ਚੰਡੀਗੜ੍ਹ, 14 ਅਕਤੂਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਵਿਖੇ ਨਵੀਂ ਮਾਰਕੀਟ ਕਮੇਟੀ ਗਠਿਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਵਲੋਂ ਇਸ ਸਬੰਧੀ ਪੇਸ਼ ਕੀਤੇ ਪ੍ਰਸਤਾਵ ਦੀ ਫਾਈਲ ਉਤੇ ਅੱਜ ਸਵੇਰੇ ਸਹੀ ਪਾ ਦਿੱਤੀ ਹੈ। ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸ. ਬਾਦਲ ਨੇ ਪੰਜਾਬ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਨਿਰਧਾਰਤ ਨਿਯਮਾਂ ਦੇ ਅਨੁਸਾਰ ਇਸ ਨਵੀਂ ਗਠਿਤ ਕੀਤੀ ਗਈ ਮਾਰਕੀਟ ਕਮੇਟੀ ਦੇ ਮੈਂਬਰਾਂ ਦੀ ਗਿਣਤੀ 17 ਨਿਰਧਾਰਤ ਕੀਤੀ ਹੈ ਜੋ ਕਿ 29 ਪਿੰਡਾਂ ਵਿਚੋਂ ਚੁਣੇ ਜਾਣਗੇ। ਇਸ ਵਿੱਚ ਪਾਤੜਾਂ ਦੇ 16, ਲਹਿਰਾਗਾਗਾ ਦੇ 2 ਅਤੇ ਸੂਲਰ ਘਰਾਟ ਮਾਰਕੀਟ ਕਮੇਟੀ ਦੇ 11 ਪਿੰਡ ਸ਼੍ਰਾਮਲ ਕੀਤੇ ਗਏ ਹਨ।