਿਕਲਿਆ, ‘ਵਲੱਹ ਈ ਕੋਹੇਨੂਰ ਅਸਤ’ ਇਸ ਦਾ ਮਤਲਬ ਹੈ , ਵਾਹ! ਚਾਨਣ ਦਾ ਪਹਾੜ । ਉਸ ਸਮੇਂ ਤੋਂ ਹੀ ਇਸ ਦਾ ਨਾਉਂ ਕੋਹੇਨੂਰ ਹੀਰਾ ਪੈ ਗਿਆ । ਨਾਦਰ ਸ਼ਾਹ ਇਸ ਹੀਰੇ ਨੂੰ ਭਾਰਤ ਦੇ ਮੁਗਲ ਖਜਾਨੇ ਵਿੱਚੋਂ ਲੁੱਟ ਕੇ ਕਾਬਲ ਲੈ ਗਿਆ । 15 ਦਸੰਬਰ 1525 ਨੂੰ ਬਾਬਰ ਨੇ ਭਾਰਤ ਤੇ ਹਮਲਾ ਕੀਤਾ । 20 ਅਪਰੈਲ 1526 ਨੂੰ ਬਾਬਰ ਦਾ ਦਿੱਲੀ ਤੇ ਕਬਜਾ ਹੋ ਗਿਆ । ਬਾਬਰ ਕਾਬਲ ਦਾ ਸੀ । ਦਿੱਲੀ ਦੇ ਤਖਤ ਤੇ ਇਬਰਾਹੀਮ ਲੋਧੀ ਸੀ, ਉਹ ਪਾਣੀਪਤ ਦੀ ਲੜਾਈ ਵਿੱਚ ਮਾਰਿਆ ਗਿਆ । ਇਬਰਾਹੀਮ ਲੋਧੀ ਦਾ ਪਰਿਵਾਰ ਅਤੇ ਖਜ਼ਾਨਾ ਆਗਰੇ ਕਿਲੇ ਵਿੱਚ ਸੀ । ਬਾਬਰ ਨੇ ਫੌਰਨ ਆਪਣੇ ਪੁੱਤਰ ਹਿੰਮਯੂ ਨੂੰ ਆਗਰੇ ਦੇ ਕਿਲੇ ਤੇ ਕਬਜਾ ਕਰਨ ਲਈ ਹੁਕਮ ਦਿੱਤਾ । ਜਦੋਂ ਹਿੰਮਾਯੂ ਨੇ ਆਗਰੇ ਦੇ ਕਿਲੇ ਤੇ ਕਬਜਾ ਕਰ ਲਿਆ ਤਾਂ
ਇਬਰਾਹੀਮ ਲੋਧੀ ਦੀ ਮਾਂ ਨੇ ਸਾਰਿਆਂ ਦੀ ਜਾਨ ਬਖਸ਼ੀ ਲਈ ਹਿਮਾਯੂ ਨੂੰ ਇੱਕ ਡੱਬੀ ਭੇਂਟ ਕੀਤੀ । ਉਸ ਡੱਬੀ ਵਿੱਚ ਕੋਹੇਨੂਰ ਹੀਰਾ ਸੀ । ਹਿੰਮਾਯੂ ਨੇ ਇਹ ਹੀਰਾ ਦਿੱਲੀ ਆਪਣੇ ਪਿਤਾ ਬਾਬਰ ਨੂੰ ਭੇਂਟ ਕੀਤਾ । ਹੀਰਾ ਦੇਖ ਕੇ ਬਾਬਰ ਬਹੁਤ ਖੁਸ਼ ਹੋਇਆ । ਉਦੋਂ ਤੋਂ ਇਹ ਹੀਰਾ ਮੁਗਲ ਖਜਾਨੇ ਦਾ ਸਿੰਗਾਰ ਬਣਿਆ । ਇਸ ਹੀਰੇ ਦਾ ਵਜਨ ਕੀਤਾ ਗਿਆ । ਇਸ ਦਾ ਵਜ਼ਨ 320 ਰੱਤੀ ਸੀ । ਰੱਤੀ ਇੱਕ ਬੂਟੀ ਦਾ ਬੀਜ ਹੁੰਦਾ ਹੈ । ਇਸ ਦਾ ਰੰਗ ਸੁਰਖ ਲਾਲ ਅਤੇ ਮੂੰਹ ਕਾਲ਼ਾ ਹੁੰਦਾ ਹੈ । ਇਹ ਭਾਰਤੀ ਤੋਲ ਦੀ ਮੁਢਲੀ ਇਕਾਈ ਸੀ ਤੇ ਹੈ । ਅਫੀਮ ਦੇ ਬੀਜ਼ ਨੂੰ ਖਸਖਸ ਕਿਹਾ ਜਾਂਦਾ ਹੈ । ਦੇਸੀ ਤੋਲ ਇਸ ਤਰਾਂ ਹੁੰਦਾ ਹੈ :- ਅੱਠ ਖਸਖਸ ਦੇ ਦਾਣਿਆ ਦਾ ਇੱਕ ਚੌਲ਼ ਬਣਦਾ ਹੈ । ਅੱਠ ਚੌਲ਼ਾਂ ਦੇ ਦਾਣਿਆਂ ਦੀ ਇੱਕ ਰੱਤੀ । ਅੱਠ ਰੱਤੀਆਂ ਦਾ ਇੱਕ ਮਾਸਾ । ਬਾਰਾਂ ਮਾਸਿਆਂ ਦਾ ਇੱਕ ਤੋਲ ਜਾਂ ਤੋਲ਼ਾ ਹੁੰਦਾ ਹੈ । ਇਸ ਹਿਸਾਬ ਨਾਲ਼ ਇਕ ਮਾਸਾ ਇੱਕ ਗਰਾਮ ਦਾ ਹੋਇਆ । ਕੋਹੇਨੂਰ ਹੀਰੇ ਦਾ ਉਦੋਂ ਵਜ਼ਨ 320 ਰੱਤੀਆਂ ਸੀ ਜਾਣੀ ਕੇ ਕੋਹੇਨ੍ਰੂਰ ਹੀਰੇ ਦਾ ਵਜਨ 40 ਗ੍ਰਾਮ ਬਣਦਾ ਹੈ ।
ਮੁਗਲਾਂ ਦੇ ਖਜਾਨੇ ਵਿੱਚ ਹੋਰ ਵੀ ਹੀਰੇ ਸਨ । ਜਿਵੇਂ ਕਿ ਇੱਕ ਹੀਰੇ ਦਾ ਨਾਮ ਮੁਗਲ ਵੀ ਸੀ, ਜੋ ਕਿ 900 ਰੱਤੀਆਂ ਦਾ ਸੀ । ਇੱਕ ਦਰਿਆਈ ਨੂਰ ਵੀ ਸੀ, ਜੋ ਕਿ 290 ਰੱਤੀਆਂ ਦਾ ਸੀ । ਇਸ ਤਰਾਂ ਦੇ ਕੀਮਤੀ ਹੀਰਿਆ ਕਰਕੇ ਹੀ ਭਾਰਤ ਨੂੰ ਸੋਨੇ ਦੀ ਚਿੱੜੀ ਕਹਿੰਦੇ ਸਨ । ਇਹ ਮੁਗਲਾਂ ਦਾ ਖਜਾਨਾ ਔਰੰਗਜੇਬ ਤੱਕ ਸਹੀ ਸਲਾਮਤ ਰਿਹਾ । ਰਾਜ ਦਾ ਫੈਲਾਉ ਹੋ ਗਿਆ । ਔਰੰਗਜ਼ੇਬ ਦੇ ਵਾਰਸਾਂ ਤੋਂ ਰਾਜ ਸੰਭਾਲ਼ਿਆਂ ਨਾ ਗਿਆ । ਇੱਕ ਪਾਸਿਓਂ ਅੰਗਰੇਜਾਂ ਦਾ ਦਬਾਓ ਸੀ ਦੂਜੇ ਪਾਸਿਓਂ ਦੇਸੀ ਰਾਜਿਆਂ ਦੀ ਬਗਾਵਤ ਕਾਰਕੇ ਰਾਜ ਭਾਗ ਖਿੰਡ-ਪੁੰਡ ਗਿਆ । ਅਫਗਾਨ ਲੁਟੇਰੇ ਅਹਿਮਦ ਸ਼ਾਹ ਅਬਦਾਲੀ ਅਤੇ ਉਸ ਦੇ ਪੁੱਤਰ ਨਾਦਰ ਸ਼ਾਹ ਨੇ ਭਾਰਤ ਵਿੱਚ ਲੁੱਟ ਮਾਰ ਸ਼ੁਰੂ ਕਰ ਦਿੱਤੀ । ਬੇਸ਼ੱਕ ਜਦੋਂ ਇਹ ਲੁਟੇਰੇ ਪੰਜਾਬ ਵਿੱਚ ਦੀ ਲੰਘਦੇ ਸਨ ਤਾਂ ਰਸਤੇ ਵਿੱਚ ਇਹਨਾਂ ਚੋਰਾਂ ਤੇ ਮੋਰ ਪੈ ਜਾਂਦੇ । ਸਿੱਖ ਇਹਨਾਂ ਨੂੰ ਵੀ ਲੁੱਟ ਲੈਂਦੇ । ਇਸ ਨਾਲ਼ ਸਿੰਘਾਂ ਦੀ ਮਾਇਕ ਹਾਲਤ ਚੰਗੀ ਹੋ ਗਈ ਸੀ । ਮੁਗਲਾਂ ਦਾ ਖਜਾਨਾ ਜਿਸ ਦੇ ਭੀ ਹੱਥ ਲੱਗਿਆ ਉਸ ਨੇ ਖੈਰ ਨਹੀਂ ਕੀਤੀ । ਨਾਦਰ ਸ਼ਾਹ ਤੋਂ ਬਾਅਦ ਕਾਬਲ ਦੀ ਗੱਦੀ ਤੇ ਉਸ ਦਾ ਵੱਡਾ ਪੁੱਤਰ ਸ਼ਾਹ ਜਮਾਨ ਬੈਠਾ । ਸ਼ਾਹ ਜ਼ਮਾਨ ਦੀ ਉੇਮਰ ਤੇਈ ਸਾਲਾਂ ਦੀ ਸੀ । ਲਹੌਰ ਤੇ ਵੀ ਉਸਦਾ ਕਬਜਾ ਸੀ । ਸਿਖਾਂ ਦੀਆਂ 12 ਮਿਸਲ਼ਾਂ ਨੇ ਸ਼ਾਹ ਜ਼ਮਾਨ ਦੇ ਨੱਕ ਵਿਚ ਦਮ ਕਰ ਰੱਖਿਆ ਸੀ । ਸ਼ਾਹ ਜ਼ਮਾਨ ਪਹਿਲ ਦੇ ਅਧਾਰ ਤੇ ਸਿੱਖਾਂ ਦੀ ਸ਼ਕਤੀ ਨੂੰ ਨਸ਼ਟ ਕਰਨਾ ਚਾਹੁੰਦਾ ਸੀ । ਇਧਰ ਸਿੱਖਾਂ ਨੇ ਵੀ ਸਰਬੱਤ ਖਾਲਸਾ ਬੁਲਾ ਕੇ, ਕੁੱਝ ਮਿਸਲ਼ਾ ਨੇ ਇਕੱਠੀਆਂ ਹੋ ਕੇ, ਆਪਣੀ ਸ਼ਕਤੀ ਨੂੰ ਵਧਾ ਲਿਆ ਸੀ । ਰਣਜੀਤ ਸਿੰਘ ਨੂੰ ਉਹਨਾਂ ਆਪਣਾ ਆਗੂ ਬਣਾ ਲਿਆ ਸੀ । 12-01-1797 ਨੂੰ ਸ਼ਾਹ ਜਮਾਨ ਨੇ ਪੰਜਾਬ ਤੇ ਇੱਕ ਜੋਰਦਾਰ ਹਮਲਾ ਕੀਤਾ । ਸਿੱਖਾਂ ਨੇ ਵੀ ਆਪਣੀ ਪੂਰੀ ਸ਼ਕਤੀ ਨਾਲ਼ ਟਾਕਰਾ ਕੀਤਾ । ਸ਼ਾਹ ਜ਼ਮਾਨ ਨੇ ਲਹੌਰ ਦੇ ਸੰਮਣ ਬੁਰਜ ਵਿੱਚ ਸ਼ਰਨ ਲੈ ਲਈ ਅਤੇ ਦੜ ਵੱਟ ਕੇ ਬੈਠ ਗਿਆ । ਇਧਰ ਰਣਜੀਤ ਸਿੰਘ ਸ਼ਾਹ ਜ਼ਮਾਨ ਨੂੰ ਇਉਂ ਵੰਗਾਰ ਰਿਹਾ ਸੀ , ‘ ਨਿਕਲ਼ ਓਏ! ਅਬਦਾਲੀ ਦੇ ਪੋਤਰਿਆ, ਤੈਨੂੰ ਚੜਤ ਸਿੰਘ ਦਾ ਪੋਤਰਾ ਵੰਗਾਰ ਰਿਹਾ ਹੈ । ਰਣਜੀਤ ਸਿੰਘ ਨੇ ਗੋਲ਼ੀਆਂ ਚਲਾਈਆਂ । ਸ਼ਾਹ ਜ਼ਮਾਨ ਮੌਕਾ ਤਾੜ ਕੇ ਆਪਣੀ ਜਾਨ ਬਚਾ ਕੇ ਕਾਬਲ ਨੂੰ ਭੱਜ ਗਿਆ । ਇਸ ਲੜਾਈ ਵਿੱਚ ਸ਼ਾਹ ਜਮਾਨ ਦੇ 20 ਹਜਾਰ ਅਫਗਾਨ ਫੌਜੀ ਮਾਰੇ ਗਏ ਅਤੇ 15 ਹਜ਼ਾਰ ਰਣਜੀਤ ਸਿੰਘ ਦੇ ਸਿਪਾਹੀ ਵੀ ਮਾਰੇ ਗਏ । ਰਣਜੀਤ ਸਿੰਘ ਨੇ 15 ਹਾੜ 1856 ਸੰਮਤ ਜਾਣੀ 27 ਜੂਨ 1799 ਨੂੰ ਲਾਹੌਰ ਤੇ ਪੂਰਨ ਕਬਜਾ ਕਰ ਲਿਆ । 12-04-1801 ਵਿਸਾਖੀ ਵਾਲ਼ੇ ਦਿਨ ਨੂੰ ਇੱਕ ਸ਼ਾਨਦਾਰ ਦਰਬਾਰ ਸਜਾਇਆ ਗਿਆ । ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਗਾਇਆ ਅਤੇ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ । ਅਗਲੇ 10 ਸਾਲ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਪੱਕਿਆਂ ਕੀਤਾ । ਜਨਵਰੀ 1812 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਲ਼ੇ ਦੁਆਲ਼ੇ ਦੇ ਸਾਰੇ ਰਾਜਿਆਂ ਨੂੰ ਮਹਾਰਾਜ਼ ਖੜਕ ਸਿੰਘ ਦੇ ਵਿਆਹ ਤੇ ਆਉਣ ਲਈ ਸੱਦੇ ਪੱਤਰ ਭੇਜੇ । ਇੱਕ ਸੱਦਾ ਪੱਤਰ ਸ਼ਾਹ ਜ਼ਮਾਨ ਨੂੰ ਕਾਬਲ ਵਿੱਚ ਭੀ ਭੇਜਿਆ ਗਿਆ ਪਰ ਸ਼ਾਹ ਜਮਾਨ ਨਾਂ ਆਇਆ ।
1810 ਨੂੰ ਕਾਬਲ ਅੰਦਰ ਭਰਾਵਾਂ ਵਿੱਚ ਜੰਗ ਛਿੜ ਗਈ । ਸ਼ਾਹ ਜ਼ਮਾਨ ਅਤੇ ਸ਼ਾਹ ਸੁਜਾਹ ਸਕੇ ਭਾਈ ਸਨ । ਸ਼ਾਹ ਮਹਿਮੂਦ, ਸ਼ਾਹ ਜ਼ਮਾਨ ਦਾ ਮਤਰੇਆ ਭਾਈ ਸੀ । ਸ਼ਾਹ ਮਹਿਮੂਦ ਨੇ ਸ਼ਾਹ ਸੁਜਾਹ ਨਾਲ਼ ਗੱਠਜੋੜ ਕਰਕੇ ਸ਼ਾਹ ਜ਼ਮਾਨ ਨੂੰ ਕਾਬਲ ਦੀ ਗੱਦੀ ਤੋਂ ਲਾਹ ਦਿੱਤਾ ਅਤੇ ਸ਼ਾਹ ਸੁਜਾਹ ਨੂੰ ਕਾਬਲ ਦੀ ਗੱਦੀ ਤੇ ਬਠਾ ਦਿਤਾ । ਕਾਬਲ ਦੀ ਗੱਦੀ ਤੋਂ ਲਹਿੰਦੇ ਸਾਰ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੱਦਦ ਲੈਣ ਲਾਹੌਰ ਪਹੁੰਚ ਗਿਆ । ਉਸ ਨੇ ਕਾਬਲ ਤੇ ਹਮਲਾ ਕਰਨ ਲਈ ਕਿਹਾ । ਰਣਜੀਤ ਸਿੰਘ ਨੂੰ ਪਤਾ ਸੀ ਕਿ ਅਜੇ ਕਾਬਲ ਤੇ ਹਮਲਾ ਕਰਨਾ ਭਰਿੰਡਾਂ ਦੇ ਖੱਖਰ ਨੂੰ ਛੇੜਨਾ ਹੈ । ਰਣਜੀਤ ਸਿੰਘ ਨੇ ਨਾਂਹ ਕਰ ਦਿੱਤੀ । ਸ਼ਾਹ ਜ਼ਮਾਨ ਨੇ ਫਿਰ ਕਿਹਾ । ਚਲੋ ਠੀਕ ਹੈ , ਪਰ ਜਦੋਂ ਉਹਨਾਂ ਦਾ ਪਰਿਵਾਰ ਆਵੇ ਤਾਂ ਉਸਨੂੰ ਸ਼ਰਨ ਜਰੂਰ ਦੇ ਦੇਣਾ । ਇਸ ਕੰਮ ਲਈ ਰਣਜੀਤ ਸਿੰਘ ਨੇ ਹਾਂ ਕਰ ਦਿਤੀ । ਸ਼ਾਹ ਜ਼ਮਾਨ ਕਾਬਲ ਵਾਪਿਸ ਚਲਾ ਗਿਆ । ਓਧਰੋਂ ਸ਼ਾਹ ਸੁਜਾਹ ਨੇ ਸ਼ਾਹ ਜਮਾਨ ਦੀ ਪਟਰਾਣੀ ਵਫਾ ਬੇਗਮ ਨੂੰ ਕੋਹੇਨੂੰਰ ਹੀਰਾ, ਹੋਰ ਬਹੁਤ ਸਾਰਾ ਕੀਮਤੀ ਸਮਾਨ ਅਤੇ ਅੰਗ ਰੱਖਿਅੱਕ ਦੇ ਕੇ ਲਾਹੌਰ ਭੇਜ ਦਿੱਤਾ । ਵਾਪਿਸ ਆਉਂਦੇ ਸ਼ਾਹ ਜਮਾਨ ਨੂੰ ਕਸ਼ਮੀਰ ਦੇ ਗਵਰਨਰ ਨੇ ਗਰਿਫਤਾਰ ਕਰਕੇ ਕਸ਼ਮੀਰ ਦੇ ਸੇਰਗੜ ਕਿਲੇ ਵਿੱਚ ਬੰਦ ਕਰ ਦਿੱਤਾ । ਵਫ਼ਾ ਬੇਗਮ ਲਾਹੌਰ ਪਹੁੰਚ ਗਈ । ਸ਼ਾਹ ਮਹਿਮੂਦ ਨੂੰ ਪਤਾ ਲੱਗ ਗਿਆ । ਰਣਜੀਤ ਸਿੰਘ ਨੇ ਸ਼ਾਹ ਜਮਾਨ ਦੇ ਟੱਬਰ ਦੀ ਸੋਹਣੀ ਆਉ ਭਗਤ ਕੀਤੀ । ਉਹਨਾਂ ਨੂੰ ਜਹਾਂਗੀਰ ਦੀ ਮੁਬਾਰਕ ਹਵੇਲੀ ਵਿੱਚ ਆਰਾਮ ਨਾਲ਼ ਠਹਿਰਨ ਲਈ ਕਿਹਾ । ਉਹਨਾਂ ਦੀ ਮਹਿਮਾਨ ਨਿਵਾਜੀ ਵਿੱਚ ਕੋਈ ਕਸਰ ਨਹੀਂ ਛੱਡੀ ਗਈ । ਵਫਾ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਨਾਲ਼ ਸਮਝੌਤਾ ਕੀਤਾ, ਜੇ ਉਹ (ਮਹਾਰਾਜਾ ਰਣਜੀਤ ਸਿੰਘ) ਆਪਣੇ ਤੌਰ ਤੇ ਕਸ਼ਮੀਰ ਵਿੱਚ ਨਜ਼ਰਬੰਦ ਸ਼ਾਹ ਜਮਾਨ ਨੂੰ ਛੁਡਾ ਕੇ ਲਿਆਵੇ ਤਾਂ ਉਹ ਦੁਨੀਆਂ ਦਾ ਸੋਹਣਾ ਕੋਹੇਨੂਰ ਹੀਰਾ ਦੇ ਦੇਵੇਗੀ । ਓਧਰ ਸ਼ਾਹ ਮਹਿਮੂਦ ਨੂੰ ਵੀ ਪਤਾ ਲੱਗ ਗਿਆ ਕਿ ਸਾਹ ਜ਼ਮਾਨ ਨੂੰ ਕਸ਼ਮੀਰ ਦੇ ਗਵਰਨਰ ਨੇ ਗਰਿਫਤਾਰ ਕਰ ਲਿਆ ਹੈ । ਉਸ ਨੇ ਵੀ ਆਪਣਾ ਵਜ਼ੀਰ ਫਤਿਹ ਖਾਂ ਰਣਜੀਤ ਸਿੰਘ ਕੋਲ਼ ਭੇਜਿਆ । ਉਸ ਨੇ ਵੀ ਕਸ਼ਮੀਰ ਤੇ ਹਮਲਾ ਕਰਨ ਲਈ ਇੱਕ ਸਮਝੌਤੇ ਦੀ ਪੇਸ਼ਕਸ਼ ਕੀਤੀ । ਸਮਝੌਤੇ ਮੁਤਾਬਕ ਕਾਬਲ ਦਾ ਖਜਾਨਾ ਕਸ਼ਮੀਰ ਦੇ ਗਵਰਨਰ ਕੋਲ਼ ਹੈ । ਉਹ ਉਸ ਖਜ਼ਾਨੇ ਦਾ ਅੱਧਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਵੇਗਾ ਨਾਲ਼ 19 ਲੱਖ ਰੁਪੱਈਆ ਹੋਰ ਵੀ ਦੇਵੇਗਾ, ਜੇ ਉਹ ਵਜ਼ੀਰ ਫਤਿਹ ਖਾਂ ਨੂੰ ਕਸ਼ਮੀਰ ਉਪਰ ਕਬਜਾ ਕਰਨ ਲਈ ਮੱਦਦ ਕਰੇਗਾ । ਮਹਾਰਾਜਾ ਰਣਜੀਤ ਸਿੰਘ ਨੂੰ ਇਹ ਸਮਝੌਤਾ ਠੀਕ ਲੱਗਿਆ । ਇਸ ਨਾਲ਼ ਵਫਾ ਬੇਗਮ ਨਾਲ਼ ਕੀਤਾ ਇਕਰਾਰ ਵੀ ਪੂਰਾ ਹੁੰਦਾ ਦਿਖਾਈ ਦਿੱਤਾ । ਮਹਾਰਾਜਾ ਨੇ ਦੀਵਾਨ ਮੋਹਕਮ ਚੰਦ ਅਤੇ ਸਰਦਾਰ ਦਲ ਸਿੰਘ ਨੂੰ ਫੌਜਾਂ ਦੇ ਕੇ ਵਜੀਰ ਫਤਿਹ ਖਾਂ ਨਾਲ਼ ਦਸੰਬਰ 1812 ਨੂੰ ਕਸ਼ਮੀਰ ਤੇ ਹਮਲਾ ਕਰਨ ਲਈ ਭੇਜ ਦਿਤਾ । ਦੋਹਾਂ ਫੌਜਾਂ ਨੇ ਕਸ਼ਮੀਰ ਤੇ ਹਮਲਾ ਕਰ ਦਿਤਾ । ਦੀਵਾਨ ਮੋਹਕਮ ਚੰਦ ਨੂੰ ਪਹਿਲਾਂ ਸ਼ੂਹ ਮਿਲ਼ੀ ਕਿ ਸ਼ਾਹ ਜ਼ਮਾਨ ਕਿਲਾ ਸ਼ੇਰਗੜ ਵਿੱਚ ਕੈਦ ਹੈ ਅਤੇ ਸ਼ੂਹ ਦੇਣ ਵਾਲ਼ੇ ਨੇ ਕਿਲੇ ਵਿੱਚ ਵੜਨ ਦਾ ਰਾਸਤਾ ਵੀ ਦੱਸਿਆ । ਦੀਵਾਨ ਮੋਹਕਮ ਚੰਦ ਨੇ ਫੌਰਨ ਕਾਰਵਾਈ ਕਰਕੇ ਪਹਿਲਾਂ ਮਹਾਰਾਜੇ ਦੇ ਹੁਕਮ ਅਨੁਸਾਰ ਸ਼ਾਹ ਜਮਾਨ ਨੂੰ ਆਪਣੇ ਕਬਜੇ ਵਿੱਚ ਕੀਤਾ । ਉਸ ਦੀਆਂ ਸੰਗਲ਼ਾਂ ਵਾਲ਼ੀਆਂ ਬੇੜੀਆਂ ਵੀ ਕਿਤੇ ਦੂਰ ਜਾ ਕੇ ਕੱਟੀਆਂ ਗਈਆਂ । ਵਜੀਰ ਫਤਿਹ ਖਾਂ ਦਾ ਨਿਸ਼ਾਨਾ ਵੀ ਏਹੋ ਸੀ ਕਿ ਉਹ ਪਹਿਲਾਂ ਸ਼ਾਹ ਜ਼ਮਾਨ ਨੂੰ ਆਪਣੇ ਕਬਜੇ ਵਿੱਚ ਕਰੇ । ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਸ਼ਾਹ ਜਮਾਨ ਨੂੰ ਤਾਂ ਰਣਜੀਤ ਸਿੰਘ ਦੀ ਫੌਜ ਲੈ ਗਈ । ਵਜ਼ੀਰ ਬਹੁਤ ਛੱਟਪਟਾਇਆ । ਬੇਸ਼ੱਕ ਉਸ ਨੇ ਕਸ਼ਮੀਰ ਆਪਣੇ ਅਧੀਨ ਕਰ ਲਿਆ ਸੀ ਪਰ ਉਹ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਿਆ । ਇਸ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਸਾਰੇ ਜਵਾਨ ਮਾਰੇ ਗਏ । ਬਹੁਤ ਸਾਰਾ ਧਨ ਬਰਬਾਦ ਹੋਇਆ । ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਨੂੰ ਰਾਜਿਆਂ ਦੀ ਤਰਾਂ ਸਜਾ ਕੇ ਉਸ ਦੀ ਪਟਰਾਣੀ ਵਫ਼ਾ ਬੇਗਮ ਨੂੰ ਸੰਭਾਲ਼ ਦਿਤਾ । ਹੁਣ ਮਹਾਰਾਜਾ ਰਣਜੀਤ ਸਿੰਘ ਦੀ ਵਾਰੀ ਸੀ ਉਹਨਾਂ ਤੋਂ ਕੋਹੇਨੂਰ ਹੀਰਾ ਲੈਣ ਦੀ । ਮਹਾਰਾਜੇ ਨੇ ਵਾਅਦੇ ਅਨੁਸਾਰ ਕੋਹੇਨੂਰ ਹੀਰੇ ਦੀ ਮੰਗ ਕੀਤੀ । ਉਹਨਾਂ ਟਾਲ਼ ਮਟੋਲ਼ ਕੀਤੀ । ਕਦੇ ਕਹਿਣ ਕਿ ਕੋਹੇਨੂਰ ਹੀਰਾ ਪੇਸ਼ਾਵਰ ਦੇ ਕਿਸੇ ਜੌਹਰੀ ਕੋਲ਼ ਗਹਿਣੇ ਰੱਖਿਆ ਹੋਇਆ ਹੈ । ਕਦੇ ਕਹਿਣ ਕਿ ਰਾਸਤੇ ਵਿੱਚ ਕਿਤੇ ਡਿਗ ਪਿਆ । ਕਦੇ ਕੋਈ ਹੋਰ ਹੀ ਹੀਰਾ ਦਿਖਾਈ ਜਾਣ ਅਤੇ ਕਹਿਣ ਏਹੋ ਕੋਹੇਨੂਰ ਹੀਰਾ ਹੈ । ਮਹਾਰਾਜਾ ਉਹਨਾਂ ਦੀਆਂ ਚਲਾਕੀਆਂ ਤੇ ਸ਼ਾਂਤ ਚਿੱਤ ਰਿਹਾ । ਜਦੋਂ ਸਾਰੇ ਹੀਲੇ ਫੇਲ ਹੋ ਗਏ ਤਾਂ ਉਹਨਾਂ ਦਾ ਰਾਸ਼ਣ ਪਾਣੀ ਕੈਦੀਆਂ ਵਾਲ਼ਾ ਕਰ ਦਿਤਾ ਅਤੇ ਸਲੂਕ ਵੀ ਸ਼ਾਹੀ ਮਹਿਮਾਨਾ ਤੋਂ ਕੈਦੀਆਂ ਵਾਲ਼ਾ ਕਰ ਦਿਤਾ । ਸ਼ਾਹ ਜਮਾਨ ਹੋਣਾ ਕੋਲ਼ ਹੁਣ ਕੋਈ ਚਾਰਾ ਨਹੀਂ ਸੀ । ਅਖੀਰ ਉਹਨਾਂ ਕੋਹੇਨੂਰ ਹੀਰਾ ਦੇਣ ਲਈ ਮਨ ਬਣਾ ਲਿਆ ਲਿਆ । ਉਹਨਾਂ ਹੀਰਾ ਦੇਣ ਦੀ ਤਾਰੀਖ 1 ਜੂਨ 1813 ਨੂੰ ਮਿੱਥ ਦਿਤੀ । ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਹੀਰੇ ਦੀ ਪ੍ਰਾਪਤੀ ਲਈ ਬਰਾਤ ਦੀ ਤਰਾਂ 600 ਸਿਪਾਹੀ ਲੈ ਕੇ ਢੋਲ਼ ਢਮੱਕੇ ਨਾਲ਼ ਗਿਆ । ਉਹਨਾਂ ਵੀ 1 ਜੂਨ 1823 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਇੱਜ਼ਤ ਨਾਲ਼ ਹੀਰਾ ਭੇਂਟ ਕਰ ਦਿਤਾ । ਮਹਾਰਾਜ਼ਾ ਬਹੁਤ ਖੁਸ਼ ਹੋਇਆ । ਉਸਨੇ ਕੋਹੇਨੂਰ ਹੀਰਾ ਆਪਣੀ ਸੁਜਾਖੀ ਅੱਖ ਨਾਲ਼ ਕਈ ਵੇਰ ਘੁੰਮਾ-ਘੁੰਮਾ ਕੇ ਦੇਖਿਆ । ਸ਼ਾਹ ਜਮਾਨ ਬਹੁਤ ਦੁਖੀ ਹੋਇਆ । ਸ਼ਾਹ ਜ਼ਮਾਨ ਜ਼ਹਾਗੀਰ ਦੀ ਮੁਬਾਰਕ ਹਵੇਲੀ ਦਾ ਭੇਤੀ ਸੀ । ਕਿਸੇ ਰਸਤਿਓਂ ਨਿਕਲ਼ ਕੇ ਟੱਬਰ ਸਮੇਤ ਲੁਧਿਆਣੇ ਅੰਗਰੇਜਾਂ ਦੀ ਸ਼ਰਨ ਵਿਚ ਚਲਾ ਗਿਆ ।
ਸ਼ਾਹ ਜ਼ਮਾਨ ਨੇ ਆਪਣੀ ਸਾਰੀ ਕਹਾਣੀ ਅੰਗਰੇਜਾਂ ਨੂੰ ਸੁਣਾਈ । ਅੰਗਰੇਜਾਂ ਨੂੰ ਰਣਜੀਤ ਸਿੰਘ ਦੇ ਖ਼ਜਾਨੇ ਬਾਰੇ ਦੱਸਿਆ । ਉਸ ਦੀ ਫੌਜ ਬਾਰੇ ਦੱਸਿਆ । ਰਣਜੀਤ ਸਿੰਘ ਦਾ ਰਾਜ ਲੈਣ ਲਈ ਤਰੀਕੇ ਦੱਸੇ ਪਰ ਅੰਗਰੇਜ 25 ਅਪਰੈਲ 1809 ਨੂੰ ਅੰਮ੍ਰਿਤਸਰ ਦੀ ਸੰਧੀ ਕਰ ਬੈਠੇ ਸਨ । ਉਸ ਅਨੁਸਾਰ ਦੋਹਾਂ ਦੀ ਪੱਕੀ ਮਿੱਤਰਤਾ ਦੀ ਗੱਲ ਪਹਿਲ ਦੇ ਅਧਾਰਤ ਸੀ । ਫਿਰ ਵੀ ਅੰਗਰੇਜਾਂ ਨੇ ਲਾਲਚ ਵੱਸ ਅਤੇ ਵਧੀਆ ਖਜਾਨੇ ਬਾਰੇ ਲਲਚਾ ਕੇ ਰਣਜੀਤ ਸਿੰਘ ਨਾਲ਼ ਵਿਸ਼ਵਾਸ਼ ਘਾਤ ਕਰਨ ਲਈ ਗੋਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ । ਜੋ ਕੁੱਝ ਸ਼ਾਹ ਜਮਾਨ ਨੇ ਦੱਸਿਆ ਸੀ, ਉਹ ਤਾਂ ਪਹਿਲਾਂ ਹੀ ਸਰਦਾਰ ਖੜਕ ਸਿੰਘ ਦੇ ਵਿਆਹ ਵੇਲ਼ੇ ਅੰਗਰੇਜ ਅਫਸਰ ਅਖਤਰ ਲੋਨੀ ਨੂੰ ਮਹਾਰਾਜੇ ਨੇ ਬਿਨਾ ਡਰ ਦਿਖਾ ਦਿਤਾ ਸੀ । ਅੰਗਰੇਜਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈਣ ਲਈ ਸ਼ਾਜਿਸ਼ਾ ਸ਼ੁਰੂ ਕਰ ਦਿਤੀਆਂ । ਸੂਹੀਏ ਛੱਡੇ ਗਏ । ਅਖੀਰ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਹੀਰਾ ਆਦਿ ਸਾਰਾ ਕੁੱਝ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਮਹਾਰਾਜੇ ਦੇ ਪਾਲ਼ੇ ਹੋਏ ਮੰਤਰੀਆਂ ਆਦਿ ਨੇ ਹੀ ਖਜਾਨਾ ਲੁੱਟਣ ਲਈ ਮਹਾਰਾਜੇ ਦੇ ਵਾਰਸਾਂ ਨੂੰ ਮਾਰਨਾ ਸ਼ੁਰੂ ਕਰ ਦਿਤਾ । ਇਹਨਾਂ ਵਿੱਚ ਅੰਗਰੇਜਾਂ ਦਾ ਪੂਰਾ ਪੂਰਾ ਹੱਥ ਸੀ ਸਿੱਧੀ ਜੰਗ ਛਿੜ ਗਈ । ਵਿਸ਼ਵਾਸ਼ ਘਾਤ ਅਤੇ ਸ਼ਾਜਿਸ਼ਾਂ ਉਪਰੰਤ ਵੀ ਅੰਗਰੇਜਾਂ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ । ਇਸ ਸਬੰਧੀ ਸਾਹ ਮੁਹੰਮਮਦ ਲਿਖਦਾ ਹੈ :-
ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, ਤੁਸਾਂ ਲਾਜ਼ ਅੰਗਰੇਜ਼ ਦੀ ਰੱਖਣੀ ਜੀ ।
ਸਿੰਘਾਂ ਮਾਰ ਕੇ ਕਟਕ ਮੁਕਾਏ ਦਿਤੇ, ਹਿੰਦੋਸ਼ਤਾਨੀ ਤੇ ਪੂਰਬੀ ਦੱਖਣੀ ਜੀ ।
ਨੰਦਨ ਟਾਪੂਆਂ ਵਿੱਚ ਕੁਰਲਾਹਟ ਹੋਈ,ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ ।
ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲੱਗਾ, ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ ।
ਬੇਸ਼ੱਕ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਹੜੱਪਣ ਲਈ ਰਣਜੀਤ ਸਿੰਘ ਦੇ ਆਲ਼ੇ ਦੁਆਲ਼ੇ ਡੋਗਰੇ ਰੂਪੀ ਘਾਹ ਦੇ ਸੱਪ ਛੱਡੇ ਹੋਏ ਸਨ, ਫਿਰ ਵੀ ਸਿੱਖ ਫੌਜਾਂ ਨੇ ਅੰਗਰੇਜਾਂ ਨੂੰ ਦਿਨੇ ਤਾਰੇ ਦਿਖਾ ਦਿਤੇ । ਅਖੀਰ ਵਿੱਚ ਸ਼ਾਹ ਮੁਹੰਮਦ ਲਿਖਦਾ ਹੈ :-
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇ ਪਾਤਿਸ਼ਾਹੀ ਫੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਸਣੇ ਆਦਮੀ ਗੋਲ਼ੀਆਂ ਨਾਲ਼ ਉੱਡਣ, ਹਾਥੀ ਡਿਗਦੇ ਸਣੇ ਅੰਬਾਰੀਆਂ ਨੀ ,
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝਂੋ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ।
ਅਖੀਰ 27 ਮਾਰਚ 1849 ਨੂੰ ਅੰਗਰੇਜਾਂ ਨੇ ਪੰਜਾਬ ਨੂੰ ਪੂਰਨ ਰੂਪ ਵਿੱਚ ਆਪਣੇ ਅਧੀਨ ਕਰ ਲਿਆ । ਰਣਜੀਤ ਸਿੰਘ ਦਾ ਖਜਾਨਾ ਦੇਖ ਕੇ ਅੰਗਰੇਜਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ । ਇਹ ਦੁਨੀਆਂ ਦਾ ਸੱਭ ਤੋਂ ਕੀਮਤੀ ਖਜਾਨਾ ਸੀ । ਸੱਭ ਤੋਂ ਪਹਿਲਾਂ ਅੰਗਰੇਜਾਂ ਨੇ ਕੋਹੇਨੂਰ ਹੀਰੇ ਨੂੰ ਹੀ ਸੰਭਾਲ਼ਿਆ । 6 ਅਪਰੈਲ 1850 ਨੂੰ ਇਹ ਹੀਰਾ ਇੰਗਲੈਂਡ ਭੇਜ ਦਿਤਾ ਗਿਆ । ਅੱਜ ਕੱਲ ਅੰਗਰੇਜਾਂ ਨੇ ਕਿਸੇ ਕਾਰਨ ਵੱਸ ਇਸ ਕੋਹੇਨੂਰ ਹੀਰੇ ਦੇ ਦੋ ਟੋਟੇ ਕਰ ਕੇ ਸ਼ਕਲ ਬਦਲ ਦਿੱਤੀ । ਇੱਕ ਹਿੱਸਾ ਕਿਤੇ ਸੰਭਾਲ਼ ਲਿਆ ਅਤੇ ਦੂਜਾ ਹਿੱਸਾ ਬਰਤਾਨੀਆਂ ਦੀ ਮਲਕਾ ਦੇ ਤਾਜ ਵਿੱਚ ਜੜ ਦਿੱਤਾ । ਤਾਜ ਵਿੱਚ ਜੜੇ ਹੋਏ ਹੀਰੇ ਦਾ ਵਜ਼ਨ 21.1204 ਗ੍ਰਾਮ ਹੈ ।
ਕੋਹੇਨੂਰ ਹੀਰਾ ਇੱਕ ਬੇਜਾਨ ਚਮਕਦਾਰ ਪੱਥਰ ਹੈ । ਰਸਾਇਣ ਵਿਗਿਆਨੀ ਇਸ ਨੂੰ ਕਾਰਬਨ ਦਾ ਟੁਕੜਾ ਕਹਿੰਦੇ ਹਨ । ਗੁਰਸਿੱਖਾਂ ਦੇ ਹੀਰੇ ਤਾਂ, ਗੁਰੂ ਨੂੰ ਆਪਣਾ ਤਨ, ਮਨ, ਧੰਨ ਸੌਂਪ ਕੇ ਗੁਰੂ ਦੇ ਹੁਕਮ ਦੀ ਉਡੀਕ ਵਿੱਚ ਰਹਿੰਦੇ ਹਨ । ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਅਸਲੀ ਕੋਹੇਨੂਰ ਹੀਰੇ, ਸਰਦਾਰ ਹਰੀ ਸਿੰਘ ਨਲੂਏ ਦੀ ਗੱਲ ਮੰਨ ਕੇ ਬ੍ਰਾਹਮਣਵਾਦੀ ਡੋਗਰਿਆਂ ਨੂੰ ਪਰੇ ਕਰ ਦਿੰਦਾ ਤਾਂ ਰਣਜੀਤ ਸਿੰਘ ਦੇ ਵਾਰਸਾਂ ਦਾ ਇਉਂ ਦਰਦਨਾਕ ਕਤਲ ਨ ਹੁੰਦਾ । ਰਾਜ ਵੀ ਸਦੀਵੀਂ ਰਹਿੰਦਾ । ਇਸ ਤੋਂ ਵੀ ਹੋਰ ਚੰਗਾ ਹੁੰਦਾ ਜੇ ਮਹਾਰਾਜਾ ਬਾਬੇ ਨਾਨਕ ਜੀ ਦੇ ਪਹਿਲੇ ਸ਼ਬਦ ਨੂੰ ਹਿਰਦੇ ਵਿਚ ਵਸਾ ਕੇ ਚੱਲਦਾ ਤਾਂ ਮਹਾਰਾਜੇ ਦੀ ਮੱਤ ਰਤਨ ਜਵਾਹਰਾਂ ਅਤੇ ਮਾਣਕਾਂ ਨਾਲ਼ ਭਰ ਜਾਣੀ ਸੀ । ਬਾਬੇ ਜੀ ਦਾ ਪਹਿਲਾ ਸ਼ਬਦ ਹੈ :-
ਮੋਤੀ ਤ ਮੰਦਰਿ ਊਸਰਹਿ ਰਤਨੀ ਤਾਂ ਹੋਹਿ ਜੜਾਉ ॥ (14)
ਇਹ ਗੁਰ ਸ਼ਬਦ ਉਸ ਕਾਰਬਨ ਦੇ ਟੁਕੜੇ ਕੋਹੇਨੂਰ ਨਾਲ਼ੋ ਕਿਤੇ ਕੀਮਤੀ ਹੈ । ਗੁਰੁ ਜੀ ਨੇ ਫੁਰਮਾਇਆ :-
ਹੀਰਾ ਲਾਲੁ ਅਮੋਲਕ ਹੈ ਭਾਰੀ ਬਿਨੁ ਗਾਹਕੁ ਮੀਕਾ ਕਾਖਾ ॥
ਰਤਨ ਗਾਹਕ ਗੁਰ ਸਾਧੂ ਦੇਖਿਓ ਤਾ ਰਤਨ ਬਿਕਾਨੋ ਲਾਖਾ ॥
(ਅੰਗ 696)
ਅਤੇ
ਗੁਰ ਕਾ ਸ਼ਬਦ ਰਤੰਨ ਹੈ ਹੀਰਾ ਜਿਤੁ ਜੜਾਉ (ਅੰਗ 920)
ਬਾਬਾ ਨਾਨਕ ਸਾਹਿਬ ਜੀ ਨੇ ਤਾਂ ਸਿਰੇ ਦੀ ਗੱਲ ਦੱਸੀ ਹੈ ਕਿ ਅਗਰ ਤੁਸੀਂ ਸ੍ਰਿਸ਼ਟੀ ਤੇ ਵੀ ਰਾਜ ਚਾਹੁੰਦੇ ਹੋ ਤਾਂ ਗੁਰੁ ਦੇ ਸਿੱਖ ਬਣ ਕੇ ਮਨੁੱਖਤਾ ਦੀ ਸੇਵਾ ਤਨ,ਮਨ ਤੇ ਧਨ ਨਾਲ਼ ਕਰੋ । ਆਪ ਜੀ ਨੇ ਫੁਰਮਾਇਆ :-
ਸ਼ਲੋਕ ਮ:3
ਹਸਤੀ ਸਿਰਿ ਜਿਉ ਅੰਕਸੁ ਹੈ ਅਹਿਰਨਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ ਉਭੀ ਸੇਵ ਕਰੇਇ
ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜੁ ਸ੍ਰਿਸਟਿ ਕਾ ਲੇਇ ॥
(ਅੰਗ 648)