January 17, 2025 7:29 am

ਵਿਆਹਾਂ ‘ਚ ਅਸਲਾ ਆਦਿ ਲੈ ਕੇ ਜਾਣਾ ਉਚਿਤ ਨਹੀਂ-

ਵਿਆਹਾਂ ‘ਚ ਹਥਿਆਰ ਨਹੀਂ, ਸੱਚਾ ਪਿਆਰ ਲੈ ਕੇ ਜਾਓ

ਵਿਆਹ ਦੋ ਦਿਲਾਂ , ਦੋ ਪਰਿਵਾਰਾਂ ਅਤੇ ਮਿੱਤਰਾਂ-ਸੱਜਣਾਂ , ਭਾਈਚਾਰੇ , ਰਿਸ਼ਤੇਦਾਰਾਂ ਤੇ ਆਪਣਿਆਂ ਦੇ ਮੇਲ – ਮੁਲਾਕਾਤ ਦਾ ਖੁਸ਼ਨੁਮਾ ਮਾਹੌਲ , ਅਨੰਦਮਈ ਸਮਾਂ ਅਤੇ ਨਵੇਂ ਬਣਨ ਜਾ ਰਹੇ ਰਿਸ਼ਤਿਆਂ ਵਾਲਾ ਸੁਭਾਗਾ ਸਮਾਂ ਤੇ ਮੌਕਾ ਹੁੰਦਾ ਹੈ । ਹਰ ਕਿਸੇ ਨੂੰ ਇਸ ਸਮੇਂ ਦੀ ਬੇ-ਸਬਰੀ ਤੇ ਚਾਅ-ਮਲਾਰ ਨਾਲ ਉਡੀਕ ਹੁੰਦੀ ਹੈ । ਚਾਰੇ ਪਾਸੇ ਰੌਣਕਾਂ , ਢੋਲ – ਢਮੱਕੇ ਅਤੇ ਨਾਚ-ਗਾਉਣ ਦਾ ਅਨੰਦ , ਖੁਸ਼ੀ ਤੇ ਜੋਸ਼ ਭਰਿਆ ਮਾਹੌਲ ਹੁੰਦਾ ਹੈ । ਹਰ ਕੋਈ ਆਪਸੀ ਮੇਲ -ਮੁਲਾਕਾਤ , ਰਸਮਾਂ- ਰਿਵਾਜਾਂ ਤੇ ਚਾਅ ਪੂਰੇ ਕਰਨ ਵਿੱਚ ਰੁਝਿਆ ਹੁੰਦਾ ਹੈ । ਅਜਿਹੇ ਮੌਕੇ ਜੇਕਰ ਛੋਟੀ-ਮੋਟੀ ਗੱਲ ਕਰਕੇ ਕੋਈ ਮਾਰ-ਧਾੜ ਜਾਂ ਲੜਾਈ-ਝਗੜੇ ਦੀ ਘਟਨਾ ਵਾਪਰ ਜਾਵੇ , ਤਾਂ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ । ਹੱਦ ਤਾਂ ਉਦੋਂ ਹੋ ਜਾਂਦੀ ਹੈ , ਜਦੋਂ ਜਾਣੇ-ਅਣਜਾਣੇ ਵਿੱਚ ਕੋਈ ਵਿਅਕਤੀ ਅਜਿਹੇ ਸ਼ੁੱਭ ਅਵਸਰ ‘ ਤੇ ਆਪਣੇ ਨਾਲ ਅਸਲਾ ( ਪਿਸਤੌਲ , ਬੰਦੂਕ , ਗੋਲੀ ਸਿੱਕਾ ਆਦਿ ) ਲੈ ਕੇ ਜਾਵੇ ਅਤੇ ਕਿਸੇ ਵੀ ਗੱਲ ‘ਤੇ ਆਪਣਾ ਆਪਾ ਖੋਹ ਬੈਠ ਜਾਂਦਾ ਹੈ ਤੇ ਅਸਲੇ ਦੀ ਵਰਤੋਂ ਕਰ ਬੈਠਦਾ ਹੈ । ਸਿੱਟੇ ਵਜੋਂ ਕਦੇ-ਕਦੇ ਸੁਹਾਗ-ਘੋੜੀਆਂ ਦੀਆਂ ਖੁਸ਼ਨੁਮਾ ਧੁਨੀਆਂ ਵੈਣਾਂ ਤੇ ਹਾਏ-ਕੁਰਲਾਹਟ ਵਿੱਚ ਬਦਲ ਜਾਂਦੀਆਂ ਹਨ । ਕੁਝ ਪਲਾਂ ਵਿੱਚ ਹੋਸ਼ ਭੁਲਾ ਕੇ ਜਾਣੇ-ਅਣਜਾਣੇ ਵਿੱਚ ਹੋਈ ਇਹ ਗਲਤੀ ਆਪਸੀ ਪ੍ਰੇਮ-ਪਿਆਰ ਭਰੇ ਸੰਬੰਧਾਂ ਨੂੰ ਤਾਂ ਖਤਮ ਕਰ ਹੀ ਦਿੰਦੀ ਹੈ , ਨਾਲ ਹੀ ਕਈ ਵਾਰ ਕਿਸੇ ਨੂੰ ਜ਼ਿੰਦਗੀ ਭਰ ਲਈ ਅਪਾਹਜ ਕਰ ਸਕਦੀ ਹੈ ਜਾਂ ਕਿਸੇ ਦੀ ਜੀਵਨ-ਲੀਲ੍ਹਾ ਨੂੰ ਖਤਮ ਕਰ ਸਕਦੀ ਹੈ ਅਤੇ ਹੋਸ਼ ਭੁਲਾ ਕੇ ਗਲਤੀ ਕਰਨ ਵਾਲੇ ਨੂੰ ਵੀ ਜੇਲ੍ਹ ਯਾਤਰਾ ਤੱਕ ਵੀ ਕਰਨੀ ਪੈ ਸਕਦੀ ਹੈ । ਇਸ ਲਈ ਕਈ ਪਰਿਵਾਰਾਂ ਦਾ ਘਰੇਲੂ , ਸਮਾਜਿਕ ਤੇ ਆਪਸੀ ਤਾਣਾ -ਬਾਣਾ ਵੀ ਉਲਝ ਜਾਂਦਾ ਹੈ । ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਆਹ ਜਿਹੇ ਖ਼ੁਸ਼ੀ ਭਰੇ ਤੇ ਪਵਿੱਤਰ ਮੌਕੇ ‘ਤੇ ਸ਼ਾਂਤੀ , ਸਵੈ-ਕਾਬੂ ਅਤੇ ਸੰਜਮ ਬਣਾਈ ਰੱਖੀਏ ਅਤੇ ਇਸ ਆਨੰਦਮਈ ਮਾਹੌਲ ਵਿੱਚ ਭੁੱਲ ਕੇ ਵੀ ਅਸਲਾ ਆਦਿ ਖਤਰਨਾਕ ਹਥਿਆਰ ਲੈ ਕੇ ਜਾਣ ਤੋਂ ਤੌਬਾ ਕਰਨੀ ਚਾਹੀਦੀ ਹੈ ਅਤੇ ਛੋਟੇ-ਮੋਟੇ ਮਨਮੁਟਾਵ ਦਾ ਰਾਈ ਦਾ ਪਹਾੜ ਨਹੀਂ ਬਣਾਉਣਾ ਚਾਹੀਦਾ , ਤਾਂ ਜੋ ਪ੍ਰੇਮ-ਪਿਆਰ ਅਤੇ ਘਰੇਲੂ ਤੇ ਸਮਾਜਿਕ ਭਾਈਚਾਰਕ ਸਾਂਝ ਵਾਲਾ ਮਾਹੌਲ ਬਣਿਆ ਰਹੇ ਅਤੇ ਕੋਈ ਵੀ ਅਣਹੋਣੀ ਨਾ ਵਾਪਰ ਸਕੇ । ਸਾਡੇ ਸਭ ਵੱਲੋਂ ਅਪਣਾਈ ਤੇ ਦਰਸਾਈ ਇਸ ਸਮਝਦਾਰੀ ਵਿੱਚ ਸਾਡਾ ਖੁਦ ਦਾ , ਸਾਡੇ ਪਿਆਰੇ ਪਰਿਵਾਰ ਦਾ ਅਤੇ ਦੂਸਰਿਆਂ ਦਾ ਵੀ ਭਲਾ ਹੈ ਸੋ “ਵਿਆਹ ਵਿੱਚ ਹਥਿਆਰ ਨਹੀਂ, ਸਗੋਂ ਸੱਚਾ ਪਿਆਰ ਲੈ ਕੇ ਜਾਓ||
-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

Send this to a friend