ਚੰਡੀਗੜ੍ਹ, 15 ਅਕਤੂਬਰ (ਪੀ. ਟੀ.)- ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਨੂੰ ਸਤੰਬਰ ਮਹੀਨੇ ਵਿੱਚ ਵੀ ਜਾਰੀ ਰੱਖਦਿਆਂ ਵੱਖ-ਵੱਖ ਮਾਮਲਿਆਂ ਵਿੱਚ 11 ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਪ੍ਰੈਸ ਬਿਆਨ ਰਾਹੀ ਸਤੰਬਰ ਮਹੀਨੇ ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ 11 ਅਧਿਕਾਰੀਆਂ ਨੂੰ ਫੜਨ ਤੋਂ ਇਲਾਵਾ ਬਿਊਰੋ ਨੇ ਰਿਸ਼ਵਤ ਲੈਣ ਦੇ 7 ਮਾਮਲਿਆਂ ਦੀ ਜਾਂਚ ਮੁਕੰਮਲ ਕਰ ਕੇ ਚਲਾਨ ਪੇਸ਼ ਕੀਤਾ। ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪ੍ਰੀਵੈਸ਼ਨ ਆਫ ਕਰਪੱਸ਼ਨ ਐਕਟ 1988 ਤਹਿਤ ਰਿਸ਼ਵਤ ਲੈਣ ਦੇ ਦੋਸ਼ ਵਿੱਚ 11 ਅਧਿਕਾਰੀਆਂ ਨੂੰ ਰੰਗੇ ਹੱਥੀ ਫੜਿਆ। ਸਤਬੰਰ ਮਹੀਨੇ ਦੌਰਾਨ 5 ਫੌਜਦਾਰੀ ਕੇਸ ਦਰਜ ਕੀਤੇ ਗਏ ਜਦੋਂ ਕਿ ਵਸੀਲਿਆਂ ਤੋਂ ਵੱਧ ਜਾਇਦਾਦ ਜਟਾਉਣ ਦੇ ਵੀ 5 ਕੇਸ ਦਰਜ ਕੀਤੇ ਗਏ। ਇਸੇ ਦੌਰਾਨ 19 ਵੱਖ-ਵੱਖ ਨਵੇਂ ਕੇਸਾਂ ਵਿੱਚ ਜਾਂਚ ਸ਼ੁਰੂ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਦਰਜ ਵੱਖ-ਵੱਖ ਕੇਸਾਂ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤਾਂ ਵੱਲੋਂ 5 ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ।