April 15, 2024 10:31 am

ਬੇਰੁਜ਼ਗਾਰਾਂ ਪ੍ਰਤੀ ਬੇਰਹਿਮ ਰਵੱਈਆ

ਪੰਜਾਬ ਵਿੱਚ ਸਰਕਾਰ ਵੱਲੋਂ ਬੇਰੁਜ਼ਗਾਰਾਂ ਪ੍ਰਤੀ ਬਹੁਤ ਹੀ ਬੇਰਹਿਮ ਰਵੱਈਆ ਅਪਣਾਇਆ ਜਾ ਰਿਹਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਬੇਰੁਜ਼ਗਾਰਾਂ ‘ਤੇ ਜ਼ੁਲਮ ਕੀਤਾ ਗਿਆ। ਇਹੋ ਸਿਲਸਿਲਾ ਹੁਣ ਕਾਂਗਰਸ ਦੀ ਸਰਕਾਰ ਦੌਰਾਨ ਜਾਰੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਇਕ ਵੱਡੀ ਵੱਡੀ ਨਫਰੀ ਸਿਰਫ ਬੇਰੁਜ਼ਗਾਰਾਂ ਅਤੇ ਹੱਕਾਂ ਦੀ ਮੰਗ ਕਰਨ ਵਾਲੇ ਹੋਰ ਲੋਕਾਂ ‘ਤੇ ਜ਼ੁਲਮ ਕਰਨ ਲਈ ਹੀ ਭਰਤੀ ਕੀਤੀ ਹੋਈ ਹੈ। ਪਿਛਲੇ ਦਿਨੀਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੇ ਘਿਰਾਓ ਲਈ ਆਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਕਾਰਕੁਨਾਂ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ- ਮਾਰਿਆ ਗਿਆ। ਬੇਰਹਿਮ ਲਾਠੀਚਾਰਜ ਨਾਲ ਇਕ ਦਰਜਨ ਤੋਂ ਵੱਧ ਪ੍ਰਦਰਸ਼ਨ ਕਾਰੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਪੁਲਿਸ ਦਾ ਇਹ ਰਵੱਈਆ ਬਹੁਤ ਹੀ ਜ਼ਾਲਮਾਨਾ ਅਤੇ ਗੈਰ ਮਨੁੱਖੀ ਸੀ। ਮਰਦਾਨਾ ਪੁਲਿਸ ਵੱਲੋਂ ਪ੍ਰਦਰਸ਼ਨ ਵਿੱਚ ਸ਼ਾਮਿਲ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਲੈਣ ਲਈ ਭਟਕਦੇ ਫਿਰਦੇ ਹਨ। ਇਨ੍ਹਾਂ ਨੌਜਵਾਨਾਂ ਕੋਲ ਨੌਕਰੀਆਂ ਲੈਣ ਲਈ ਪੂਰੀ ਯੋਗਤਾ ਹੈ। ਸਰਕਾਰ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਵੀ ਪੂਰੀਆਂ ਕਰ ਲਈਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀਆਂ ਲਈ ਭਟਕਣਾ ਪੈ ਰਿਹਾ ਹੈ। ਇਹ ਬੇਰੁਜ਼ਗਾਰ ਨੌਕਰੀ ਲੈਣ ਦੀ ਉਮਰ ਹੱਦ ਵੀ ਟੱਪਦੇ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਕੋਲ ਸੰਘਰਸ਼ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਇਕ ਪਾਸੇ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਯੋਜਨਾ ਨਹੀਂ ਬਣਾ ਰਹੀ ਨਾ ਹੀ ਉਨ੍ਹਾਂ ਨੂੰ ਕੋਈ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ, ਦੂਸਰੇ ਪਾਸੇ ਰੁਜ਼ਗਾਰ ਮੰਗਣ ‘ਤੇ ਬੇਰੁਜ਼ਗਾਰਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਦੁੱਖਦਾਇਕ ਸਥਿਤੀ ਹੈ। ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨਾ ਸਾਰੇ ਨਾਗਰਿਕਾਂ ਦਾ ਸੰਵਿਧਾਨਿਕ ਅਧਿਕਾਰ ਹੈ। ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰਨਾ ਬਹੁਤ ਹੀ ਨਿਖੇਧੀਜਨਕ ਕਾਰਜ ਹੈ। ਜੇਕਰ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੀ ਤਦ ਉਸ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਹੈ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਦੀ ਕੁੱਟਮਾਰ ਕਰੇ। ਵੱਡੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਘਰ-ਘਰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ। ਘਰ-ਘਰ ਰੁਜ਼ਗਾਰ ਦੇਣਾ ਤਾਂ ਕਿਧਰੇ ਰਿਹਾ ਪਹਿਲਾਂ ਤੋਂ ਬੇਰੁਜ਼ਗਾਰ ਬੈਠੇ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਨੌਕਰੀ ਦੇਣ ਲਈ ਕੋਈ ਪਹਿਲਕਦਮੀ ਤੱਕ ਨਹੀਂ ਲਈ ਜਾ ਰਹੀ। ਪੰਜਾਬ ਵਿੱਚ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਕਾਰਨ ਹੀ ਨੌਜਵਾਨਾਂ ਵਿੱਚ ਰੋਸ ਵੱਧ ਰਿਹਾ ਹੈ ਅਤੇ ਉਹ ਸੜਕਾਂ ‘ਤੇ ਆਉਣ ਲਈ ਮਜ਼ਬੂਰ ਹਨ। ਸਰਕਾਰ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਵਧੇਰੇ ਰੁਜ਼ਗਾਰ ਪੈਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਸ਼ਕਤੀ ਸੂਬੇ ਦੀ ਭਲਾਈ ਲਈ ਲਗਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend