Saturday , 24 October 2020
Breaking News
You are here: Home » PUNJAB NEWS » ਬੀ.ਕੇ.ਯੂ. (ਲੱਖੋਵਾਲ) ਦੇ ਮੁਖੀ ਨੇ ਅਕਾਲੀ ਦਲ ਦੇ ਇਸ਼ਾਰੇ ’ਤੇ ਖੇਤੀ ਕਾਨੂੰਨਾਂ ਬਾਰੇ ਪਟੀਸ਼ਨ ’ਤੇ ਯੂ.ਟਰਨ ਲਿਆ: ਕੈਪਟਨ ਅਮਰਿੰਦਰ ਸਿੰਘ

ਬੀ.ਕੇ.ਯੂ. (ਲੱਖੋਵਾਲ) ਦੇ ਮੁਖੀ ਨੇ ਅਕਾਲੀ ਦਲ ਦੇ ਇਸ਼ਾਰੇ ’ਤੇ ਖੇਤੀ ਕਾਨੂੰਨਾਂ ਬਾਰੇ ਪਟੀਸ਼ਨ ’ਤੇ ਯੂ.ਟਰਨ ਲਿਆ: ਕੈਪਟਨ ਅਮਰਿੰਦਰ ਸਿੰਘ

ਲੱਖੋਵਾਲ ਗਰੁੱਪ ਦੀ ਇਸ ਕਾਰਵਾਈ ਨੂੰ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਤੇ ਅਕਾਲੀ ਦਲ ਦੀ ਸਾਜਿਸ਼ ਕਰਾਰ ਦਿੱਤਾ
ਚੰਡੀਗੜ, 7 ਅਕਤੂਬਰ – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਤੇ ਅਕਾਲੀ ਦਲ ਵਿਚਾਲੇ ਪੁਰਾਣੀਆਂ ਤੇ ਨਜ਼ਦੀਕੀ ਸਾਂਝਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਲੱਖੋਵਾਲ ਗਰੁੱਪ ਵੱਲੋਂ ਖੇਤੀ ਬਿੱਲਾਂ ਖਿਲਾਫ ਸੁਪਰੀਮ ਕੋਰਟ ਵਿੱਚ ਆਪਣੀ ਪਟੀਸ਼ਨ ਬਾਰੇ ਯੂ.ਟਰਨ ਸ਼ੋ੍ਰਮਣੀ ਅਕਾਲੀ ਦਲ ਦੇ ਦਬਾਅ ਹੇਠ ਲਿਆ ਗਿਆ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਇਕ ਵਾਰ ਫੇਰ ਭਾਜਪਾ ਦੀ ਨੇੜਤਾ ਦਾ ਨਿੱਘ ਮਾਣਨਾ ਚਾਹੁੰਦੇ ਹਨ।
ਬੀ.ਕੇ.ਯੂ. (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਅਕਾਲੀਆਂ ਨਾਲ ਰਿਸ਼ਤੇ ਜੱਗ ਜ਼ਾਹਰ ਹਨ ਅਤੇ ਉਹ ਬਾਦਲਾਂ ਦੇ ਰਾਜ ਦੌਰਾਨ 10 ਸਾਲ ਮੰਡੀ ਬੋਰਡ ਦਾ ਚੇਅਰਮੈਨ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਲੱਖੋਵਾਲ ਗਰੁੱਪ ਵੱਲੋਂ ਕਾਲੇ ਕਾਨੂੰਨਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਤੋਂ ਅਚਾਨਕ ਪਿੱਛੇ ਹਟਣ ਦਾ ਫੈਸਲਾ ਸਪੱਸ਼ਟ ਕਰਦਾ ਹੈ ਕਿ ਉਹ ਅਕਾਲੀਆਂ ਦੇ ਇਸ਼ਾਰੇ ਉਤੇ ਕੰਮ ਕਰ ਰਹੇ ਹਨ। ਉਨਾਂ ਹੋਰਨਾਂ ਕਿਸਾਨ ਯੂਨੀਅਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਅਕਾਲੀਆਂ ਦੇ ਝਾਂਸੇ ਵਿੱਚ ਨਾ ਆਉਣ ਜਿਨਾਂ ਨੇ ਇਸ ਕਾਲੇ ਕਾਨੂੰਨ ਨੂੰ ਬਣਾਉਣ ਲਈ ਮੋਹਰੀ ਰੋਲ ਨਿਭਾਉਦਿਆਂ ਮੁੱਢਲੇ ਦੌਰ ਵਿੱਚ ਆਪਣੇ ਭਾਈਵਾਲ ਭਾਜਪਾ ਨੂੰ ਸਹਿਯੋਗ ਦਿੱਤਾ।
ਰਿੱਟ ਪਟੀਸ਼ਨ ਵਾਪਸ ਲੈਣ ਬਾਰੇ ਲੱਖੋਵਾਲ ਗਰੁੱਪ ਦੇ ਫੈਸਲੇ ਬਾਰੇ ਅਕਾਲੀ ਦਲ ਵੱਲੋਂ ਦਿੱਤੇ ਸਪੱਸ਼ਟੀਕਰਨ ਵੱਲ ਇਸ਼ਾਰਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸੇ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਇਸ ਪਿੱਛੇ ਅਕਾਲੀ ਦਲ ਦੀ ਸਾਜਿਸ਼ ਹੈ ਜੋ ਸੱਤਾ ਦੀ ਲਾਲਸਾ ਵਿੱਚ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰ ਰਿਹਾ ਹੈ। ਉਨਾਂ ਇਸ ਮਾਮਲੇ ਉਤੇ ਅਕਾਲੀ ਦਲ ਦੇ ਉਸ ਬਿਆਨ ਨੂੰ ਕਿਸਾਨ ਸੰਗਠਨਾਂ ਦੇ ਸੰਘਰਸ਼ ਵਿੱਚ ਬਿਨਾਂ ਕਿਸੇ ਅਧਿਕਾਰ ਦੇ ਬੇਲੋੜੀ ਦਖਲਅੰਦਾਜ਼ੀ ਕਰਾਰ ਦਿੱਤਾ ਜਿਸ ਵਿੱਚ ਉਨਾਂ ਦੇ ਆਗੂ ਨੇ ਕਿਹਾ ਸੀ ਕਿ ਬੀ.ਕੇ.ਯੂ. (ਲੱਖੋਵਾਲ) ਨੂੰ ਬਾਕੀ ਕਿਸਾਨ ਯੂਨੀਅਨਾਂ ਨਾਲ ਸਲਾਹ ਕੀਤੇ ਬਗੈਰ ਪਟੀਸ਼ਨ ਦਾਖਲ ਨਹੀਂ ਕਰਨੀ ਚਾਹੀਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਦਖਲਅੰਦਾਜ਼ੀ ਸਿਰਫ ਇਹੋ ਸਾਬਤ ਕਰਦੀ ਹੈ ਕਿ ਅਕਾਲੀਆਂ ਤੇ ਬੀ.ਕੇ.ਯੂ. (ਲੱਖੋਵਾਲ) ਦੇ ਪ੍ਰਧਾਨ ਵਿਚਾਲੇ ਸਮਝੌਤਾ ਕੀਤਾ ਹੋਇਆ ਜਿਹੜੇ ਆਪਣੇ ਅਕਾਲੀ ਦਲ ਦੇ ਦੋਸਤਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਹਿੱਤ ਵੇਚਣ ਵਿੱਚ ਵੀ ਪਿੱਛੇ ਨਹੀਂ ਹਟਦੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਤੋਂ ਇਹੋ ਸਪੱਸ਼ਟ ਹੁੰਦਾ ਹੈ ਕਿ ਇਹ ਸਾਜਿਸ਼ ਕੇਂਦਰ ਵਿੱਚ ਬੈਠੀ ਭਾਜਪਾ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਘੜੀ ਹੈ। ਨਰਿੰਦਰ ਮੋਦੀ ਸਰਕਾਰ ਖੇਤੀ ਖੇਤਰ ਦੀ ਨੀਂਹ ਤੋੜਨ ਅਤੇ ਕਿਸਾਨੀ ਭਾਈਚਾਰੇ ਨੂੰ ਤਬਾਹ ਕਰਨ ਉਤੇ ਤੁਲੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਕੇਂਦਰ ਸਰਕਾਰ ਇਹ ਸੋਚਦੀ ਸੀ ਕਿ ਕੋਵਿਡ ਮਹਾਂਮਾਰੀ ਦੌਰਾਨ ਇਨਾਂ ਤਿੰਨ ਕਾਨੂੰਨਾਂ ਨੂੰ ਲਿਆ ਕੇ ਇਸ ਦੇ ਵਿਰੋਧ ਨੂੰ ਰੋਕ ਦੇਵੇਗੀ ਕਿਉਕਿ ਕਿਸਾਨ ਮਹਾਂਮਾਰੀ ਦੇ ਚੱਲਦਿਆਂ ਸੜਕਾਂ ਉਤੇ ਆਉਣ ਤੋਂ ਡਰਨਗੇ। ਕਿਸਾਨਾਂ ਦੇ ਜਬਰਦਸਤ ਰੋਹ ਨੂੰ ਦੇਖਦਿਆਂ ਭਾਜਪਾ ਦੇ ਹੋਸ਼ ਉਡ ਗਏ ਹਨ ਜਿਹੜੇ ਕਿਸਾਨ ਆਪਣੀ ਰੋਜ਼ੀ ਰੋਟੀ ਲਈ ਕੋਵਿਡ ਅਤੇ ਡਾਂਗਾਂ ਦਾ ਵੀ ਸਾਹਮਣਾ ਕਰ ਰਹੇ ਹਨ।’’
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਸੌਖੇ ਢੰਗ ਨਾਲ ਅੰਬਾਨੀਆਂ ਤੇ ਅਦਾਨੀਆਂ ਕੋਲ ਵੇਚਣ ਬਾਰੇ ਪਤਾ ਲੱਗਣ ਤੋਂ ਬਾਅਦ ਭਾਜਪਾ ਨੇ ਅਕਾਲੀਆਂ ਵੱਲੋਂ ਅਸਤੀਫਾ ਦੇਣ ਦਾ ਸਾਰਾ ਡਰਾਮਾ ਰਚਣ ਦਾ ਫੈਸਲਾ ਕੀਤਾ ਤਾਂ ਜੋ ਉਹ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਸਕਣ। ਉਨਾਂ ਕਿਹਾ ਕਿ ਹੁਣ ਜਦੋਂ ਉਨਾਂ ਨੂੰ ਅਹਿਸਾਸ ਹੋਇਆ ਕਿ ਕਿਸਾਨ ਉਨਾਂ ਦੀ ਬਹਾਨੇਬਾਜ਼ੀ ਅਤੇ ਦੋਹਰੇ ਮਾਪਦੰਡਾਂ ਵਿੱਚ ਨਹੀਂ ਫਸਣਗੇ ਤਾਂ ਅਕਾਲੀਆਂ ਨੇ ਇਕ ਗਰੁੱਪ ਨੂੰ ਦੂਜੇ ਗਰੁੱਪ ਖਿਲਾਫ ਲੜਾ ਕੇ ਕਿਸਾਨੀ ਭਾਈਚਾਰੇ ਵਿੱਚ ਵੰਡੀਆਂ ਪਾਉਣ ਦਾ ਫੈਸਲਾ ਕੀਤਾ।
ਮੁੱਖ ਮੰਤਰੀ ਨੇ ਅਕਾਲੀਆਂ ਨੂੰ ਇਹ ਖਤਰਨਾਕ ਖੇਡਾਂ ਖੇਡਣ ਪ੍ਰਤੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਚਾਲ ਉਨਾਂ ਨੂੰ ਉਲਟੀ ਪਵੇਗੀ ਕਿਉਕਿ ਕਿਸਾਨ ਅਜਿਹੀਆਂ ਕਾਰਵਾਈਆਂ ਨਹੀਂ ਕਰਨਗੇ। ਜੇ ਅਕਾਲੀ ਜਾਂ ਭਾਜਪਾ ਵਿੱਚ ਬੈਠੇ ਉਨਾਂ ਦੇ ਰਾਜਸੀ ਗੁਰੂ ਇਹ ਸੋਚਦੇ ਹਨ ਕਿ ਉਹ ਇਨਾਂ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਗੰਮਰਾਹ ਕਰ ਲੈਣਗੇ ਤਾਂ ਇਹ ਉਨਾਂ ਦੀ ਵੱਡੀ ਗਲਤੀ ਹੋਵੇਗੀ। ਉਨਾਂ ਕਿਹਾ ਕਿ ਕਿਸਾਨ ਇੰਨੇ ਭੋਲੇ ਨਹੀਂ ਹਨ ਕਿ ਉਹ ਇਨਾਂ ਸਵਾਰਥੀ ਆਗੂਆਂ ਦੇ ਪਿੱਛੇ ਲੱਗ ਕੇ ਆਪਣੇ ਪੈਰਾਂ ’ਤੇ ਕੁਹਾੜੀ ਮਾਰ ਲੈਣ।

Comments are closed.

COMING SOON .....


Scroll To Top
11