Saturday , 24 October 2020
Breaking News
You are here: Home » PUNJAB NEWS » ਪੰਜਾਬ ਪੁਲਿਸ ਨੇ ਕਨੇਡਾ ਤੇ ਜਰਮਨੀ ਤੋਂ ਚਲਾਏ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਨੇ ਕਨੇਡਾ ਤੇ ਜਰਮਨੀ ਤੋਂ ਚਲਾਏ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼

ਮਿੱਥ ਕੇ ਕੀਤੇ ਜਾਣ ਵਾਲੇ ਕਤਲਾਂ ਲਈ ਵਰਤੇ ਜਾਣ ਵਾਲੇ ਅਤਿ ਆਧੁਨਿਕ ਹਥਿਆਰ ਬਰਾਮਦ

ਚੰਡੀਗੜ੍ਹ – ਪੰਜਾਬ ਪੁਲਿਸ ਨੂੰ ਐਤਵਾਰ ਨੂੰ ਮਿਲੀ ਇਕ ਵੱਡੀ ਸਫ਼ਲਤਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਦੇ ਦੋ ਵਿਅਕਤੀਆਂ ਮੱਖਣ ਸਿੰਘ ਗਿੱਲ ਉਰਫ਼ ਅਮਲੀ ਅਤੇ ਦਵਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦੇ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ ਉਂਨਾਂ ਕੋਲੋਂ 2 ਅਤਿ-ਆਧੁਨਿਕ ਹਥਿਆਰ ਅਤੇ ਅਸਲਾ ਬਰਾਮਦ ਕੀਤਾ ਜਿਸ ਵਿੱਚ ਇੱਕ ਐਮਪੀ5 ਸਬ-ਮਸ਼ੀਨ ਗੰਨ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸ ਅਤੇ ਇੱਕ 9 ਐਮਐਮ ਪਿਸਤੌਲ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਈਟੀਓਸ ਕਾਰ (ਪੀਬੀ-11-ਬੀਕਯੂ 9994), 4 ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੌਂਗਲ ਸ਼ਾਮਲ ਹਨ।
ਡੀਜੀਪੀ ਪੰਜਾਬ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਵਾਂ ਨੇ ਖੁਲਾਸਾ ਕੀਤਾ ਕਿ ਕੈਨੇਡਾ ਰਹਿੰਦੇ ਹਰਪ੍ਰੀਤ ਸਿੰਘ ਨੇ ਤਕਰੀਬਨ 2 ਮਹੀਨੇ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਅੱਤਵਾਦ ਦੀ ਸਥਿਤੀ ਬਣਾਉਣ ਲਈ ਉਕਸਾਇਆ। ਤਫ਼ਤੀਸ਼ ਦੌਰਾਨ ਦਿੱਤੇ ਬਿਆਨਾਂ ਅਨੁਸਾਰ, ਹਰਪ੍ਰੀਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦਾ ਕਾਰਕੁੰਨ ਹੈ ਜੋ ਅਕਸਰ ਪਾਕਿਸਤਾਨ ਜਾਂਦਾ ਰਹਿੰਦਾ ਹੈ ਅਤੇ ਪਾਕਿ ਅਧਾਰਤ ਕੇਜ਼ੈਡਐਫ ਦੇ ਮੁੱਖੀ ਰਣਜੀਤ ਸਿੰਘ ਉਰਫ਼ ਨੀਟਾ ਦਾ ਕਰੀਬੀ ਸਾਥੀ ਹੈ। ਮੁਲਜ਼ਮਾਂ ਨੇ ਅੱਗੇ ਦੱਸਿਆ ਕਿ ਉਪਰੋਕਤ ਹਥਿਆਰ ਅਤੇ ਅਸਲਾ ਉਨ੍ਹਾਂ ਨੂੰ ਨੀਟਾ ਨੇ ਆਪਣੇ ਅਣਪਛਾਤੇ ਕਾਰਕੁਨਾਂ ਰਾਹੀਂ ਸਪਲਾਈ ਕੀਤਾ ਹੈ। ਇਸ ਮੌਡਿਊਲ ਵਿਚ ਸ਼ਾਮਲ ਕੁੱਝ ਹੋਰ ਵਿਦੇਸ਼ੀ ਅੱਤਵਾਦੀਆਂ, ਜਿਨਾਂ ਦਾ ਅਮਰੀਕਾ ਤੇ ਜਰਮਨੀ ਨਾਲ ਸਬੰਧ ਹੋਣ ਬਾਰੇ ਸ਼ੰਕਾ ਹੈ, ਬਾਰੇ ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਲੋਕ ਵਿਦੇਸ਼ੀ ਫੰਡਾਂ ਵਜੋਂ ਮਨੀ ਟ੍ਰਾਂਸਫਰ ਸੇਵਾਵਾਂ ਜਿਵੇਂ ਕਿ ਵੈਸਟਰਨ ਯੂਨੀਅਨ ਅਤੇ ਹੋਰ ਕਈ ਚੈਨਲਾਂ ਰਾਹੀਂ ਪੈਸਾ ਅਮਲੀ ਨੂੰ ਟ੍ਰਾਂਸਫਰ ਕਰ ਰਹੇ ਸਨ।
ਡੀਜੀਪੀ ਨੇ ਅੱਗੇ ਖੁਲਾਸਾ ਕੀਤਾ ਕਿ ਮੱਖਣ ਸਿੰਘ ਉਰਫ਼ ਅਮਲੀ ਇਕ ਕੱਟੜਪੰਥੀ ਖਾਲਿਸਤਾਨ ਪੱਖੀ ਅੱਤਵਾਦੀ ਹੈ ਜਿਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਅੱਤਵਾਦ ਨਾਲ ਸਬੰਧਤ ਵੱਖ-ਵੱਖ ਅਪਰਾਧਾਂ ਵਿਚ ਗ੍ਰਿਫ਼ਤਾਰ ਕੀਤਾ ਸੀ। ਅਮਲੀ ਪਾਕਿਸਤਾਨ ਵਿੱਚੋਂ ਵੀ ਸਿਖਲਾਈ ਪ੍ਰਾਪਤ ਕਰ ਚੁੱਕਾ ਹੈ ਅਤੇ 1980 ਅਤੇ 1990 ਦੇ ਦਹਾਕਿਆਂ ਦੌਰਾਨ ਅਮਰੀਕਾ ਵਿਚ ਵੀ ਰਿਹਾ ਹੈ। ਉਹ ਪਾਕਿ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ, ਵਧਾਵਾ ਸਿੰਘ ਬੱਬਰ ਨਾਲ ਨੇੜਿਓਂ ਜੁੜਿਆ ਰਿਹਾ ਹੈ ਅਤੇ 14 ਸਾਲਾਂ ਤੱਕ ਉਸ ਨਾਲ ਪਾਕਿਸਤਾਨ ਵਿੱਚ ਰਿਹਾ।
ਉਹਨਾਂ ਦੱਸਿਆ ਕਿ ਇਸ ਬਾਰੇ ਮਿਤੀ 04.10.2020 ਨੂੰ ਐਫਆਈਆਰ ਨੰ. 204 ਅਧੀਨ ਧਾਰਾ 120-ਬੀ, 121, 152 ਆਈਪੀਸੀ, ਆਰਮਜ਼ ਐਕਟ ਦੀ ਧਾਰਾ 25/54/59, ਸਮੇਤ ਧਾਰਾ 17, 18, 18-ਬੀ, 20 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਐਕਟ ਤਹਿਤ ਥਾਣਾ ਮਾਹਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਅਮਲੀ ਕਾਫ਼ੀ ਸਮੇਂ ਤੋਂ ਵੱਖ-ਵੱਖ ਅੱਤਵਾਦੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਇਸ ਤੋਂ ਪਹਿਲਾਂ ਉਸ ਵਿਰੁੱਧ ਤਕਰੀਬਨ 7 ਕੇਸ ਦਰਜ ਹੋਏ ਅਤੇ ਚਲਾਨ ਪੇਸ਼ ਹੋਏ ਪਰ ਉਹ ਬਰੀ ਹੋ ਗਿਆ।
ਉਂਨਾਂ ਕਿਹਾ ਕਿ ਅਮਲੀ ਵਿਰੁੱਧ 16.05.2010 ਨੂੰ ਐਫਆਈਆਰ ਨੰ. 30 ਥਾਣਾ ਮਹਿਟੀਆਣਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅਸਲਾ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਖਿਲਾਫ਼ ਇੱਕ ਹੋਰ ਐਫਆਈਆਰ 24 ਐਸਐਸਓਸੀ ਅੰਮ੍ਰਿਤਸਰ ਵਿੱਚ ਮਿਤੀ 25.07.2010 ਨੂੰ ਅਸਲਾ ਐਕਟ 25, 54, 59 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਅਧੀਨ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਮਿਤੀ 18.10.2010 ਨੂੰ ਥਾਣਾ ਸਦਰ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਸ ਵਿਰੁੱਧ ਐਫਆਈਆਰ ਨੰ. 152 ਤਹਿਤ ਅਸਲਾ ਐਕਟ ਦੀ ਧਾਰਾ 25, 54, 59 ਅਤੇ ਵਿਸਫੋਟਕ ਪਦਾਰਥ ਐਕਟ ਸਮੇਤ 17, 18, 19, 20 ਤਹਿਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 3, 4, 5 ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ, ਉਸ ਦੇ ਵਿਰੁੱਧ ਐਨਡੀਪੀਐਸ ਤਹਿਤ ਐਫਆਈਆਰ ਨੰ. 76 ਥਾਣਾ ਮਾਹਿਲਪੁਰ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਿਤੀ 11.06.2017 ਨੂੰ ਐਨਡੀਪੀਐਸ ਐਕਟ ਦੀ ਧਾਰਾ 18, 25, 61, 85 ਤਹਿਤ ਕੇਸ ਦਰਜ ਹੋਇਆ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਵਿਰੁੱਧ ਇਕ ਹੋਰ ਐਫਆਈਆਰ ਨੰ. 163 ਥਾਣਾ ਮਾਛੀਵਾੜਾ, ਪੁਲਿਸ ਜ਼ਿਲ੍ਹਾ ਖੰਨਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4, 5 ਤਹਿਤ ਕੇਸ ਦਰਜ ਹੋਇਆ ਸੀ।

ਡੀਜੀਪੀ ਨੇ ਕਿਹਾ,“ਅੱਤਵਾਦੀ ਹਮਲੇ ਕਰਕੇ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਖ਼ਾਲਿਸਤਾਨ ਪੱਖੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਬਾਰੇ ਜਾਣਕਾਰੀ ਦੇ ਅਧਾਰ ‘ਤੇ, ਪੰਜਾਬ ਪੁਲਿਸ ਸੂਬੇ ਵਿੱਚ ਘੁੰਮ ਰਹੇ ਜਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਦਾਖਲ ਹੋ ਰਹੇ ਸਾਰੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ, ਛਾਪੇ ਅਤੇ ਚੈਕਿੰਗ ਨੂੰ ਯਕੀਨੀ ਬਣਾ ਰਹੀ ਹੈ। ਹਾਲ ਹੀ ਵਿੱਚ ਇਸ ਸਬੰਧੀ ਪੰਜਾਬ ਪੁਲਿਸ ਵੱਲੋ ਲਗਾਤਾਰ ਚੌਕਸੀ ਨਾਲ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਅਰੰਭੀ ਮੁਹਿੰਮ ਦੇ ਨਤੀਜੇ ਵਜੋਂ ਇਸ ਮੋਡਿਊਲ ਦੀ ਗ੍ਰਿਫਤਾਰੀ ਸੰਭਵ ਹੋਈ ਹੈ।

Comments are closed.

COMING SOON .....


Scroll To Top
11