ਜੰਮੂ, 3 ਅਕਤੂਬਰ (ਪੀ. ਟੀ. ਆਈ.)-ਫ਼ੌਜ ਨੇ ਜੰਮੂ ਤੇ ਪੁੰਣਛ ਜਿਲ੍ਹਿਆਂ ਦੇ ਪੱਲਾਂਵਾਲਾ ਅਤੇ ਸਬਜਿਆਂ ਇਲਾਕਿਆਂ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੱਲਾਂਵਾਲਾ ਅਗਲੇ ਇਲਾਕੇ ਵਿਚ ਕੰਟਰੋਲ ਰੇਖਾ ਦੇ ਰਾਖੀ ਕਰ ਰਹੇ ਸੈਨਿਕਾਂ ਨੇ ਕਲ੍ਹ ਘੁਸਪੈਠ ਕਰ ਰਹੇ ਇਕ ਵਿਅਕਤੀ ਦੀ ਹਿਲਜੁਲ ਦੇਖੀ ਜਿਸ ਨੂੰ ਉਨ੍ਹਾਂ ਨੇ ਚੁਣੌਤੀ ਦਿੱਤੀ। ਚੁਣੌਤੀ ਦਿੱਤੇ ਜਾਣ ‘ਤੇ ਉਸ ਨੇ ਦੌੜਨ ਦਾ ਯਤਨ ਕੀਤਾ ਪਰ ਉਸ ਦੀ ਲੱਤ ਵਿਚ ਗੋਲੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ। 50 ਸਾਲਾ ਇਸ ਵਿਅਕਤੀ ਨੇ ਅਜੇ ਤਕ ਆਪਣੀ ਪਛਾਣ ਨਹੀਂ ਦੱਸੀ। ਉਸ ਦੇ ਕਬਜ਼ੇ ਚੋਂ ਪਾਕਿਸਤਾਨੀ ਕਰੰਸੀ ਅਤੇ ਕੁੰਜੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਫ਼ੌਜ ਨੇ ਘੁਸਪੈਠ ਕਰ ਰਹੇ ਇਕ ਪਾਕਿਸਤਾਨੀ ਨੌਜਵਾਨ ਸ਼ਫੀਕ-ਉਲ-ਰਹਿਮਾਨ ਨੂੰ ਬੀਤੀ ਰਾਤ ਪੁੰਣਛ ਜਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਸਬਜਿਆਂ ਦੀ
ਅਗਲੀ ਪੱਟੀ ਤੋਂ ਗ੍ਰਿਫਤਾਰ ਕੀਤਾ ਹੈ। 20 ਸਾਲਾ ਇਸ ਨੌਜਵਾਨ ਕੋਲੋਂ ਪਾਕਿਸਤਾਨੀ ਕਰੰਸੀ ਅਤੇ ਦੂਸਰੀਆਂ ਵਸਤਾਂ ਬਰਾਮਦ ਕੀਤੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਉਹ ਸ਼ੱਕੀ ਲਗਦਾ ਸੀ ਇਸ ਲਈ ਅਸੀਂ ਜੰਮੂ ਵਿਖੇ ਪੁੱਛਗਿੱਛ ਕੇਂਦਰ ਵਿਖੇ ਉਸ ਤੋਂ ਪੁੱਛਗਿੱਛ ਕਰਨ ਦੀ ਸਿਫਾਰਸ਼ ਕੀਤੀ ਹੈ। ਉਸ ਨੂੰ ਪੁੱਛਗਿੱਛ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।



