Sunday , 17 October 2021

ਸੁਨਹਿਰੀ ਇਤਿਹਾਸ ਦੀ ਸਿਰਜਣਾ ਕਰ ਗਿਆ ਸ਼ਹੀਦ ਕੁਲਵਿੰਦਰ ਸਿੰਘ

ਰੂਪਨਗਰ- ਸਥਾਨਕ ਜਿਲੇ ਦੇ ਨਗਰ ਰੌਲੀ ਦੀ ਇਹ ਸ਼ਹਾਦਤ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਉਕਰੀ ਗਈ ਸੀ ਕਿਉਂਕਿ ਅੱਜ ਦੇ ਦਿਨ 14 ਫਰਵਰੀ 2019 ਨੂੰ ਨੇੜੇ ਲਠਪੋਰਾ ਜਿਲ੍ਹਾ ਪੁਲਵਾਮਾ (ਜੇ ਐਂਡ ਕੇ) ਵਿਖੇ ਜੰਮੂ ਤੋਂ ਸ੍ਰੀਨਗਰ ਜਾ ਰਹੀ ਕਾਨਵਾਈ ‘ਤੇ ਕੀਤੇ ਗਏ ਫਿਦਾਇਨ ਹਮਲੇ (ਆਤਮਘਾਤੀ ਬੰਬਰ ਹਮਲੇ) ਚ ਕੇਂਦਰੀਆ ਰਿਜ਼ਰਵ ਪੁਲਿਸ ਸੈਨਾ 92 ਬਟਾਲੀਅਨ ਦੇ 44 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿਚ ਕੁਲਵਿੰਦਰ ਸਿੰਘ ਵੀ ਸੀ, ਜੋ ਕਿ ਜਿਲਾ ਰੋਪੜ ਦੇ ਪਿੰਡ ਰੌਲੀ ਚ ਪਿਤਾ ਦਰਸ਼ਨ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਘਰ 24 ਦਸੰਬਰ 92 ਨੂੰ ਜਨਮਿਆ ਸੀ। ਅੱਜ “ ਤੁਰ ਗਏ’ ਦੀ ਯਾਦ ਚ ਅਬੋਲ ਮਮਤਾ ਰੋਜਾਨਾ ਬੁੱਕ ਭਰ ਭਰ ਅੱਥਰੂ ਵਹਾਉਂਂਦੀ ਹੈ ਤੇ ਜਿੰਦਗੀ ਨੂੰ ਲਹੂਰਾਂ ਨਾਲ ਜਿਊਣ ਲਈ ਮਜਬੂਰ ਬਜੁਰਗ ਜੋੜੀ ਦੇ ਹਾਲਾਤ ਬੇਹੱਦ ਨਾਜੁਕ ਤੇ ਬਦਤਰ ਹਨ । ਉਨ੍ਹਾਂ ਨੂੰ ਇਸ ਦੁਨੀਆਂ ਚ ਕੋਈ ਸਾਂਭਣ ਵਾਲਾ ਵੀ ਨਹੀਂ ਹੈ ਤੇ ਆਪਣੇ ਸ਼ਹੀਦ ਪੁੱਤਰ ‘ਵੀਰੂ’ ਦੀ ਘਰ ਵਾਪਸੀ ਦੀ ਇੰਤਜਾਰ, ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਚੁੱਕੇ ਮਾਪਿਆਂ ਨੂੰ ਅੱਜ ਵੀ ਹੈ।
ਸ਼ਹੀਦ ਕੁਲਵਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਰਧਾਂਜਲੀ ਸਮਾਗਮ ‘ਤੇ ਹੁਕਮਰਾਨ ਸਰਕਾਰ ਦੇ ਸਿਰਕੱਢ ਆਗੂਆਂ ਨੇ ਪਹੁੰਚ ਕੀਤੀ ਸੀ ਪਰ ਸਿਰਫ ਦੋ ਸ਼ਬਦਾਂ ਤੱਕ ਹੀ ਸੀਮਤ ਰਹੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਫਸੋਸ ਕਰਨ ਲਈ ਘਰ ਪਹੁੰਚੇ ਸਨ ਤੇ ਪਿੰਡ ਦੇ ਸਕੂਲ, ਸੜ੍ਹਕ ਤੇ ਗੇਟ ਦਾ ਨਾਮ ਸ਼ਹੀਦ ਨੌਜਵਾਨ ਦੇ ਨਾਮ ‘ਤੇ ਰੱਖਣ ਦਾ ਭਰੋਸਾ ਵੀ ਦੇ ਕੇ ਗਏ ਸਨ ਪ੍ਰੰਤੂ…ਅਜਾਦ ਦੇਸ਼ ਅੰਦਰ ਮਾਨਸਿਕ ਤੌਰ ‘ਤੇ ਗੁਲਾਮ ਆਗੂਆਂ ਦੀਆਂ ਕਾਰਾਂ ਦਾ ਕਾਫਲਾ ਪਿੰਡ ਦੀ ਜੂਹ ਤੋਂ ਬਾਹਰ ਨਿਕਲਦਿਆਂ ਹੀ ਸਾਰੇ ਵਾਅਦੇ ਕਾਫੂਰ ਵਾਂਗੂੰ ‘ਸਰਦਾਰ ਸਾਅਬ’ ਦੇ ਜਿਹਨ ਚੋਂ ਉੱਡ ਗਏ, ਜੋ ਕਿ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ । ਅੱਧਾ ਸੈਕੜਾ ਪਾਰ ਕਰ ਚੁੱਕੇ ਮਾਪਿਆਂ ਦੀ ਅੱਜ ਤੱਕ ਨਾ ਤਾਂ ਘਰੇਲੂ ਬਿਜਲੀ ਦਾ ਬਿਲ ਹੀ ਮੁਆਫ ਹੋਇਆ ਹੈ ਤੇ ਨਾ ਦਿੱਤੇ ਜਾਣ ਵਾਲਾ 12 ਲੱਖ ਰੁਪਿਆ ਸਾਰਾ ਹੀ ਮਿਲਿਆ ਹੈ।
58 ਸਾਲ ਦੀ ਉਮਰ ਵਿਹਾਅ ਚੁੱਕਿਆ ਪਿਓ ਆਪਣੇ ਘਰ ਦਾ ਗੁਜਰ-ਬਸਰ ਟਰੱਕ ਦੀ ਡਰਾਈਵਰੀ ਕਰ ਕੇ ਨਿਭਾਅ ਰਿਹਾ ਸੀ ਪਰ ਇਕਲੌਤੇ ਪੁੱਤਰ ਦੇ ਵਿਛੋੜੇ ਕਰਕੇ ਹੁਣ ਇਹ ਕੰਮ ਵੀ ਨਹੀਂ ਕਰ ਸਕਦਾ। ਸਰਕਾਰਾਂ ਦੀ ਬੇਰੁਖੀ ਤੇ ਬੇਹੂਦਾ ਪ੍ਰਬੰਧਕੀ ਢਾਂਚੇ ਵੱਲੋਂ ਕੋਈ ਟੇਕ ਨਹੀਂ ,ਇਸ ਕਰਕੇ ਲੱਗੇ ਜ਼ਖਮਾਂ ਦਾ ਅਹਿਸਾਸ ਘਟਾਉਣ ਤੇ ਮਨੁੱਖਤਾ ਲਈ ਦਿਲਾਂ ਚ ਦਰਦ ਰੱਖਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਹੀ ਅੱਗੇ ਆ ਕੇ ਦੁੱਖਾਂ ਨੂੰ ਘੱਟ ਕਰਨ ਲਈ ਇਸ ਬਜੁਰਗ ਜੋੜੀ ਦਾ ਸਹਾਰਾ ਬਣਨਾ ਹੋਵੇਗਾ।
ਸ਼ਹੀਦ ਕੁਲਵਿੰਦਰ ਸਿੰਘ 1 ਦਸੰਬਰ 2014 ਨੂੰ ਆਪਣੀ ਬੇਸਿਕ ਟ੍ਰੇਨਿੰਗ ਪੂਰੀ ਕਰਕੇ ਸੀ ਆਰ ਪੀ ਐਫ 92ਬਟਾਲੀਅਨ ਵਡੂਰਾ ਜਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਹੋਇਆ ਸੀ। ਜਿਕਰਯੋਗ ਹੈ ਕਿ ਨੌਜਵਾਨ ਛੁੱਟੀ ਕੱਟ ਕੇ ਘਰੋਂ 10ਫਰਵਰੀ 2019 ਨੂੰ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਤੇਜ਼’ ਮੱਥੇ ‘ਤੇ ਲੈ ਕੇ ਵਾਪਸ ਆਪਣੀ ਯੂਨਿਟ ਲਈ ਨਿਕਲਿਆ ਸੀ ਜਦੋਂਕਿ 8-9 ਨਵੰਬਰ 2019 ਨੂੰ ਕੁਲਵਿੰਦਰ ਸਿੰਘ ਦਾ ਵਿਆਹ ਹੋਣਾ ਵੀ ਨਿਸ਼ਚਿਤ ਕੀਤਾ ਗਿਆ ਸੀ ਪ੍ਰੰਤੂ 14 ਫਰਵਰੀ ਨੂੰ ਇਹ ਜਾਂਬਾਜ਼ ,….ਮਾਪੇ, ਪਿੰਡ, ਜਿਲ੍ਹਾ ਤੇ ਪੰਜਾਬ ਦਾ ਨਾਮ ਰੌਸ਼ਨ ਕਰਦਾ ਹੋਇਆ ਲਹੂ ਭਿੱਜੀ ਦਾਸਤਾਂ ਲਿਖ ਕੇ ਪਾਰਲੇ ਦੇਸ਼ ਦਾ ਵਾਸੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਜਿਲ੍ਹੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਵੱਲੋਂ ਪਹੁੰਚ ਕਰਕੇ ਸਕੂਲ ਦੇ ਨਾਮ ਨਾਲ ਸ਼ਹੀਦ ਦਾ ਨਾਮ ਜੋੜ ਦਿੱਤਾ ਗਿਆ। ਦੇਸ਼ ਦੀ ਅਜ਼ਾਦੀ ਦੇ ਚਿੰਤਕਾਂ ਦਾ ਮੰਨਣਾ ਹੈ ਕਿ ਜੇ ਕਰ ਸਰਕਾਰਾਂ ਦੇ ਅਜਿਹੇ ਹੀ ਦਸਤੂਰ ਰਹੇ ਤਾਂ ਭਵਿੱਖ ਚ ਪੰਜਾਬੀ ਸਿੱਖ ਨੌਜਵਾਨ ਫੌਜ ਵੱਲ ਮੂੰਹ ਨਹੀਂ ਕਰਨਗੇ…ਤੇ ਯਕੀਨਨ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨੀ ਜਾਂ ਅਫਗਾਨੀ ਫੌਜੀ ਬਲੋਚਾਂ ਨੂੰ ਮੁਹਾਜ ‘ਤੇ ਟੱਕਰ ਦੇਣ ਲਈ ਕੋਈ ‘ਮਾਈ ਦਾ ਲਾਲ ‘ ਨਹੀਂ ਹੋਵੇਗਾ> ਅਸੀਂ ਦਿਲਾਂ ਦੀਆਂ ਗਹਿਰਾਈਆਂ ਚੋਂ ਸਦਾ ਰਿਣੀ ਰਹਾਂਗੇ ਇਨ੍ਹਾਂ ਜਾਂਬਾਜ਼ ਸ਼ਹੀਦਾਂ ਦੇ ਅਤੇ ਅੱਜ ਦੇ ਦਿਨ 14 ਫਰਵਰੀ ਨੂੰ ਸ਼ਹੀਦ ਕੁਲਵਿੰਦਰ ਸਿੰਘ ਸਮੇਤ ਤਮਾਮ ਸ਼ਹਾਦਤਾਂ -ਪ੍ਰਾਪਤ ਜਵਾਨਾਂ ਨੂੰ ਅਦਾਰਾ ਪੰਜਾਬ ਟਾਈਮਜ਼ ਦੇ ਸਮੂਹ ਪੱਤਰਕਾਰਾਂ ਵੱਲੋਂ ਸਤਿਕਾਰ ਸਹਿਤ ਸਿਰ ਝੁਕਾ ਕੇ ਨਮ ਅੱਖਾਂ ਨਾਲ ਹੰਝੂਆਂ ਭਿੱਜੀ ਸ਼ਰਧਾਂਜਲੀ ਭੇਟ ਕਰਦੇ ਹਾਂ।
– ਅਸ਼ੋਕ ਪਾਲ ਸਿੰਘ, ਬੇਲਾ।
ਪੱਤਰਕਾਰ ‘ਪੰਜਾਬ ਟਾਇਮਜ਼’

Comments are closed.

COMING SOON .....


Scroll To Top
11