ਰਾਜ ਪੱਧਰੀ ਸਮਾਗਮ ਵਿਚ ਦੁਆਈ ਸਫਾਈ ਰੱਖਣ ਦੀ ਸਹੁੰ
ਪਰਨੀਤ ਕੌਰ- ਕਾਰਜਕਾਰੀ ਸੰਪਾਦਕ ਜਲੰਧਰ/ਸ਼ੇਖਪੁਰਾ, (ਤਲਵੰਡੀ ਸਾਬੋ/ਬਠਿੰਡਾ), 2 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਆਯੋਜਿਤ ਸੂਬਾ ਪੱਧਰੀ ਸਮਾਗਮ ਦੌਰਾਨ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ‘ਸਵੱਛ ਭਾਰਤ ਅਭਿਆਨ’ ਤਹਿਤ ਸਫਾਈ ਰੱਖਣ ਲਈ ‘ਸਵੱਛਤਾ ਸ਼ਪਥ’ ਦੁਆਈ। ਇਸ ਮੌਕੇ ਸਭ ਨੇ ਆਪਣੇ ਘਰਾਂ, ਜਨਤਕ ਥਾਂਵਾਂ ਅਤੇ ਕੰਮ ਦੇ ਸਥਾਨਾਂ ਦੀ ਸਾਫ ਸਫਾਈ ਰੱਖਣ ਦੀ ਸਹੁੰ ਚੁੱਕਦਿਆਂ ਪ੍ਰਣ ਲਿਆ ਕਿ ਉਹ ਹਰ ਹਫ਼ਤੇ 2 ਘੰਟੇ ਦੀ ਦਰ ਨਾਲ ਸਾਲਾਨਾ 100 ਘੰਟੇ ਇੰਨ੍ਹਾਂ ਥਾਂਵਾਂ ਦੀ ਸਾਫ ਸਫਾਈ ਨੂੰ ਦੇਣਗੇ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਆਪਣਾ ਆਲਾ
ਦੁਆਲਾ ਸਾਫ ਰੱਖਣ ਤਾਂ ਹੀ ਦੇਸ਼ ਸਾਫ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਨੂੰ ਸਾਫ ਸੁਥਰਾ ਰੱਖਣ ਲਈ ਵੱਡਾ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਹੈ ਅਤੇ ਰਕਮ ਦਾ ਪ੍ਰਬੰਧ ਕੀਤਾ ਹੈ। ਹੁਣ ਲੋਕਾਂ ਨੂੰ ਵੀ ਸੂਬੇ ਅਤੇ ਦੇਸ਼ ਦੀ ਸਫਾਈ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰ ਅਤੇ ਪਿੰਡਾਂ ਦੀ ਸਫਾਈ ਲਈ ਵਚਨਬੱਧ ਹੈ ਪਰ ਆਮ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਫਾਈ ਰੱਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਅਨੁਸਾਸ਼ਿਤ ਜੀਵਨ ਜਿਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਦੀ ਰਹਿੰਦ ਖੁਹੰਦ ਨੂੰ ਆਪਣੇ ਖੇਤ ਦੇ ਕੋਨੇ ਵਿਚ ਸੰਭਾਲਨ, ਨਾ ਕਿ ਸੜਕਾਂ ਦੇ ਕਿਨਾਰਿਆਂ ਤੇ ਜਾਂ ਹੋਰ ਜਨਤਕ ਥਾਂਵਾਂ ਤੇ ਸੱਟ ਦੇਣ। ਉਨ੍ਹਾਂ ਸ਼ਹਿਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀ ਸਫਾਈ ਕਰਕੇ ਕੂੜਾ ਸੜਕਾਂ ਦੇ ਸੁੱਟਣ ਦੀ ਬਜਾਏ ਕੂੜਾ ਇਕੱਠਾਂ ਕਰਨ ਵਾਲੀਆਂ ਟੀਮਾਂ ਨੂੰ ਦੇਣ ਜਾਂ ਨਿਰਧਾਰਤ ਕਚਰਾ ਭੰਡਾਰਨ ਪਾਤਰ ਵਿਚ ਪਾਇਆ ਜਾਵੇ।
ਉਨ੍ਹਾਂ ਨੇ ਲੋਕਾਂ ਵੱਲੋਂ ਖਾਸ ਕਰਕੇ ਪਿੰਡਾਂ ਦੇ ਵਾਸੀਆਂ ਵੱਲੋਂ ਪੰਚਾਇਤੀ ਥਾਂਵਾਂ ਤੋਂ ਵੀ ਰੂੜੀਆਂ, ਤੂੜੀ, ਛੱਟੀਆਂ ਆਦਿ ਚੁੱਕਣ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਏ ਜਾਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰਾਂ ਹੋਣ ਨਾਲ ਅਜਿਹੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਰਹਿਣ ਲਈ ਸਾਫ ਸੁਥਰਾ, ਪ੍ਰਦੂਸ਼ਨ ਅਤੇ ਗੰਦਗੀ ਰਹਿਤ ਚੌਗਿਰਦਾ ਉਪਲਬੱਧ ਹੋ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਸਫਾਈ ਦੀ ਚੇਟਕ ਉਸੇ ਸਮੇਂ ਲਗਾ ਦੇਣੀ ਚਾਹੀਦੀ ਹੈ ਜਦੋਂ ਉਹ ਚੱਲਣਾ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਸਫਾਈ ਵੀ ਇਕ ਭਗਤੀ ਹੀ ਹੈ ਅਤੇ ਇਸ ਦਾ ਸਾਡੇ ਜੀਵਨ ਵਿਚ ਅਜਿਹਾ ਸਥਾਨ ਹੈ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੂਸਰਿਆਂ ਲਈ ਚਾਨਣ ਮੁਨਾਰੇ ਬਣਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦੀ ਭਾਵਨਾ ਨੂੰ ਜੀਵਨ ਦਾ ਅੰਗ ਬਣਾ ਲਿਆ ਜਾਵੇ ਅਤੇ ਤੁਹਾਡੇ ਕੰਮ ਕਾਜ ਵਿਚੋਂ ਇਸ ਦੀ ਝਲਕ ਸਪਸ਼ੱਟ ਵਿਖਾਈ ਦੇਵੇ। ਉਨ੍ਹਾਂ ਕਿਹਾ ਕਿ ਦੁਸਰਿਆਂ ਲਈ ਮਾਰਗ ਦਰਸ਼ਕ ਤਦ ਹੀ ਬਣਿਆ ਜਾ ਸਕਦਾ ਹੈ ਜੇਕਰ ਅਜਿਹੀ ਪਹਿਲ ਆਪਣੇ ਘਰ ਤੋਂ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵੰਡੀ ਸਾਬੋ ਦੇ ਵਿਧਾਇਕ ਸ: ਜੀਤ ਮਹਿੰਦਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ, ਡੀ.ਆਈ.ਜੀ. ਸ: ਅਮਰ ਸਿੰਘ ਚਾਹਲ, ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਦਿ ਵੀ ਹਾਜਰ ਸਨ।



