ਨਵੀਂ ਦਿੱਲੀ 21 ਅਕਤੂਬਰ (ਪੀ. ਟੀ.)- ਮਹਾਰਾਸ਼ਟਰ ਵਿਚ ਸਾਰੇ ਰਾਹ ਖੁੱਲ੍ਹੇ ਰੱਖਦਿਆਂ ਭਾਜਪਾ ਨੇ ਅੱਜ ਸੰਕੇਤ ਦਿੱਤਾ ਹੈ ਕਿ ਉਸ ਨੂੰ ਇਹ ਫ਼ੈਸਲਾ ਲੈਣ ਦੀ ਕੋਈ ਕਾਹਲ ਨਹੀਂ ਹੈ ਕਿ ਸਰਕਾਰ ਦੇ ਗਠਨ ਲਈ ਕਿਸ ਪਾਰਟੀ ਦਾ ਸਮਰਥਨ ਲਿਆ ਜਾਵੇ। ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੇ। ਦੋਨਾਂ ਆਗੂਆਂ ਵਿਚਾਲੇ ਸਰਕਾਰ ਦੇ ਗਠਨ ਲਈ ਰਣਨੀਤੀ ਤੈਅ ਕਰਨ ਵਾਸਤੇ ਕੋਈ ਅੱਧਾ ਘੰਟਾ ਵਿਚਾਰਾਂ ਹੋਈਆਂ। ਗਡਕਰੀ ਨਾਗਪੁਰ ਵੀ ਜਾਣਗੇ ਜਿਥੇ ਉਹ ਆਰ.ਐਸ.ਐਸ ਦੇ ਚੋਟੀ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੇ।
ਆਰ.ਐਸ.ਐਸ ਚਾਹੁੰਦੀ ਹੈ ਕਿ ਭਗਵਾਂ ਤਾਕਤਾਂ ਇਕਮੁੱਠ ਰਹਿਣ ਪਰ ਉਸ ਨੇ ਇਸ ਸਬੰਧੀ ਫ਼ੈਸਲਾ ਭਾਜਪਾ ਉਪਰ ਛੱਡ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਜੇਤਲੀ ਤੇ ਗਡਕਰੀ ਨੇ ਸਰਕਾਰ ਦੇ ਗਠਨ ਲਈ ਰਾਜ ਵਿਚ ਮੌਜੂਦ ਬਦਲਾਂ ਬਾਰੇ ਵਿਚਾਰ ਕੀਤੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਪਹਿਲਾਂ ਹੀ ਭਾਜਪਾ ਨੂੰ ਬਾਹਰੋਂ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ ਪਰੰਤੂ ਭਗਵਾਂ ਪਾਰਟੀ ਨੇ ਅਜੇ ਇਸ ਸਮਰਥਨ ਨੂੰ ਲੈਣ ਜਾਂ ਨਾ ਲੈਣ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਭਾਜਪਾ ਨੇ 288 ਮੈਂਬਰੀ ਵਿਧਾਨ ਸਭਾ ਵਿਚ 123 ਸੀਟਾਂ ਜਿੱਤੀਆਂ ਹਨ ਜੋ ਬਹੁਮਤ ਨਾਲੋਂ 22 ਘੱਟ ਹਨ। ਹੋ ਸਕਦਾ ਹੈ ਕਿ ਭਾਜਪਾ ਆਪਣਾ ਨੇਤਾ ਚੁਣਕੇ ਸਰਕਾਰ ਬਣਾ ਲਵੇ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਗ਼ੈਰਹਾਜ਼ਰੀ ਵਿਚ ਸਦਨ ‘ਚ ਹਾਜ਼ਰ ਵਿਧਾਇਕਾਂ ਦਾ ਸਾਧਾਰਨ ਬਹੁਮਤ ਹਾਸਲ ਕਰ ਲਵੇ। ਸੂਤਰਾਂ ਨੇ ਦੱਸਿਆ ਕਿ ਭਾਜਪਾ ਨੂੰ ਸ਼ਿਵ ਸੈਨਾ ਨਾਲ ਮਿਲਕੇ ਸਰਕਾਰ ਬਣਾਉਣ ਦੀ ਕਾਹਲ ਨਹੀਂ ਹੈ ਜੋ ਸੀਟਾਂ ਦੀ ਵੰਡ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਭਾਜਪਾ ਨਾਲੋਂ ਵੱਖ ਹੋ ਗਈ ਸੀ।