Saturday , 23 January 2021
Breaking News
You are here: Home » Religion » ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ

ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਦਿੱਤੀ ਵਧਾਈ
ਅੰਮ੍ਰਿਤਸਰ, 29 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਗੁਰਪੁਰਬ ਦੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਸਮੁੱਚੇ ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਦਾਰਸ਼ਨਿਕ ਰਹਿਬਰ ਸਨ, ਜਿਨ੍ਹਾਂ ਨੇ ਆਪਣੀ ਵਿਚਾਰਧਾਰਾ ਨਾਲ ਸਮਾਜ ਅੰਦਰ ਮੁਕੰਮਲ ਤਬਦੀਲੀ ਲਿਆਂਦੀ। ਗੁਰੂ ਸਾਹਿਬ ਨੇ ਲੋਕਾਂ ਦੀ ਗ਼ੁਲਾਮ ਹੋਈ ਮਾਨਸਿਕਤਾ ਨੂੰ ਆਪਣੇ ਵਿਚਾਰਾਂ ਨਾਲ ਆਜ਼ਾਦੀ ਦੇ ਰਾਹ ਤੋਰਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਗਤ ਗੁਰੂ ਜੀ ਨੇ ਸਦੀਆਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਇਸਤਰੀ ਨੂੰ ਸਮਾਨਤਾ ਤੇ ਸਤਿਕਾਰ ਦਿੱਤਾ ਅਤੇ ਮਾਨਵਤਾ ਨੂੰ ਕਰਮ-ਕਾਂਡਾਂ, ਜਾਤਾਂ-ਪਾਤਾਂ ਤੇ ਵਹਿਮਾਂ-ਭਰਮਾ ਵਿੱਚੋਂ ਕੱਢ ਕੇ ਇੱਕ ਪਰਮਾਤਮਾ ਦੇ ਉਪਾਸ਼ਕ ਬਣਨ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਵੱਲੋਂ ਬਖਸ਼ੇ ਸੰਗਤ, ਪੰਗਤ, ਨਾਮ ਸਿਮਰਨ, ਕਿਰਤ ਅਦਿ ਦੇ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦੇ ਥੰਮ੍ਹ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਅਧਿਆਤਮਿਕ ਰਸਤਾ ਦਿਖਾਉਣ ਦੇ ਨਾਲ ਨਾਲ ਸਾਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਬਿਹਤਰ ਮਾਰਗ ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਇਸ ਮੁੱਲਵਾਨ ਵਿਚਾਰਧਾਰਾ ’ਤੇ ਚੱਲਣ ਲਈ ਦ੍ਰਿੜ੍ਹ ਸੰਕਲਪ ਰਹਿਣਾ ਚਾਹੀਦਾ ਹੈ।ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਸਿਧਾਂਤ ’ਤੇ ਪਹਿਰਾ ਦੇਣ ਵਾਲੇ ਕਿਸਨਾਂ ਨੂੰ ਦਬਾਏ ਜਾਣ ਦੇ ਮਾਮਲੇ ਵਿਚ ਭਾਰਤ ਸਰਕਾਰ ਦੀ ਕਰੜੀ ਆਲੋਚਨਾ ਵੀ ਕੀਤੀ ਹੈ। ਉਨ੍ਹਾਂ ਆਖਿਆ ਕਿ ਜਗਤ ਗੁਰੂ ਜੀ ਨੇ ਬਿਹਤਰ ਰਾਜ ਪ੍ਰਬੰਧ ਦਾ ਨਕਸ਼ਾ ਦਿੱਤਾ ਹੈ, ਪਰੰਤੂ ਅੱਜ ਦੀਆਂ ਸਰਕਾਰਾਂ ਕਿਸਾਨੀ ਹੱਕਾਂ ਨੂੰ ਬੜੀ ਬੇਰੁਖੀ ਨਾਲ ਦਬਾਅ ਰਹੀਆਂ ਹਨ। ਸਰਕਾਰ ਦੀ ਅੜੀ ਕਾਰਨ ਅੰਨਦਾਤਾ ਆਪਣੀ ਹੋਂਦ ਦੀ ਲੜਾਈ ਲੜਦਾ ਹੋਇਆ ਘਰੋਂ ਬੇਘਰ ਹੋਇਆ ਪਿਆ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਸੋਚ ਨੂੰ ਨਤਮਸਤਕ ਹੋਣ ਲਈ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨ।

Comments are closed.

COMING SOON .....


Scroll To Top
11