ਭਾਜਪਾ ਵਿਧਾਇਕ ਦਲ ਵੱਲੋਂ ਹਰਿਆਣਾ ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਦੀ ਚੋਣ ’ਤੇ ਮੋਹਰ
ਚੰਡੀਗੜ੍ਹ, 21 ਅਕਤੂਬਰ (ਨਾਗਪਾਲ)- ਕਰਨਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸ੍ਰੀ ਮਨੋਹਰ ਲਾਲ ਖੱਟਰ ਹਰਿਆਣੇ ਦੇ ਨਵੇਂ ਮੁੱਖ ਮੰਤਰੀ ਹੋਣਗੇ । ਉਹ 26 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਆਪਣੇ ਅਹੁਦੇ ਦਾ ਹਲਫ ਲੈਣਗੇ। ਇਸ ਤੋਂ ਪਹਿਲਾਂ ਉਹ ਅੱਜ ਇੱਥੇ ਭਾਜਪਾ ਵਿਧਾਇਕ ਦਲ ਦੀ ਚੋਣ ਵਿੱਚ ਸਰਬ ਸੰਮਤੀ ਨਾਲ ਨੇਤਾ ਚੁਣੇ ਗਏ। ਉਨ੍ਹਾ ਦੇ ਨਾਮ ਦੀ ਤਜ਼ਵੀਜ਼ ਰਾਮ ਬਿਲਾਸ ਸ਼ਰਮਾ ਨੇ ਕੀਤੀ ।ਇਹ ਜਾਣਕਾਰੀ ਕਿਸ਼ਨਪਾਲ ਗੁੱਜਰ ਨੇ ਪੱਤਰਕਾਰਾਂ ਨੂੰ ਦਿੱਤੀ।ਸ੍ਰੀ ਮਨੋਹਰ ਲਾਲ ਖੱਟਰ ਪੰਜਾਬੀ ਪਰਿਵਾਰ ਦੇ ਜੰਮ ਪਲ ਹਨ ਅਤੇ ਹਰਿਆਣੇ ਦੇ ਪਹਿਲੇ ਪੰਜਾਬੀ ਮੁੱਖ ਮੰਤਰੀ ਹੋਣਗੇ। ਹਰਿਆਣਾ ’ਚ ਪਹਿਲੀ ਵਾਰ ਭਾਜਪਾ ਸਰਕਾਰ ਬਣਾ ਰਹੀ ਹੈ। ਪਾਰਟੀ ਵੱਲੋਂ ਮੰਤਰੀਆਂ ਦੇ ਨਾਮਾਂ ਦੀ ਚੋਣ ਲਈ ਮੰਥਨ ਜਾਰੀ ਹੈ
। ਗੌਰਤਲਬ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਬਣਨ ਦੀ ਦੌੜ ’ਚ ਮਨੋਹਰ ਲਾਲ ਖੱਟਰ ਦਾ ਨਾਮ ਸਭ ਤੋਂ ਉੱਪਰ ਸੀ। ਕਾਫ਼ੀ ਸਮੇਂ ਤੱਕ ਸੰਗਠਨ ’ਚ ਕੰਮ ਕਰ ਚੁੱਕੇ ਖੱਟਰ ਸੰਘ ਦੇ ਵੀ ਕਰੀਬੀ ਹਨ। ਖੱਟਰ ਕਰਨਾਲ ਤੋਂ 63773 ਮਤਾਂ ਨਾਲ ਚੋਣ ਜਿੱਤੇ ਹਨ। ਖੱਟਰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਵੀ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ।