March 29, 2024 10:29 am

ਲਾਇਲਪੁਰ ਖਾਲਸਾ ਕਾਲਜ ਵਿਖੇ ‘ਜੁਝਾਰ ਵਿਦਰੋਹੀ ਕਾਵਿ ਧਾਰਾ ਦੇ ਸਰੋਕਾਰ’ ਵਿਸ਼ੇ ’ਤੇ ਸੈਮੀਨਾਰ

ਜਲੰਧਰ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਉਤਰੀ ਭਾਰਤ ਦੀ ਉਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਗਵਾਈ ਵਿਚ ਜੁਝਾਰ ਵਿਦਰੋਹੀ ਕਾਵਿ ਧਾਰਾ ਦੀ 50ਵੀ. ਵਰ੍ਹੇ-ਗੰਢ ਨੂੰ ਸਮਰਪਿਤ, ਠਜੁਝਾਰ ਵਿਦਰੋਹੀ ਕਾਵਿ ਧਾਰਾ ਦੇ ਸਮਾਜਕ ਸਰੋਕਾਰੂ ਵਿਸ਼ੇ ਤੇ ਇਕ ਰੋਜ਼ਾ ਪ੍ਰਭਾਵਸ਼ਾਲੀ ਸੈਮੀਨਾਰ ਕਰਾਇਆ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੁਰਜੀਤ ਸਿੰਘ ਤੇ ਪ੍ਰਿੰਸੀਪਲ ਡਾ. ਗੁਰਇਕਬਾਲ ਸਿੰਘ ਮੁਖ ਬੁਲਾਰਿਆਂ ਵਜੋਂ ਹਾਜ਼ਰ ਹੋਏ ਤੇ ਸੈਮੀਨਾਰ ਦੀ ਪ੍ਰਧਾਨਗੀ ਡਾ. ਦਰਸ਼ਨ ਖਟਕੜ ਨੇ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਗੋਪਾਲ ਸਿੰਘ ਬੁੱਟਰ ਵੱਲੋਂ ਮੁਖ ਬੁਲਾਰਿਆਂ ਤੇ ਮੁਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਡਾ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੁਝਾਰ ਵਿਦਰੋਹੀ ਕਵਿਤਾ ਦੇ ਇਤਿਹਾਸ ਤੇ ਵਿਕਾਸ ਰੇਖਾ ਬਾਰੇ ਵਿਸਥਾਰ ਨਾਲ ਦਸਦਿਆ ਕਿਹਾ ਕਿ ਇਸ ਕਵਿਤਾ ਵਿਚ ਲੋਕ ਹਿਤੈਸ਼ੀ ਸਰੋਕਾਰਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬਿਆਨ ਕੀਤਾ ਗਿਆ। ਇਸੇ ਕਰਕੇ ਇਹ ਕਵਿਤਾ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਵਿਤਾ ਰਹੀ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਕਵਿਤਾ ਨੇ ਲੋਕਾਂ ਦੀ ਸੋਚ ਨੂੰ ਕਾਫੀ ਪ੍ਰਭਾਵਿਤ ਕੀਤਾ ਤੇ ਇਸ ਕਾਵਿ ਧਾਰਾ ਨੇ ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ, ਸੰਤ ਰਾਮ ਉਦਾਸੀ ਤੇ ਗੁਰਦਾਸ ਰਾਮ ਆਲਮ ਆਦਿ ਵਰਗੇ ਜੁਝਾਰ ਵਾਦੀ ਕਵੀ ਵੀ ਦਿੱਤੇ। ਡਾ. ਗੁਰਇਕਬਾਲ ਸਿੰਘ ਨੇ ਵੀ ਇਸ ਲਹਿਰ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਡਾ. ਚਰਨਜੀਤ ਸਿੰਘ ਪੱਡਾ ਨੇ ਡਾ. ਸੁਰਜੀਤ ਸਿੰਘ ਦੇ ਪੜ੍ਹੇ ਪਰਚੇ ਉਪਰ ਵਿਚਾਰ ਚਰਚਾ ਕੀਤੀ ਤੇ ਡਾ. ਜਗਵਿੰਦਰ ਯੋਧਾ ਨੇ ਇਸ ਲਹਿਰ ਬਾਰੇ ਬੋਲਦਿਆਂ ਕਿਹਾ ਕਿ ਇਸ ਲਹਿਰ ਨੇ ਲੋਕਾਂ ਨੂੰ ਜੋ ਸੁਪਨੇ ਦਿਖਾਏ ਉਹ ਕਿਤੇ ਨਾ ਕਿਤੇ ਪੂਰੇ ਵੀ ਹੋਏ। ਇਸ ਮੌਕੇ ਮਹਿੰਦਰ ਸਾਥੀ, ਸੀ. ਮਾਰਕੰਡਾ, ਜਗੀਰ ਸਿੰਘ ਕਾਹਲੋ, ਰਵਿੰਦਰ ਭੱਠਲ ਤੇ ਤਜਿੰਦਰ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਗਵਾਈ। ਸਟੇਜ ਦੀ ਕਾਰਵਾਈ ਪ੍ਰੋ. ਕੁਲਦੀਪ ਸੋਢੀ ਨੇ ਬਾਖੂਬੀ ਨਿਭਾਈ। ਅੰਤ ਵਿਚ ਸਾਰਿਆਂ ਦਾ ਧੰਨਵਾਦ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਕੀਤਾ। ਇਸ ਮੌਕੇ ਰਜਿੰਦਰ ਬਿਮਲ, ਡਾ. ਜਸਪਾਲ ਸਿੰਘ, ਤੇ ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕ ਮੌਜ਼ੂਦ ਸਨ।

Send this to a friend