ਲਾਡੀ ਸੁਖਜਿੰਦਰ ਕੌਰ ਭੁੱਲਰ ਸੰਪਰਕ : 97811-91910
ਫੁੱਲਾਂ ਵਰਗੇ ਬੱਚੇ
ਕਵੀ : ਧਰਮ ਸਿੰਘ ਧਰਮ
ਪ੍ਰਕਾਸ਼ਨ : ਆਰ.ਐਸ., ਚੰਡੀਗੜ੍ਹ
ਮੁੱਲ : 55 ਰੁਪਏ, ਸਫ਼ੇ :”40
ਧਰਮ ਸਿੰਘ ਧਰਮ ਜੀ ਦੀ ਇਹ ਪਲੇਠੀ ਪੁਸਤਕ ‘ਫੁੱਲਾਂ ਵਰਗੇ ਬੱਚੇ’ ਹੈ। ਇਹ ਪੁਸਤਕ ਬਾਲ ਕਵਿਤਾ ਸੰਗ੍ਰਹਿ ਹੈ ਅਤੇ ਇਸ ਵਿੱਚ 31 ਬਾਲ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਧਰਮ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਅਖ਼ਬਾਰਾਂ ਅਤੇ ਮੈਗਜ਼ੀਨ ਪੜ੍ਹਨ ਦਾ ਸ਼ੌਕ ਰਿਹਾ ਹੈ ਤੇ ਫਿਰ ਐਮ.ਏ. ਕਰਨ ਤੋਂ ਬਾਅਦ ਉਨ੍ਹਾਂ ਦਾ ਵਾਹ ਸਾਹਿਤਕਾਰਾਂ ਨਾਲ ਪੈ ਗਿਆ, ਫੇਰ ਉਨ੍ਹਾਂ ਨੂੰ ਲਿਖਣ ਦੀ ਚੇਟਕ ਲੱਗ ਗਈ। ਇਸ ਪੁਸਤਕ ਦਾ ਮੁਖ ਬੰਦ ਡਾ. ਗੁਰਮੀਤ ਸਿੰਘ ਬੈਦਵਾਣ ਜੀ ਹੁਣਾਂ ਨੇ ਲਿਖਿਆ ਹੈ।
ਫੁੱਲਾਂ ਵਰਗੇ ਬੱਚੇ ਪੁਸਤਕ ਵਿਚ ਸਭ ਕਵਿਤਾਵਾਂ ਇਕ ਤੋਂ ਵਧੀਆ ਇਕ ਸ਼ਾਮਲ ਹੈ। ‘ਪੰਦਰਾਂ ਅਗਸਤ’ ਕਵਿਤਾ ਵਿੱਚ ਬੱਚਿਆਂ ਨੂੰ ਬੜੇ ਹੀ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਪੰਦਰਾਂ ਅਗਸਤ ਵਾਲੇ ਦਿਨ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇਸ਼ ਭਗਤਾਂ ਨੇ ਫਿਰੰਗੀਆਂ ਨੂੰ ਲਲਕਾਰਿਆ ਸੀ। ਪਾਪਾ ਜੀ ਮੈਂ ਜੱਜ ਬਣਨਾ ਕਵਿਤਾ ਵਿਚ ਕਵੀ ਨੇ ਬੱਚਿਆਂ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਇਹ ਕਵਿਤਾ ਪੜ੍ਹ ਕੇ, ਕਈ ਬੱਚੇ ਵੱਡੇ ਅਫਸਰ ਬਣਨ ਬਾਰੇ ਸੋਚ ਦੇ ਹਨ ਅਤੇ ਬੱਚਿਆਂ ਅੰਦਰ ਵੱਡਾ ਅਫਸਰ ਬਣਨ ਦਾ ਉਤਸ਼ਾਹ ਪੈਦਾ ਹੁੰਦਾ ਹੈ।
ਇਹ ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ ਬਹੁਤ ਵਧੀਆ ਹਨ ਅਤੇ ਛੋਟੇ ਬੱਚਿਆਂ ਲਈ ਜਾਣਕਾਰੀ, ਸਿੱਖਿਆ, ਰਿਸ਼ਤਿਆਂ ਵਿੱਚ ਪਿਆਰ ਭਰਪੂਰ ਕਵਿਤਾਵਾਂ ਹਨ। ‘ਫੌਜੀ’ ਕਵਿਤਾ ਦੀਆਂ ਕੁਝ ਸਤਰਾਂ ਪੇਸ਼ ਹਨ:-
ਫੌਜੀ ਹੁੰਦਾ ਤਪ ਤੇਜ਼ ਵਾਲਾ,
ਇਹ ਹੁੰਦਾ ਸਰਹੱਦਾਂ ਦਾ ਰਖਵਾਲਾ।
ਵਫ਼ਾਦਾਰ ਹੁੰਦਾ ਇਹ ਦੇਸ਼ ਦਾ,
ਸਾਨੀ ਹੋ ਰਹੀ ਸਕਦਾ ਕੋਈ ਏਸ ਦਾ।
ਜਾਨ ਦੀ ਬਾਜ਼ੀ ਇਹ ਲਾ ਦਿੰਦਾ,
ਖਾਤਰ ਦੇਸ਼ ਦੀ ਇਹ ਜਾਨ ਗੁਆ ਦਿੰਦਾ।
ਹੱਦਾਂ ਦੀ ਰਾਖੀ ਕਰਦਾ ਇਹ ਥਕਦਾ ਨਹੀ।
ਇਹ ਸੱਚਾ ਸੂਰਬੀਰ ਕਦੇ ਅੱਕਦਾ ਨਹੀਂ।
ਇਸ ਬਾਲ ਕਵਿਤਾ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਵਿਦਿਆ, ਆਜ਼ਾਦੀ ਦਿਨ, ਰਿਸ਼ਤਿਆਂ ਵਿਚ ਪਿਆਰ, ਕਿਸਾਨ, ਰੁੱਖ, ਮੇਲਾ, ਸਰਕਸ, ਵਾਤਾਵਰਣ, ਫਲ, ਫੁਲ ਆਦਿ ਵਿਸ਼ਿਆਂ ਨੂੰ ਸੋਹਿਆ ਗਿਆ ਹੈ। ‘ਫੁੱਲਾਂ ਵਰਗੇ ਬੱਚੇ’ ਪੁਸਤਕ ਬਾਲਾਂ ਦੇ ਮਨਾਂ ਨੂੰ ਛੂਹਣ ਵਾਲੀ ਹੈ ਅਤੇ ਸਰਲ ਭਾਸ਼ਾ ਵਿਚ ਲਿਖੀ ਹੋਈ ਹੈ। ਸਭ ਸ਼ਬਦ ਬੱਚਿਆਂ ਦੀ ਸਮਝ ਵਿਚ ਆਉਣ ਵਾਲੇ ਹਨ। ਕਵੀ ਨੂੰ ਇਸ ਪੁਸਤਕ ਲਈ ਤਹਿ ਦਿਲੋਂ ਮੁਬਾਰਕਾਂ। ਬਾਲ ਸਾਹਿਤ ਵਿਚ ਇਸ ਪੁਸਤਕ ਦਾ ਸੁਆਗਤ ਹੈ। ਕਵੀ ਅਤੇ ਕਵੀ ਦੀ ਕਲਮ ’ਤੇ ਵਾਹਿਗੁਰੂ ਮੇਹਰ ਰੱਖੇ ਤੇ ਉਹ ਹੋਰ ਕਿਤਾਬਾਂ ਵੀ ਸਾਹਿਤ ਦੀ ਝੋਲੀ ਪਾਉਣ।


