ਵਾਸ਼ਿੰਗਟਨ, 25 ਅਕਤੂਬਰ (ਪੀ. ਟੀ.)- ਭਾਰਤੀ ਮੂਲ ਦੀ ਅਟਾਰਨੀ ਅਨੰਦ ਪੇਸ਼ਾਵਰੀਆ ਨੂੰ ਘਰੇਲੂ ਹਿੰਸਾ ਖ਼ਤਮ ਕਰਨ ਦੀ ਦਿਸ਼ਾ ’ਚ ਉਨ੍ਹਾਂ ਦੇ ਯੋਗਦਾਨ ਲਈ ‘ਟੇਕ ਐਕਸ਼ਨ ਅਗੇਂਸਟ ਡੌਮੇਸਟਿਕ ਵਾਇਲੈਂਸ’ ਅਵਾਰਡ ਨਾਲ ਨਿਵਾਜਿਆ ਗਿਆ ਹੈ। ਵਾਸ਼ਿੰਗਟਨ ਰਾਜ ਦੀ ਕਿੰਗ ਕਾਊਂਟੀ ’ਚ ਘਰੇਲੂ ਹਿੰਸਾ ਖਿਲਾਫ ‘ਕਿੰਗ ਕਾਊਂਟੀ ਕੋਲਿਸ਼ਨ ਅਗੇਂਸਟ ਡੌਮੇਸਟਿਕ ਵਾਇਲੈਂਸ‘ ਵਲੋਂ ਹਰ ਸਾਲ ਇਹ ਪੁਰਸਕਾਰ ਦਿੱਤਾ ਜਾਂਦਾ ਹੈ। ਘਰੇਲੂ ਹਿੰਸਾ ਖ਼ਤਮ ਕਰਨ ਦੀ ਦਿਸ਼ਾ ‘ਚ ਸਮੂਹ ਜਾਂ ਵਿਅਕਤੀ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ। ਪੇਸ਼ਾਵਰੀਆ ਨੂੰ ਘਰੇਲੂ ਹਿੰਸਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਭਾਰਤ ਅਤੇ ਹੋਰ ਦੇਸ਼ਾਂ ‘ਚ ਮਹਿਲਾਵਾਂ ਦੇ ਸ਼ਕਤੀਕਰਨ, ਬਾਲ ਅਤੇ ਘਰੇਲੂ ਹਿੰਸਾ, ਦਹੇਜ ਮੌਤ, ਤਲਾਕ ਸਬੰਧੀ ਸੈਂਕੜੇ ਕਾਨੂੰਨੀ ਮਾਮਲਿਆਂ ਦਾ ਨੁਮਾਇੰਦਗੀ ਕੀਤੀ ਹੈ।