ਦੋਵਾਂ ਰਾਜਾਂ ਵਿੱਚ ਮੁੱਖ ਮੰਤਰੀਆਂ ਬਾਰੇ ਫੈਸਲਾ ਅੱਜ
ਚੰਡੀਗੜ੍ਹ/ਮੁੰਬਈ, 20 ਅਕਤੂਬਰ (ਪੀ. ਟੀ. ਲਾਇਵ)- ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣਾ ਅਤੇ ਮਹਾਰਾਸ਼ਟਰ ’ਚ ਸੂਬਾ ਸਰਕਾਰਾਂ ਦੇ ਗਠਨ ਲਈ ਤਿਆਰੀ ਜ਼ੋਰਾਂ ’ਤੇ ਹੈ। ਮੰਗਲਵਾਰ ਨੂੰ ਦੋਵਾਂ ਰਾਜਾਂ ਦੇ ਨਵੇਂ ਮੁੱਖ ਮੰਤਰੀਆਂ ਦੇ ਨਾਮ ਤੈਅ ਹੋਣ ਜਾ ਰਹੇ ਹਨ। ਇਸ ਸਬੰਧ ਵਿੱਚ ਭਾਜਪਾ ਦੇ ਕੇਂਦਰੀ ਪਾਰਲੀਮਾਨੀ ਬੋਰਡ ਨੇ ਬੁਨਿਆਦੀ ਨੀਤੀ ਤਿਆਰ ਕਰ ਲਈ ਹੈ। ਹਰਿਆਣਾ ਵਿੱਚ ਭਾਜਪਾ ਇਕੱਲੇ ਤੌਰ ’ਤੇ ਸਰਕਾਰ ਬਣਾ ਰਹੀ ਹੈ। ਮੰਗਲਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਹੋਵੇਗੀ। ਇਹ ਮੀਟਿੰਗ ਦੁਪਹਿਰ 12 ਵਜੇ ਯੂ ਟੀ ਗੈਸਟ ਹਾਊਸ ’ਚ ਹੋ ਰਹੀ ਹੈ। ਮਹਾਰਾਸ਼ਟਰ ’ਚ ਭਾਜਪਾ ਗਠਜੋੜ ਸਰਕਾਰ ਬਣਾਏਗੀ। ਭਾਜਪਾ ਨੂੰ ਐਨ ਸੀ ਪੀ ਅਤੇ ਸ਼ਿਵਸੈਨਾ ਵੱਲੋਂ ਸਮਰਥਨ ਮਿਲਣ
ਦੀ ਸੰਭਾਵਨਾ ਹੈ। ਇਸ ਦੌਰਾਨ ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ‘ਚ ਜੁਟੀ ਭਾਜਪਾ ‘ਚ ਨਵੇਂ ਮੁੱਖ ਮੰਤਰੀ ਦੀ ਤਲਾਸ਼ ਵੀ ਤੇਜ਼ ਹੋ ਗਈ ਹੈ। ਉਂਝ ਤਾਂ ਮੁੱਖ ਮੰਤਰੀ ਅਹੁਦੇ ਦੀ ਰੇਸ ‘ਚ ਕਈ ਨੇਤਾ ਸ਼ਾਮਿਲ ਹਨ ਜਿਸ ‘ਚ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦਵਿੰਦਰ ਫੜਨਵੀਸ ਸਭਤੋਂ ਅੱਗੇ ਚੱਲ ਰਹੇ ਹਨ। ਮਹਾਰਾਸ਼ਟਰ ਭਾਜਪਾ ਪ੍ਰਧਾਨ ਦਵਿੰਦਰ ਫੜਨਵੀਸ ਰਾਜ ਦੇ ਸਭਤੋਂ ਨੌਜਵਾਨ ਨੇਤਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨਾਲ ਸੰਘ ਦੀ ਵੀ ਪਹਿਲੀ ਪਸੰਦ ਹਨ। ਸੂਤਰਾਂ ਦੇ ਮੁਤਾਬਿਕ, 14 ਅਕਤੂਬਰ ਨੂੰ ਅਮਿਤ ਸ਼ਾਹ ਦੀ ਹਾਜ਼ਰੀ ‘ਚ ਭਾਜਪਾ ਦੀ ਇੱਕ ਅਹਿਮ ਬੈਠਕ ‘ਚ ਇੰਦਰ ਦੇ ਨਾਮ ‘ਤੇ ਪਾਰਟੀ ਦੇ ਅੰਦਰ ਸਹਿਮਤੀ ਬਣ ਚੁੱਕੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਸੰਦ ਮੰਨੇ ਜਾਂਦੇ ਹਨ। ਰਾਜ ‘ਚ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਹੈ, ਇਸ ਲਈ ਸਰਕਾਰ ਬਣਾਉਣ ਲਈ ਉਸਨੂੰ ਗੱਠਜੋੜ ਦੀ ਜ਼ਰੂਰਤ ਪਵੇਗੀ। ਅਜਿਹੇ ‘ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੋ ਸਕਦੇ ਹਨ। ਹਾਲਾਂਕਿ ਗਡਕਰੀ ਸਾਫ਼ ਕਰ ਚੁੱਕੇ ਹਨ ਕਿ ਹੁਣ ਮੁੰਬਈ ‘ਚ ਉਨ੍ਹਾਂ ਦਾ ਮਨ ਨਹੀਂ ਲੱਗਦਾ। ਉਹ ਦਿੱਲੀ ‘ਚ ਹੀ ਰਹਿਕੇ ਕੰਮ ਕਰਨਾ ਪਸੰਦ ਕਰਨਗੇ। ਭਾਜਪਾ ਦੇ ਹੀ ਇੱਕ ਹੋਰ ਵੱਡੇ ਨੇਤਾ ਏਕਨਾਥ ਖੜਗੇ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਵਰਗਵਾਸੀ ਭਾਜਪਾ ਨੇਤਾ ਸ੍ਰੀ ਕ੍ਰਿਸ਼ਨ ਮੁੰਡੇ ਦੀ ਧੀ ਪੰਕਜਾ ਮੁੰਡੇ ਵੀ ਪ੍ਰਦੇਸ਼ ਦੀ ਪਹਿਲੀ ਔਰਤ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਵੇਖ ਰਹੀ ਹਨ। ਦੂਜੇ ਪਾਸੇ ਮਹਾਰਾਸ਼ਟਰ ‘ਚ ਵਿਨੋਦ ਤਾਵੜੇ ਭਾਜਪਾ ਦੇ ਵੱਡੇ ਨੇਤਾ ਹਨ। ਮਹਾਰਾਸ਼ਟਰ ‘ਚ ਅਜਿਹੀ ਹਾਲਤ ਉੱਭਰੀ ਹੈ ਜਿੱਥੇ ਭਾਜਪਾ ਤੇ ਸ਼ਿਵਸੈਨਾ ਦੇ ਫਿਰ ਤੋਂ ਕਰੀਬ ਆਉਣ ਦੀ ਸੰਭਾਵਨਾ ਬਣੇ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮਹਾਰਾਸ਼ਟਰ ਦਾ ਮੁੱਖ ਮੰਤਰੀ ਕੌਣ ਬਣਦਾ ਹੈ।