April 20, 2024 2:28 pm

ਦਿੱਲੀ ਫਤਿਹ ਦੇ ਨਗਾਰੇ ਦੀ ਧਮਕ ਪੰਜਾਬ ਦੀ ਸਿਆਸਤ ‘ਚ ਵੀ ਲਾਜ਼ਮੀ ਪਵੇਗੀ

ਦਿੱਲੀ ਵਿੱਚ ਲਗਾਤਾਰ ਤੀਜੀ ਵਾਰ ਜੇਤੂ ਝੰਡਾ ਬਰਦਾਰ ਬਣਨ ਵਾਲੀ ਆਮ ਆਦਮੀ ਪਾਰਟੀ ਦਾ ਅਗਲਾ ਸਿਆਸੀ ਨਿਸਾਨਾ ਭਾਰਤ ਦੇ ਹੋਰ ਸੂਬਿਆਂ ਵੱਲ ਹੋਣਾ ਲਾਜਮੀ ਹੈ ਜਿਸ ਤਹਿਤ ਸਭ ਤੋਂ ਪਹਿਲਾ ਸੂਬਾ ਪੰਜਾਬ ਹੈ ਕਿ ਜਿਸ ਦੀ ਸਿਆਸੀ ਪਿੱਚ ਤੇ ਪਾਰੀ ਖੇਡਣ ਲਈ ਕੇਜਰੀਵਾਲ ਦੀ ਟੀਮ ਦੇ ਖਿਡਾਰੀ ਜਲਦ ਕਮਰਕੱਸੇ ਕੱਸਣਗੇ। ਵੱਖ ਵੱਖ ਸਿਆਸੀ ਦ੍ਰਿਸ਼ਟੀਕੋਣਾਂ ਤੋਂ ਪੰਜਾਬ ਦੀ ਸਿਆਸੀ ਤਸਵੀਰ ਤੇ ਨਜਰ ਮਾਰਦਿਆਂ ਸਹਿਜੇ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸੂਬੇ ਵਿੱਚ ਰਾਜ ਕਰ ਰਹੀ ਕਾਂਗਰਸ ਜਾਂ ਪਹਿਲਾਂ ਰਾਜ ਕਰ ਚੁੱਕੇ ਸ੍ਰੋਮਣੀ ਅਕਾਲੀ ਦਲ ਵਾਲੇ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਨਹੀਂ ਕਰ ਸਕੇ , ਸੂਬੇ ਦੇ ਲੋਕ ਅੱਜ ਵੀ ਸਿੱਖਿਆ , ਸਿਹਤ ਸਹੂਲਤਾਂ, ਰੋਜਗਾਰ ਅਤੇ ਹੋਰ ਬੁਨਿਆਦੀ ਲੋੜਾਂ ਤੋਂ ਮੁਹਤਾਜ ਹਨ ਤੇ ਸੂਬੇ ਵਿੱਚ ਨਸ਼ਿਆਂ ਦਾ ਬੋਲਬਾਲ ਹੈ ਤੇ ਜੁਰਮ ਦਾ ਸਾਮਰਾਜ ਹੈ ।ਅਜਿਹੇ ਹਲਾਤਾਂ ਵਿੱਚ ਹਤਾਸ ਤੇ ਨਿਰਾਸ਼ ਹੋਏ ਲੋਕਾਂ ਦੇ ਸਾਹਮਣੇ ਦਿੱਲੀ ਸਰਕਾਰ ਦਾ ਇੱਕ ਰੋਲ ਮਾਡਲ ਸਾਹਮਣੇ ਹੈ ਜਿੱਥੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਸਿੱਖਿਆ ਪ੍ਰਣਾਲੀ ਤੇ ਸਿਹਤ ਸਹੂਲਤਾਂ ਨੂੰ ਚੰਗੇ ਦਰਜੇ ਦਾ ਬਣਾਉਣ ਲਈ ਉਪਰਾਲੇ ਸੁਰੂ ਕੀਤੇ ਹਨ ਤੇ ਕਾਫੀ ਹੱਦ ਤੱਕ ਇਹਨਾਂ ਵਸੀਲਿਆਂ ਵਿੱਚ ਕਾਮਯਾਬ ਵੀ ਹੋਏ ਹਨ ਜਿਸ ਦੀ ਮਿਸਾਲ ਓਥੇ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਚੰਗੇ ਆਉਣ ਤੋਂ ਅਤੇ ਮੁਹੱਲਾ ਕਲੀਨਕਾਂ ਤੋਂ ਜਨਤਾ ਨੂੰ ਮਿਲ ਰਹੀਆਂ ਸਸਤੀਆਂ ਸਿਹਤ ਸਹੂਲਤਾਂ ਤੋਂ ਮਿਲਦੀ ਹੈ। ਦੂਜੇ ਪਾਸੇ ਪੰਜਾਬ ਦੇ ਹਲਾਤ ਇਹ ਹਨ ਕਿ ਏਥੋਂ ਦੇ ਸਰਕਾਰੀ ਸਕੂਲ ਬੰਦ ਹੋਣ ਦੀ ਕਗਾਰ ਤੇ ਹਨ ਤੇ ਪ੍ਰਾਈਵੇਟ ਸਕੂਲਾਂ ਦੀ ਚਾਂਦੀ ਹੈ ਏੇਥੇ ਸਰਕਾਰੀ ਹਸਪਤਾਲ ਖੁਦ ਬਿਮਾਰ ਹਨ ਤੇ ਇਮਾਰਤਾਂ ਖਸਤਾ ਹਨ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਦਾ ਆਰਥਿਕ ਸੋਸਣ ਚੱਲ ਰਿਹਾ ਹੈ। ਇਹਨਾਂ ਸਾਰੇ ਕਾਰਨਾਂ ਦੇ ਚਲਦਿਆਂ ਪੰਜਾਬ ਦੇ ਲੋਕਾਂ ਕੋਲ ਇੱਕ ਹੀ ਵਿਕਲਪ ਬਚਦਾ ਹੈ ਕਿ ਉਹ ਵੀ ਦਿੱਲੀ ਵਾਂਗ ਕਿਸੇ ਤੀਜੇ ਨੂੰ ਅਪਣਾ ਆਗੂ ਚੁਣਨ। ਬੇਸ਼ੱਕ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਅਪਣਾ ਸਿਆਸੀ ਪੱਤਾ ਖੇਡਿਆ ਸੀ ਪਰ ਕੁੱਝ ਕਾਰਨਾ ਕਰਕੇ ਪਾਰਟੀ ਨੂੰ ਸਿਰਫ 20ਸੀਟਾਂ ਤੇ ਹੀ ਸਬਰ ਕਰਨਾ ਪਿਆ ਤੇ ਇਹਨਾਂ ਗਲਤੀਆਂ ਵਿੱਚ ਵੱਡੀ ਗਲਤੀ ਇਹ ਰਹੀ ਕਿ ਆਪ ਵਾਲੇ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਪੇਸ ਨਾ ਕਰਨਾ ਸੀ ਦੂਜਾ ਕੁੱਝ ਸੀਟਾਂ ਦੀ ਗਲਤ ਵੰਡ ਕਰਨਾ ਤੇ ਪਾਰਟੀ ਦਾ ਜਿਆਦਾ ਆਤਮ ਵਿਸ਼ਵਾਸ ਵੀ ਹਾਰ ਦਾ ਕਾਰਨ ਬਣਿਆ ਵਰਨਾ ਸਿਆਸੀ ਹਵਾ 2017 ਵਿੱਚ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੀ । ਪਰ ਹੁਣ ਦਿੱਲੀ ਫਤਿਹ ਕਰਨ ਤੋਂ ਬਾਅਦ ਇਸ ਜਿੱਤ ਦੇ ਨਗਾਰੇ ਦੀ ਧਮਕ ਹੁਣ ਪੰਜਾਬ ਵਿੱਚ ਵੀ ਲਾਜਮੀ ਪਵੇਗੀ ਜਿਸ ਤਹਿਤ ਬਦਲਣ ਵਾਲੇ ਸਿਆਸੀ ਸਮੀਕਰਣਾਂ ਵਿੱਚ ਪਾਰਟੀ ਤੋਂ ਲਾਂਭੇ ਹੋਏ ਆਗੂਆਂ ਦਾ ਵਾਪਿਸ ਮੁੱਖ ਧਾਰਾ ਵਿੱਚ ਆਉਣ ਦੇ ਨਾਲ ਨਾਲ ਦੂਜੀਆਂ ਪਾਰਟੀਆਂ ਦੇ ਕੱਦਾਵਰ ਲੀਡਰ ਵੀ ਹੁਣ ਆਪ ਦੇ ਬੇੜੇ ਵਿੱਚ ਸਾਮਿਲ ਹੋਣ ਲਈ ਕਿਰਿਆਸ਼ੀਲ ਹੋ ਸਕਦੇ ਹਨ । ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅਜ ਬਿਆਨ ਦਿੱਤਾ ਗਿਆ ਹੈ ਕਿ ਦਿੱਲੀ ਦੇ ਚੋਣ ਨਤੀਜਿਆਂ ਵਿੱਚ ਆਪ ਨੂੰ ਇਤਿਹਾਸ ਜਿੱਤ ਮਿਲਣਾ ਪੰਜਾਬ ਕਾਂਗਰਸ ਅਤੇ ਇਸ ਦੇ ਨੇਤਾਵਾਂ ਲਈ ਚਿੰਤਾ ਦਾ ਵਿਸਾ ਹੈ ਤੇ ਪੰਜਾਬ ਸਰਕਾਰ ਨੂੰ ਅਗਲੇ ਦੋ ਸਾਲ ਸਖ਼ਤ ਮਿਹਨਤ ਦੀ ਲੋੜ ਹੈ ਤੇ ਸੂਬੇ ਵਿੱਚ ਸਿਹਤ ,ਮੈਡੀਕਲ, ਸਿੱਖਿਆ ਅਤੇ ਬਿਜਲੀ ਪਾਣੀ ਪ੍ਰਣਾਲੀ ਵਿੱਚ ਸੁਧਾਰ ਕਰ ਦੀ ਲੋੜ ਹੈ । ਇਸ ਬਿਆਨ ਤੋਂ ਸਾਫ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਵੀ ਮੰਨਦੇ ਹਨ ਕਿ ਬਹੁਤਾ ਕੁੱਝ ਸੁਧਾਰ ਕਰਨ ਦੀ ਲੋੜ ਹੈ ਵਰਨਾ ਲੋਕ ਦੂਜੇ ਪਾਸੇ ਮੁਹਾਰ ਮੋੜ ਸਕਦੇ ਹਨ । ਪੰਜਾਬ ਦੇ ਪਿੰਡਾਂ ਵਿੱਚ ਖੁੰਢ ਕੌਂਸਲਾਂ ਤੇ ਹੋਣ ਵਾਲਿਆਂ ਚਰਚਾਵਾਂ ਵਿੱਚ ਜਿੱਥੇ ਕੇਜਰੀਵਾਲ ਦੇ ਕੀਰਤੀਮਾਨ ਦੇ ਸੋਹਲੇ ਗਾਏ ਜਾ ਰਹੇ ਓਥੇ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਲੋਕਾਂ ਦੀ ਜੁਬਾਨ ਤੇ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਸਾਫ ਸਿਆਸੀ ਅਕਸ ਕਾਰਨ ਅਤੇ ਗੁਰਦੁਆਰਾ ਕਰਤਾਰਪੁਰ ਸਹਿਬ ਲਈ ਖੁਲ੍ਹੇ ਲਾਂਘੇ ਵਿੱਚ ਉਹਨਾਂ ਦਾ ਸਲਾਘਾਯੋਗ ਕਿਰਦਾਰ ਨਿਭਾਉਣ ਲਈ ਵੀ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਦੇ ਦੀਵਾਨੇ ਹਨ ਤੇ ਲੋਕ ਇਸ ਗੱਲ ਦਾ ਵੀ ਦਾਅਵਾ ਕਰਦੇ ਸੁਣਾਈ ਦੇ ਰਹੇ ਕਿ ਜੇਕਰ ਅਰਵਿੰਦ ਕੇਜਰੀਵਾਲ ਅਤੇ ਨਵਜੋਤ ਸਿੰਘ ਸਿੱਧੂ ਇੱਕ ਹੋ ਜਾਣ ਤਾਂ ਪੰਜਾਬ ਵਿੱਚ ਆਪ ਦੇ ਜੇਤੂ ਰੱਥ ਨੂੰ ਕੋਈ ਵੀ ਨਹੀਂ ਰੋਕ ਸਕਦਾ ।ਕਿਆਸੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸੀ ਖੇਡ ਵਿੱਚ ਕਾਫੀ ਫੇਰਬਦਲ ਹੋਣ ਜਾ ਰਹੇ ਹਨ ਜਿਸ ਤਹਿਤ ਦੂਜੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਖਿਡਾਰੀ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਆ ਕੇ ਪਾਰੀ ਖੇਡਣ ਲਈ ਆ ਨਾਲ ਜੁੜ ਸਕਦੇ ਹਨ।

Send this to a friend