April 28, 2024 4:22 am

ਕਰੋਨਾਵਾਇਰਸ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਵਕਤੀ ਤੌਰ ‘ਤੇ ਬੰਦ ਕੀਤਾ ਗਿਆ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 16 ਮਾਰਚ –ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਨੂੰ ਵਕਤੀ ਤੌਰ ‘ਤੇ ਬੰਦ ਕੀਤਾ ਗਿਆ ਹੈ।ਆਪਣੀ ਸਰਕਾਰ ਦੇ ਤਿੰਨ ਵਰੇ ਪੂਰੇ ਹੋਣ ਮੌਕੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸ਼ਰਧਾਲੂਆਂ ਦੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਹਾਕਿਆਂ ਬੱਧੀ ਅਰਦਾਸਾਂ ਸਦਕਾ ਖੁੱਲੇ ਕਰਤਾਰਪੁਰ ਕੋਰੀਡੋਰ ਸਬੰਧੀ ਆਪਣੀ ਪ੍ਰਤੀਬੱਧਤਾ ਨੂੰ ਦਹੁਰਾਉਂਦਿਆਂ ਕਿਹਾ ਕਿ ਇਹ ਕੋਰੀਡੋਰ ਕਰੋਨਾਵਾਇਰਸ ਦੇ ਮੌਜੂਦਾ ਵਕਤੀ ਸੰਕਟ ਤੋਂ ਇਲਾਵਾ ਹਮੇਸ਼ਾ ਖੁੱਲਾ ਰਹੇਗਾ।ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਦੇ ਮੌਜੂਦਾ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਕੌਰੀਡੋਰ ਨੂੰ ਬੰਦ ਰੱਖਣ ਦਾ ਫੈਸਲਾ ਆਰਜ਼ੀ ਵਿਵਸਥਾ ਹੈ ਜਿਸ ਦਾ ਮੁੱਖ ਮਕਸਦ ਇਸ ਖਤਰਨਾਕ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਹੈ। ਉਨਾਂ ਕਿਹਾ ਕਿ ਇਸ ਕੌਰੀਡੋਰ ਨੂੰ ਪੱਕੇ ਤੌਰ ‘ਤੇ ਬੰਦ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਨਾਂ ਕਿਹਾ ਕਿ ਕਰਤਾਰਪੁਰ ਕੌਰੀਡੋਰ ਦੇ ਖੁੱਲਣ ਨਾਲ ਸ਼ਰਧਾਲੂਆਂ ਦੀ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਦੀ ਇੱਛਾ ਪੂਰੀ ਹੋਈ ਹੈ ਅਤੇ ਇਸ ਕੋਰੀਡੋਰ ਨੂੰ ਖੋਲਣ ਸਬੰਧੀ ਫੈਸਲੇ ਨੂੰ ਕਿਸੇ ਵੀ ਕੀਮਤ ‘ਤੇ ਕਦੇ ਵੀ ਬਦਲਿਆ ਨਹੀਂ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨਾਂ ਦੇ ਚੰਗੇ ਭਾਗ ਹਨ ਕਿ ਕਰਤਾਰਪੁਰ ਲਾਂਘਾ ਉਨਾਂ ਦੇ ਸਮੇਂ ਖੁੱਲਿਆ ਹੈ ਅਤੇ ਉਨਾਂ ਨਾਲ ਹੀ ਕਿਹਾ ਕਿ ਉਨਾਂ ਦੀ ਸਰਕਾਰ ਇਸ ਗੱਲੋਂ ਭਾਗਾਂ ਵਾਲੀ ਹੈ ਕਿ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਦਾ ਮੌਕਾ ਹਾਸਿਲ ਹੋਇਆ।

Send this to a friend