May 28, 2026 4:11 am

ਮਹਾਰਾਸ਼ਟਰ ਵਿੱਚ ਭਾਜਪਾ ਵੱਲੋਂ ਇਕੱਲੇ ਸਰਕਾਰ ਬਣਾਉਣ ਦੀ ਤਿਆਰੀ

ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵਿਧਾਇਕਾਂ ਵਿੱਚ ਕਤਾਰਬੰਦੀ
Page-1_06 ਮੁੰਬਈ/ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਲਾਇਵ)- ਹਰਿਆਣਾ ਵਿੱਚ ਸਰਕਾਰ ਦੇ ਗਠਨ ਦੀ ਤਿਆਰੀ ਦੌਰਾਨ ਭਾਜਪਾ ਵੱਲੋਂ ਮਹਾਰਾਸ਼ਟਰ ਵਿੱਚ ਵੀ ਇੱਕਲੇ ਤੌਰ ’ਤੇ ਸਰਕਾਰ ਬਣਾਉਣ ਦੀ ਤਿਆਰੀ ਹੋ ਰਹੀ ਹੈ। ਭਾਜਪਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਤਰਫ ਤੋਂ ਗੱਠਜੋੜ ਸਰਕਾਰ ਲਈ ਸ਼ਿਵਸੈਨਾ ਨਾਲ ਗੱਲ ਨਹੀਂ ਕਰੇਗੀ। ਸ਼ਿਵਸੈਨਾ ਸਮਰਥਨ ਲਈ ਸ੍ਰੀ ਲਾਲਕ੍ਰਿਸ਼ਨ ਅਡਵਾਨੀ ਦੀ ਵਿਚੋਲਗੀ ਚਾਹੁੰਦੀ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਪਹਿਲਾਂ ਹੀ ਭਾਜਪਾ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ। ਸੂਬੇ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਸਿਰਫ 22 ਵਿਧਾਇਕਾਂ ਦੀ ਲੋੜ ਹੈ। ਭਾਜਪਾ ਆਪਣਾ ਹੱਥ ਉਪਰ ਰੱਖਣਾ ਚਾਹੁੰਦੀ ਹੈ ਇਸ ਲਈ ਪਾਰਟੀ ਦੇ ਬਹੁਤੇ ਨੇਤਾ ਘੱਟ ਗਿਣਤੀ ਸਰਕਾਰ ਬਣਾਉਣ ਦੇ ਪੱਖ ਵਿੱਚ ਹਨ। ਇਸ ਦੌਰਾਨ ਪਾਰਟੀ ਨੂੰ ਕਈ ਛੋਟੇ ਦਲਾਂ ਅਤੇ ਅਜ਼ਾਦ ਵਿਧਾਇਕਾਂ ਵੱਲੋਂ ਸਮਰਥਨ ਮਿਲ ਗਿਆ ਹੈ।

ਨਾਗਪੁਰ ਤੋਂ ਇੱਕ ਰਿਪੋਰਟ ਮੁਤਾਬਿਕ- ਮਹਾਰਾਸ਼ਟਰ ਦੇ ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉੱਭਰੀ ਭਾਜਪਾ ‘ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਸ਼ਮਕਸ਼ ਜਾਰੀ ਹੈ ਅਤੇ ਇਸ ਵਿਚਕਾਰ ਵਿਦਰਭ ਦੇ 39 ਵਿਧਾਇਕਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਰਾਜ ਦਾ ਅਗਲਾ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ ਹੈ। ਦਿਲਚਸਪ ਗੱਲ ਹੈ ਕਿ ਗਡਕਰੀ ਵੀ ਮਹਾਰਾਸ਼ਟਰ ਦੀ ਸਿਆਸਤ ‘ਚ ਆਉਣ ਦੀ ਸੰਭਾਵਨਾ ਨੂੰ ਖ਼ਾਰਜ ਕਰਦੇ ਹੋਏ ਨਹੀਂ ਦਿੱਖ ਰਹੇ। ਵਿਦਰਭ ਖੇਤਰ ਦੇ ਵਿਧਾਇਕਾਂ ਨੇ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਲਈ ਅਪੀਲ ਕੀਤੀ ਹੈ। ਬਾਅਦ ‘ਚ ਗਡਕਰੀ ਨੇ ਵੀ ਮੀਡੀਆ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਨ੍ਹਾਂ ਵਿਧਾਇਕਾਂ ਨੇ ਮੁਲਾਕਾਤ ਕੀਤੀ ਹੈ ਉਹ ਉਨ੍ਹਾਂ (ਗਡਕਰੀ) ਦੀ ਇੱਜ਼ਤ ਕਰਦੇ ਹੋਏ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਅਪੀਲ ਕਰ ਰਹੇ ਹਨ।
ਨਵੀਂ ਦਿੱਲੀ- ਮਹਾਰਾਸ਼ਟਰ ‘ਚ ਸਰਕਾਰ ਗਠਨ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਦੇ ਦੋ ਪ੍ਰਮੁੱਖ ਨੇਤਾ ਅੱਜ ਭਾਜਪਾ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਜੇ.ਪੀ. ਨੱਢਾ ਨੂੰ ਮਿਲੇ ਬਗੈਰ ਮੁੰਬਈ ਵਾਪਸ ਪਰਤ ਗਏ। ਗੌਰਤਲਬ ਹੈ ਕਿ ਭਾਜਪਾ ਅਗਵਾਈ ਨਾਲ ਚਰਚਾ ਕਰਨ ਲਈ ਸ਼ਿਵ ਸੈਨਾ ਦੇ ਉੱਘੇ ਨੇਤਾ ਤੇ ਰਾਜ ਸਭਾ ਮੈਂਬਰ ਅਨਿਲ ਦੇਸਾਈ ਅਤੇ ਇਕ ਹੋਰ ਨੇਤਾ ਸੁਭਾਸ਼ ਦੇਸਾਈ ਮੰਗਲਵਾਰ ਰਾਤ ਦਿੱਲੀ ਪਹੁੰਚੇ ਸਨ।

Send this to a friend