ਲਾਹੌਰ, 11 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਤੇ ਤਹਿਰੀਕ ਏ ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਆਪਣੇ ਸਪਸ਼ਟ ਬਹੁਮਤ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਖ਼ਾਨ ਨੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਮੋਦੀ ਨੂੰ ਮੁਫ਼ਤ ‘ਚ ਸਲਾਹ ਦਿੰਦੇ ਹਨ ਕਿ ਭਾਰਤ ਦੇ ਲੋਕਾਂ ਨੇ ਉਨ੍ਹਾਂ ਨੂੰ ਸਪਸ਼ਟ ਬਹੁਮਤ ਦਿੱਤਾ ਹੈ ਇਸ ਲਈ ਮੋਦੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਕਸ਼ਮੀਰ ਮੁੱਦੇ ‘ਤੇ ਇਕ ਸਿਆਸੀ ਨੇਤਾ ਵਰਗਾ ਕਾਰਜ ਕਰਨਾ ਚਾਹੀਦਾ ਹੈ। ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਖ਼ਾਨ ਨੇ ਕਿਹਾ ਕਿ ਉਪ ਮਹਾਂਦੀਪ ‘ਚ ਬਹੁਤ ਗ਼ਰੀਬੀ ਹੈ। ਜੰਗ ਲੜਨ ਅਤੇ ਹਥਿਆਰਾਂ ‘ਤੇ ਪੈਸਾ ਬਰਬਾਦ ਕਰਨ ਦੀ ਬਜਾਏ ਪਾਕਿਸਤਾਨ ਤੇ ਭਾਰਤ ਨੂੰ
ਗ਼ਰੀਬੀ ਖ਼ਤਮ ਕਰਨ ਲਈ ਕੁਝ ਕਰਨਾ ਚਾਹੀਦਾ ਹੈ। ਇਮਰਾਨ ਨੇ ਕਿਹਾ ਕਿ ਦੋਵੇਂ ਹੀ ਦੇਸ਼ਾਂ ਨੂੰ ਸ਼ਾਂਤੀ ਲਈ ਯੋਜਨਾ ਬਣਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਆਪਸ ‘ਚ ਵਪਾਰ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਿਯੰਤਰਨ ਰੇਖਾ ‘ਤੇ ਭਾਰਤ ਵਲੋਂ ਹੋ ਰਹੀ ਗੋਲੀਬਾਰੀ ‘ਤੇ ਸ਼ਰੀਫ ਨੇ ਇਕ ਵੀ ਸ਼ਬਦ ਨਹੀਂ ਬੋਲਿਆ, ਜਿਸ ‘ਚ ਕਈ ਪਾਕਿਸਤਾਨੀ ਮਾਰੇ ਗਏ ਹਨ। ਖ਼ਾਨ ਨੇ ਕਿਹਾ ਉਹ ਨਵਾਜ਼ ਸ਼ਰੀਫ ਵਲੋਂ ਮੋਦੀ ਨੂੰ ਕਹਿੰਦੇ ਹਨ ਕਿ ਪਾਕਿਸਤਾਨ ਇਸ ਤਰ੍ਹਾਂ ਦੇ ਹਮਲਿਆਂ ਤੋਂ ਡਰਦਾ ਨਹੀਂ ਹੈ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਕੰਟਰੋਲ ਰੇਖਾ ‘ਤੇ ਭਾਰਤੀ ਗੋਲੀਬਾਰੀ ਨਾਲ ਪਾਕਿਸਤਾਨੀ ਡਰ ਜਾਣਗੇ ਤਾਂ ਭਾਰਤ ਬਿਲਕੁਲ ਗ਼ਲਤ ਸਮਝ ਰਿਹਾ ਹੈ। ਪਾਕਿਸਤਾਨ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਲਈ ਇਕਜੁੱਟ ਹੈ।