March 13, 2024 4:12 pm

ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਗਿਆ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ

ਅੰਮ੍ਰਿਤਸਰ, 27 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਮਹਾਨ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਪਿੰਦਰ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਅਰਦਾਸ ਉਪਰੰਤ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਭਾਈ ਮਰਦਾਨਾ ਜੀ ਦੇ ਜੀਵਨ ਇਤਿਹਾਸ ਨੂੰ ਸੰਗਤ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਗੁਰੂ ਘਰ ਦੇ ਪਹਿਲੇ ਰਬਾਬੀ ਕੀਰਤਨੀਏ ਸਨ, ਜਿਨ੍ਹਾਂ ਨੂੰ ਲੰਮਾਂ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥ ਪ੍ਰਾਪਤ ਹੋਇਆ। ਸਮਾਗਮ ਦੌਰਾਨ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਸੁਸਾਇਟੀ ਪੰਜਾਬ ਦੇ ਨੁਮਾਇੰਦਿਆਂ ਨੂੰ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਭਗਵੰਤ ਸਿੰਘ ਸਿਆਲਕਾ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜਰ ਸ. ਬਘੇਲ ਸਿੰਘ, ਸ. ਸੁਖਰਾਜ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀੀ, ਸ. ਨਿਸ਼ਾਨ ਸਿੰਘ, ਭਾਈ ਮਰਦਾਨਾ ਸੁਸਾਇਟੀ ਦੇ ਮੀਤ ਪ੍ਰਧਾਨ ਸ੍ਰੀ ਜੀਤਾ ਜੀ, ਸ. ਬਲਵਿੰਦਰ ਸਿੰਘ, ਸ. ਮੰਗਾ ਸਿੰਘ, ਸ. ਮਲਕੀਤ ਸਿੰਘ, ਸ. ਰਣਜੀਤ ਸਿੰਘ, ਜੀਤ ਖਾਨ ਆਦਿ ਮੌਜੂਦ ਸਨ।