ਮਹਾਰਾਸ਼ਟਰ ਦੇ ਚੋਣ ਦੌਰੇ ਦੌਰਾਨ ਸ੍ਰੀ ਸ਼ਰਦ ਪਵਾਰ ’ਤੇ ਤਿੱਖਾ ਹਮਲਾ
ਸਗਾਉਂ(ਮਹਾਰਾਸ਼ਟਰ), 5 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਉਹ 15 ਅਕਤਬੂਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਭਾਜਪਾ ਦੀ ਨਰਾਜ ਹੋਈ ਭਾਈਵਾਲ ਪਾਰਟੀ ਸ਼ਿਵ ਸੈਨਾ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਣਗੇ। ਮਹਾਰਾਸ਼ਟਰ ਵਿਚ ਚੋਣ ਪ੍ਰਚਾਰ ਮੁਹਿੰਮ ਦੇ ਦੂਸਰੇ ਦਿਨ ਸ੍ਰੀ ਮੋਦੀ ਨੇ ਐਨ.ਸੀ.ਪੀ ਮੁੱਖੀ ਸ਼ਰਦ ਪਵਾਰ ਉਪਰ ਹਮਲਾ ਕਰਦਿਆਂ ਕਿਹਾ ਕਿ ਉਸ ਵਿਚ ਮਰਾਠਾ ਨੇਤਾ ਸ਼ਿਵਾਜੀ ਵਾਲੇ ਗੁਣਾਂ ਦਾ ਘਾਟ ਹੈ ਤੇ ਉਹ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਹੁੰਦਿਆਂ ਰਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਅਸਫਲ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਰਾਜਸੀ ਪੰਡਿਤ ਕਹਿ ਰਹੇ ਹਨ ਕਿ ਮੈਂ ਚੋਣ ਪ੍ਰਚਾਰ ਦੌਰਾਨ ਸ਼ਿਵ ਸੈਨਾ ਦੀ ਅਲੋਚਨਾ ਕਿਉਂ ਨਹੀਂ ਕਰਦਾ। ਇਸ ਸਬੰਧੀ ਮੇਰਾ ਕਹਿਣਾ ਹੈ ਕਿ ਸਵਰਗੀ ਬਾਲ ਠਾਕਰੇ ਜਿਨ੍ਹਾਂ ਲਈ ਮੇਰੇ ਮੰਨ ਵਿਚ ਬਹੁਤ ਇਜ਼ਤ ਹੈ, ਦੀ ਗੈਰ ਹਾਜਰੀ ਵਿਚ ਇਹ ਪਹਿਲੀ ਚੋਣ ਹੋ ਰਹੀ ਹੈ। ਮੈਂ ਫੈਸਲਾ ਕੀਤਾ ਹੈ ਕਿ ਮੈਂ ਸ਼ਿਵ ਸੈਨਾ ਵਿਰੁੱਧ ਕੁਝ ਨਹੀਂ ਬੋਲਾਂਗਾ। ਇਹ ਮੇਰੀ ਬਾਲਾ ਸਾਹਿਬ ਠਾਕਰੇ ਨੂੰ ਸ਼ਰਧਾਂਜਲੀ ਹੈ। ਮੋਦੀ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਪਵਾਰ ਕੇਂਦਰੀ ਖੇਤੀਬਾੜੀ ਮੰਤਰੀ ਸਨ ਤਾਂ ਮਹਾਰਾਸ਼ਟਰ ਵਿਚ ਹਰ ਸਾਲ 3700 ਦੇ ਆਸ ਪਾਸ ਕਿਸਾਨ ਆਤਮ ਹੱਤਿਆਵਾਂ ਕਰਦੇ ਸਨ। ਮੋਦੀ ਨੇ ਕਿਹਾ ਕਿ ਸਾਡੀ ਸ਼ਿਵ ਭਗਤੀ ਨੂੰ ਚੁਣੌਤੀ ਦੇਣੀ ਬੰਦ ਕੀਤੀ ਜਾਵੇ।
ਹਾਲ ਹੀ ਵਿਚ ਪਵਾਰ ਨੇ ਇਕ ਚੋਣ ਰੈਲੀ ਦੌਰਾਨ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਉਹ ਲੋਕ ਜੋ ਛੱਤਰਪਤੀ ਸ਼ਿਵਾ ਜੀ ਮਰਾਠਾ ਨੂੰ ਲੁਟੇਰਾ ਕਹਿੰਦੇ ਸਨ ਅੱਜ ਵੋਟਾਂ ਲੈਣ ਲਈ ਉਨ੍ਹਾਂ ਨੂੰ ਯੋਧਾ ਮਹਾਰਾਜ ਕਹਿ ਰਹੇ ਹਨ। ਮੋਦੀ ਨੇ ਕਾਂਗਰਸ ਤੇ ਐਨ.ਸੀ.ਪੀ ਉਪਰ ਹਮਲਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਹ ਦੋਨੋਂ ਇਕ ਹਨ।
ਇਨ੍ਹਾਂ ਵਿਚ ਕੋਈ ਫਰਕ ਨਹੀਂ ਹੈ। ਮੋਦੀ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਮਹਾਰਾਸ਼ਟਰ ਨੂੰ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਨੇ ਕਾਰਗਿਲ ਦੀਆਂ ਵਿਧਵਾਵਾਂ ਦੇ ਘਰਾਂ ਨੂੰ ਲੁੱਟਿਆ ਹੈ ਤੇ ਨੌਜਵਾਨਾਂ ਕੋਲੋਂ ਨੌਕਰੀਆਂ ਖੋਹੀਆਂ ਹਨ।
ਮੋਦੀ ਨੇ ਕਿਹਾ ਕਿ ਜੇਕਰ ਪਵਾਰ ਨੇ ਖੇਤੀਬਾੜੀ ਮੰਤਰੀ ਹੁੰਦਿਆਂ ਸ਼ਿਵਾਜੀ ਦੀਆਂ ਪਾਣੀ ਦੇ ਪ੍ਰਬੰਧ ਸਬੰਧੀ ਤਕਨੀਕਾਂ ਨੂੰ ਲਾਗੂ ਕੀਤਾ ਹੁੰਦਾ ਤਾਂ ਮਹਾਰਾਸ਼ਟਰ ਦੇ ਕਿਸਾਨ ਖੁਦਕੁਸ਼ੀਆਂ ਨਾ ਕਰਦੇ। ਮੋਦੀ ਨੇ ਕਿਹਾ ਕਿ ਕੀ ਤੁਸੀਂ ਚਹੁੰਦੇ ਹੋ ਕਿ ਮਹਾਰਾਸ਼ਟਰ ਭ੍ਰਿਸ਼ਟਾਚਾਰ ਦੀ ਦਲਦਲ ਵਿਚੋਂ ਨਿਕਲੇ? ਇਹ ਜਿੰਮੇਵਾਰੀ ਮੈਂ ਲੈਣ ਲਈ ਤਿਆਰ ਹਾਂ ਪਰ ਇਸ ਵਾਸਤੇ ਪੂਰਨ ਬਹੁਮਤ ਵਾਲੀ ਸਰਕਾਰ ਚੁਣੀ ਜਾਵੇ।



