ਭਾਰਤ ਦੇ ਵਿਰੁੱਧ ਲੱਖਾਂ ਪਾਕਿਸਤਾਨੀ ਲੜਾਕੇ ਤਿਆਰ : ਮੁਸ਼ੱਰਫ
ਮਾਨੇਸਰ, 16 ਅਕਤੂਬਰ (ਪੀ. ਟੀ. ਲਾਇਵ)- ਭਾਰਤ ਦੇ ਕਈ ਸ਼ਹਿਰਾਂ ’ਚ ਅਲਕਾਇਦਾ ਅਤੇ ਆਈ ਐੱਸ ਆਈ ਐੱਸ ਦੇ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਐੱਨ. ਐੱਸ. ਜੀ. (ਨੈਸ਼ਨਲ ਸਿਕਓਰਟੀ ਗਾਰਡ) ਦੇ ਡੀ. ਜੀ. ਜਯੰਤ ਚੌਧਰੀ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ ਅਲਕਾਇਦਾ, ਇੰਡੀਅਨ ਮੁਜਾਹਿਦੀਨ, ਲਸ਼ਕਰ ਅਤੇ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨਾਲ ਗਠਜੋੜ ਦੀ ਕੋਸ਼ਿਸ਼ ’ਚ ਹਨ। ਐੱਨ. ਐੱਸ. ਜੀ. ਦੇ ਡੀ. ਜੀ. ਨੇ ਕਿਹਾ ਹੈ ਕਿ ਖਤਰਨਾਕ ਅੱਤਵਾਦੀ ਜਥੇਬੰਦੀ ਅਲਕਾਇਦਾ ਦੇਸ਼ ਦੇ ਸਥਾਨਿਕ ਗੁਟਾਂ ਨਾਲ ਮਿਲ ਕੇ ਹਮਲਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਲਕਾਇਦਾ ਦੇ ਅੱਤਵਾਦੀ ਭਾਰਤ ’ਚ ਸੈਰ ਸਪਾਟਾ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅਲਕਾਇਦਾ ਦੇ ਅੱਤਵਾਦੀ ਭਾਰਤ ’ਚ ਆਤਮਘਾਤੀ
ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਮੁਜਾਹਿਦੀਨ, ਜੈਸ਼-ਏ-ਮੁਹੰਮਦ, ਆਈ. ਐੱਸ. ਆਈ. ਐੱਸ. ਤੇ ਹੋਰ ਅੱਤਵਾਦੀ ਸੰਗਠਨ ਆਪਸ ’ਚ ਮਿਲ ਕੇ ਇਕ ਵਾਰ ਕਈ ਸ਼ਹਿਰਾਂ ’ਤੇ ਹਮਲਾ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਗਠਨਾਂ ਦੇ ਨਿਸ਼ਾਨੇ ਉਤੇ ਗੋਆ, ਬੈਂਗਲੂਰ ਅਤੇ ਅੰਮ੍ਰਿਤਸਰ ਵਰਗੇ ਟੂਰਿਸਟ ਸ਼ਹਿਰ ਸ਼ਾਮਿਲ ਹਨ। ਸ੍ਰੀ ਚੌਧਰੀ ਨੇ ਕਿਹਾ ਕਿ ਅੱਜ ਦੀ ਤਾਰੀਖ ਵਿੱਚ ਅੱਤਵਾਦ ਹੋਰ ਵੀ ਖਤਰਨਾਕ ਹੋ ਗਿਆ ਹੈ। ਮੁੰਬਈ ਵਿੱਚ 26/11 ਤਾਂ ਬਸ ਇੱਕ ਸ਼ੁਰੂਆਤ ਸੀ। ਫਿਰ ਵੀ ਉਨ੍ਹਾਂ ਨੇ ਕਿਹਾ ਕਿ ਐੱਨ ਐੱਸ ਜੀ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਦ ਵੀ ਜ਼ਰੂਰਤ ਪਈ ਅਸੀਂ ਵਾਜਿਬ ਕਾਰਵਾਈ ਕਰਾਂਗੇ।
ਭਾਰਤ ਵਿਰੁੱਧ ਲੱਖਾਂ ਲੜਾਕੇ ਤਿਆਰ : ਮੁਸ਼ੱਰਫ- ਨਵੀਂ ਦਿੱਲੀ- ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਉੱਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੇ ਵਿਚਾਲੇ ਕਾਰਗਿਲ ਜੰਗ ਦੇ ਸੂਤਰਧਾਰ ਸਾਬਕਾ ਪਾਕਿਸਤਾਨੀ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਭਾਰਤ ਦੇ ਵਿਰੁੱਧ ਤਿੱਖਾ ਬਿਆਨ ਦਿੱਤਾ ਹੈ। ਮੁਸ਼ੱਰਫ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿਰੁੱਧ ਪਾਕਿਸਤਾਨੀ ਫੌਜ ਤੋਂ ਇਲਾਵਾ ਲੱਖਾਂ ਲੜਾਕੇ ਤਿਆਰ ਬੈਠੇ ਹਨ। ਪਾਕਿਸਤਾਨ ਕਸ਼ਮੀਰ ਵਿੱਚ ਭਾਰਤ ਨੂੰ ਅਸਾਨੀ ਨਾਲ ਦਬੋਚ ਸਕਦਾ ਹੈ।
ਜ਼ਿਕਰਯੋਗ ਹੈ ਕਿ ਕਾਰਗਿਲ ਜੰਗ ਦੇ ਸਮੇਂ ਪ੍ਰਵੇਜ਼ ਮੁਸ਼ੱਰਫ ਪਾਕਿਸਤਾਨੀ ਫੌਜ ਦੇ ਮੁਖੀ ਸਨ ਅਤੇ ਉਸ ਸਮੇਂ ਭਾਰਤੀ ਜਵਾਨਾਂ ਨੇ ਆਪਣੀ ਬਹਾਦੁਰੀ ਦੇ ਬਲ ’ਤੇ ਪਾਕਿਸਤਾਨੀ ਫੌਜ ਨੂੰ ਕੰਟਰੋਲ ਰੇਖਾ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ। ਦੇਸ਼ ਧ੍ਰੋਹ ਅਤੇ ਕਤਲ ਦੀ ਸਾਜ਼ਿਸ਼ ਦਾ ਮੁਕੱਦਮਾ ਚੱਲ ਰਹੇ ਮੁਸ਼ੱਰਫ ਨੇ ਕਿਹਾ ਕਿ ਸਰਹੱਦ ’ਤੇ ਪਾਕਿਸਤਾਨ ਦੀ ਜਵਾਬ ਦੇਣ ਦੀ ਇੱ ਸੀਮਾ ਹੈ ਕਿਉਂਕਿ ਆਖਿਰਕਾਰ ਉਸ ਦੀ ਗੋਲੀਆਂ ਦਾ ਸ਼ਿਕਾਰ ਕੋਈ ਕਸ਼ਮੀਰੀ ਹੀ ਬਣਦਾ ਹੈ।