Friday , 30 July 2021

ਮੁੱਖ ਮੰਤਰੀ ਨੇ ਭਗਵਾਨ ਵਾਲਮੀਕ ਤੀਰਥ ਸਥਲ ਲਈ 55 ਕਰੋੜ ਰੁਪਏ ਮਨਜ਼ੂਰ ਕੀਤੇ

ਚੰਡੀਗੜ੍ਹ, 23 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਰਾਮ ਤੀਰਥ ਸਥਿਤ ਭਗਵਾਨ ਵਾਲਮੀਕ ਤੀਰਥ ਸਥਲ ਦੇ ਸੁੰਦਰੀਕਰਨ ਲਈ 55 ਕਰੋੜ ਰੁਪਏ ਦੇ ਵਾਧੂ ਫੰਡਾਂ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਸ ਇਤਿਹਾਸਕ ਅਸਥਾਨ ਨੂੰ ਵਿਸ਼ਵ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ।ਇਹ ਫੰਡ ਪਹਿਲਾਂ ਹੀ ਇਸ ਵੱਕਾਰੀ ਪ੍ਰਾਜੈਕਟ ਉਤੇ ਖਰਚ ਕੀਤੇ ਜਾ ਚੁੱਕੇ 195.76 ਕਰੋੜ ਰੁਪਏ ਤੋਂ ਵੱਖਰੇ ਹਨ। ਇਸ ਪਵਿੱਤਰ ਅਸਥਾਨ ਉਤੇ ਦੁਨੀਆਂ ਭਰ ਦੇ ਸਾਰੇ ਧਰਮਾਂ ਦੇ ਸ਼ਰਧਾਲੂ ਆਉਂਦੇ ਹਨ। ਅੱਜ ਪ੍ਰਵਾਨ ਕੀਤੀ 55 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 30 ਕਰੋੜ ਰੁਪਏ ਇਸ ਅਸਥਾਨ ਦੇ ਪੈਨੋਰਾਮਾ ਉਤੇ ਖਰਚ ਕੀਤੇ ਜਾਣਗੇ ਜਿਸ ਵਿੱਚ ਮਹਾਂਕਾਵਿ ਰਮਾਇਣ ਦੀ ਰਚਨਾ ਕਰਨ ਵਾਲੇ ਭਗਵਾਨ ਵਾਲਮੀਕ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਇਆ ਜਾਵੇਗਾ। ਬਾਕੀ ਰਾਸ਼ੀ ਵੱਖ-ਵੱਖ ਵਿਕਾਸ ਕੰਮਾਂ ਉਤੇ ਖਰਚੀ ਜਾਵੇਗੀ ਜਿਨ੍ਹਾਂ ਵਿੱਚ ਸਰੋਵਰ ਦੀ ਸਾਫ ਸਫਾਈ ਲਈ ਸਥਾਪਤ ਕੀਤਾ ਜਾਣ ਵਾਲਾ ਪਲਾਂਟ, ਪਰਿਕਰਮਾ ਨੂੰ ਮੁਕੰਮਲ ਕਰਨਾ, ਇਸ ਅਸਥਾਨ ਦੇ ਬਾਹਰਵਾਰ ਦੇ ਸਥਾਨ ਦੀ ਰੌਸ਼ਨੀ, ਸ਼ਰਧਾਲੂਆਂ ਲਈ ਸਰਾਵਾਂ ਤਿਆਰ ਕਰਨਾ ਅਤੇ ਸੌਰ ਬਿਜਲੀ ਪ੍ਰਣਾਲੀ ਆਦਿ ਸ਼ਾਮਲ ਹਨ।ਭਗਵਾਨ ਵਾਲਮੀਕ ਤੀਰਥ ਸਥਲ ਸ਼ਰਾਈਨ ਬੋਰਡ ਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸ਼ਰਾਈਨ ਬੋਰਡ ਦਾ ਸੀ.ਈ.ਓ. ਨਿਯੁਕਤ ਕੀਤਾ ਅਤੇ ਇਸ ਅਸਥਾਨ ਦੀ ਸਹੀ ਸੰਭਾਲ ਅਤੇ ਰੱਖ ਰਖਾਵ ਰੱਖਣ ਦੇ ਆਦੇਸ਼ ਦਿੱਤੇ। ਇਸ ਮੰਤਵ ਲਈ ਉਨ੍ਹਾਂ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਵੀ ਪ੍ਰਵਾਨਗੀ ਦਿੱਤੀ।ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ, ਜੰਗਲਾਤ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡਾ.ਰਾਜ ਕੁਮਾਰ ਵੇਰਕਾ ਤੇ ਪਵਨ ਕੁਮਾਰ ਆਦੀਆ, ਵਧੀਕ ਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ.ਸਿਨਹਾ ਤੇ ਪ੍ਰਮੁੱਖ ਸਕੱਤਰ ਯੋਜਨਾ ਜਸਪਾਲ ਸਿੰਘ ਨੇ ਵੀ ਵਰਚੁਅਲ ਮੀਟਿੰਗ ਵਿੱਚ ਸ਼ਿਰਕਤ ਕੀਤੀ।

Comments are closed.

COMING SOON .....


Scroll To Top
11