ਚੰਡੀਗੜ੍ਹ, 25 ਅਕਤੂਬਰ (ਨਾਗਪਾਲ)- ਹਰਿਆਣਾ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਤਵਾਰ 26 ਅਕਤੂਬਰ ਨੂੰ ਪੰਚਕੂਲਾ ਵਿਖੇ ਆਪਣੇ ਅਹੁਦੇ ਦਾ ਹਲਫ਼ ਲੈਣਗੇ। ਸਰਕਾਰੀ ਤੌਰ ’ਤੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਹਰਿਆਣਾ ਵਿੱਚ ਭਾਜਪਾ ਆਪਣੇ ਤੌਰ ’ਤੇ ਇਕੱਲਿਆਂ ਸਰਕਾਰ ਬਣਾ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੀ ਚੋਣ ਵਿੱਚ ਸ੍ਰੀ ਖੱਟਰ ਨੂੰ ਸਰਵ ਸੰਮਤੀ ਨਾਲ ਨੇਤਾ ਚੁਣ ਗਿਆ ਸੀ। ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣਗੇ। ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਵੀ ਸਮਾਗਮ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮਨੋਹਰ ਲਾਲ ਖੱਟਰ ਪੰਜਾਬੀ ਪਰਿਵਾਰ ’ਚ ਜੰਪਲ ਹਨ ਅਤੇ ਉਹ ਹਰਿਆਣਾ ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਹੋਣਗੇ। ਭਾਰਤੀ ਜਨਤਾ ਪਾਰਟੀ ਹਰਿਆਣਾ ਵਿੱਚ ਪਹਿਲੀ ਵਾਰ ਸਰਕਾਰ ਬਣਾ ਰਹੀ ਹੈ।