Thursday , 6 August 2020
Breaking News
You are here: Home » Editororial Page » ਨਵੇਂ ਅਧਿਆਪਕਾਂ ਦੇ ਜਜ਼ਬੇ ਅਤੇ ਪੁਰਾਣੇ ਅਧਿਆਪਕਾਂ ਦੇ ਤਜਰਬੇ ਨੇ ਮੁੜ ਸੁਰਜੀਤ ਕੀਤਾ ਸਿੱਖਿਆ ਵਿਭਾਗ

ਨਵੇਂ ਅਧਿਆਪਕਾਂ ਦੇ ਜਜ਼ਬੇ ਅਤੇ ਪੁਰਾਣੇ ਅਧਿਆਪਕਾਂ ਦੇ ਤਜਰਬੇ ਨੇ ਮੁੜ ਸੁਰਜੀਤ ਕੀਤਾ ਸਿੱਖਿਆ ਵਿਭਾਗ

ਇੱਕ ਇਨਸਾਨ ਦੀ ਨੇਕ ਸੋਚ ਜੇਕਰ ਇਮਾਨਦਾਰੀ ਨਾਲ ਕੰਮ ਕਰੇ ਤਾਂ ਬਦਲਾਵ ਯਕੀਨੀ ਹੈ। ਇਹ ਸ਼ਬਦ ਉਸ ਵੇਲੇ ਸੱਚ ਹੁੰਦੇ ਨਜ਼ਰ ਆਉਂਦੇ ਨੇ ਜਦੋਂ ਸਿੱਖਿਆ ਵਿਭਾਗ ਦੀ ਲੀਹੋਂ ਲੱਥੀ ਗੱਡੀ ਨੂੰ ਆਪਣੀ ਨੇਕ ਸੋਚ, ਦ੍ਰਿੜ ਇਰਾਦੇ ਅਤੇ ਬੱਚਿਆਂ ਦੇ ਸੁਨਿਹਰੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਸਿੱਖਿਆ ਵਿਭਾਗ ਪੰਜਾਬ ਵਿੱਚ ਕੁਝ ਅਜਿਹੇ ਇਤਿਹਾਸਿਕ ਫੈਂਸਲੇ ਕੀਤੇ ਕਿ ਸਰਕਾਰੀ ਸਕੂਲਾਂ ਵਿੱਚ, ਇਹਨਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵਿੱਚ ਅਧਿਆਪਕ ਸਹਿਬਾਨ ਸਕੂਲ ਮੁਖੀਆਂ ਵਿੱਚ, ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿੱਚ ਅਜਿਹੀ ਚਿਣਗ ਲੱਗੀ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਗਈ। ਵਿਭਾਗ ਵੱਲੋਂ ਨਵੀਂ ਭਰਤੀ ਤਹਿਤ ਟੈਸਟ ਲੈ ਕੇ ਰੱਖੇ ਗਏ ਨੌਜਵਾਨ ਅਧਿਆਪਕਾਂ ਨੇ ਆਪਣੇ ਜਜਬੇ ਨਾਲ ਆਉਂਦਿਆ ਹੀ ਵਿਦਿਆਰਥੀਆਂ ਨੂੰ ਅਜਿਹੀ ਮਿਹਨਤ ਕਰਵਾਈ ਕਿ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ । ਇਹਨਾਂ ਅਧਿਆਪਕਾਂ ਨੂੰ ਭਰਤੀ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਸੈਮੀਨਾਰ ਲਗਾ ਕੇ ਨਵੀਆਂ ਤਕਨੀਕਾਂ ਨਾਲ ਪੜ੍ਹਾਉਣ ਦੇ ਗੁਰ ਸਿਖਾਏ ਗਏ । ਇਹਨਾਂ ਦੇ ਨਾਲ ਹੀ ਨਵ ਨਿਯੁਕਤ ਟੈਸਟ ਵਿੱਚੋਂ ਪਾਸ ਹੋਏ ਉਮੀਦਵਾਰਾਂ ਨੂੰ ਡਾਇਰੈਕਟ ਸਕੂਲ ਮੁਖੀ, ਬਲਾਕ ਐਲੀ ਸਿੱਖਿਆ ਅਫ਼ਸਰ ਅਤੇ ਪ੍ਰਿੰਸੀਪਲ ਲਗਾ ਕੇ ਇੱਕ ਅਜਿਹਾ ਇਤਿਹਾਸਿਕ ਫੈਂਸਲਾ ਕੀਤਾ ਕਿ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਕੇ ਆਏ ਇਹਨਾਂ ਨੌਜਵਾਨ ਸਕੂਲ ਮੁਖੀਆਂ, ਬਲਾਕ ਐਲੀ ਸਿੱਖਿਆ ਅਫ਼ਸਰਾਂ ਅਤੇ ਪ੍ਰਿੰਸੀਪਲ ਸਹਿਬਾਨ ਨੇ ਆਪਣੇ ਆਪਣੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਾਰ ਇਹ ਸਿੱਖਿਆ ਅਧਿਕਾਰੀ ਅਤੇ ਨੌਜਵਾਨ ਅਧਿਆਪਕ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ । ਪੁਰਾਣੇ ਅਧਿਆਪਕਾਂ ਦੇ ਤਜ਼ਰਬੇ ਨਾਲ ਇਹਨਾਂ ਨਵੇਂ ਅਧਿਕਾਰੀਆਂ ਨੇ ਮਿਲ ਕੇ ਸਿੱਖਿਆ ਵਿਭਾਗ ਨੂੰ ਅਜਿਹਾ ਹਲੂਣਾ ਦਿੱਤਾ ਕਿ ਆਮ ਲੋਕਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਅਤੇ ਸਹਿਰਾਂ ਵਿੱਚ ਸਰਕਾਰੀ ਸਕੂਲਾਂ ਦੀਆਂ ਗੱਲਾਂ ਹੋਣ ਲੱਗੀਆਂ । ਇੱਥੇ ਹੀ ਬਸ ਨਹੀਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਜਦੋਂ ਕਮਰ ਕੱਸੀ ਤਾਂ ਆਮ ਲੋਕਾਂ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾਂ ਅਤੇ ਐਨ ਆਰ ਆਈ ਲੋਕਾਂ ਨੇ ਵੀ ਆਪਣੇ ਆਪਣੇ ਪਿੰਡਾਂ ਦੇ ਸਕੂਲ ਸੋਹਣੇ ਬਣਾਉਣ ਲਈ ਹਰ ਪੱਖ ਤੋਂ ਸਰਕਾਰੀ ਸਕੂਲਾਂ ਦੀ ਮਦਦ ਕੀਤੀ । ਸਕੂਲਾਂ ਵਿੱਚ ਬਣੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਅਧਿਆਪਕਾਂ ਦੇ ਸਹਯੋਗ ਲਈ ਸਮੇਂ ਸਮੇਂ ਤੇ ਅੱਗੇ ਆਉਂਦੀਆਂ ਹਨ । ਹੁਣ ਤਾਂ ਕਈ ਐਨ ਆਰ ਆਈ ਲੋਕਾਂ ਨੇ ਕਈ ਸਕੂਲਾਂ ਨੂੰ ਗੋਦ ਲਿਆ । ਜਿੰਨਾ ਸਕੂਲਾਂ ਵਿਚ ਇਹ ਲੋਕ ਪੜ ਕੇ ਕਾਬਲ ਬਣੇ , ਉਹਨਾਂ ਸਕੂਲਾਂ ਨਾਲ ਉਹਨਾਂ ਦਾ ਮੋਹ ਵੀ ਬਰਕਰਾਰ ਰਿਹਾ । ਆਪਣੇ ਪਿੰਡ ਦੇ ਸਕੂਲ ਨੂੰ ਹੋਰ ਸੋਹਣਾ ਬਣਾਉਣ ਲਈ ਸਮੇਂ ਸਮੇਂ ਤੇ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਪੱਖੋਂ ਅਤੇ ਸਹੂਲਤਾਂ ਦੇ ਪੱਖ ਤੋਂ ਕਿਸੇ ਵੀ ਨਿੱਜੀ ਸਕੂਲ ਤੋਂ ਘੱਟ ਨਹੀਂ ਹਨ ।ਸਰਕਾਰੀ ਸਕੂਲਾਂ ਦੇ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਵਿਗਿਆਨ ਪ੍ਰਯੋਗਸ਼ਾਲਾਵਾਂ, ਕੰਪਿਊਟਰ ਲੈਬ, ਸੁੰਦਰ ਲਾਈਬ੍ਰੇਰੀਆਂ, ਗਣਿਤ ਪਾਰਕ, ਸਾਇੰਸ ਪਾਰਕ, ਸੋਸ਼ਲ ਪਾਰਕ, ਆਰ ਓ ਵਾਲਾ ਸਾਫ ਪਾਣੀ, ਮੁਫ਼ਤ ਮੈਡੀਕਲ ਚੈਕ ਅਪ ਅਤੇ ਮੁਫ਼ਤ ਇਲਾਜ, ਮੁਫ਼ਤ ਕਿਤਾਬਾਂ, ਮੁਫ਼ਤ ਵਰਦੀ, ਵਿਦਿਆਰਥੀਆਂ ਲਈ ਸਕਾਲਰਸ਼ਿਪ , ਮੁਫ਼ਤ ਕੋਚਿੰਗ, ਕੈਰੀਅਰ ਦੀ ਯੋਗ ਅਗਵਾਈ ਲਈ ਜਿਲ੍ਹਾ ਕੈਰੀਅਰ ਗਾਈਡੇਂਸ ਕੌਂਸਲਰ ਵੱਲੋਂ ਵਿਦਿਆਰਥੀਆਂ ਦੀ ਯੋਗ ਅਗਵਾਈ , ਖੇਡਾਂ ਦੀ ਮੁਫ਼ਤ ਕੋਚਿੰਗ ਨਾਲ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਮੁਕਾਬਲਿਆਂ ਲਈ ਭੇਜਣਾ ਕੁਝ ਅਜਿਹੇ ਕੰਮ ਹਨ ਜਿੰਨਾ ਨੇ ਸਿੱਖਿਆ ਵਿਭਾਗ ਦੇ ਸਾਫ ਅਕਸ ਨੂੰ ਪੇਸ਼ ਕੀਤਾ ਹੈ । ਇਸਤੋਂ ਸਿੱਖਿਆ ਵਿਭਾਗ ਵੱਲੋਂ ਹਫ਼ਤਾਵਾਰੀ ਟੈਸਟ, ਪ੍ਰੀ ਬੋਰਡ ਟੈਸਟ, ਵਿਸ਼ਵਾਰ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਕਰਵਾਉਣਾ ਅਨੇਕਾਂ ਹੀ ਕੰਮ ਆਪਣੇ ਪੱਧਰ ਤੇ ਕੀਤੇ ਹਨ । ਸਿੱਖਿਆ ਵਿਭਾਗ ਆਪਣੀ ਰਣਨੀਤੀ ਨੂੰ ਇਸ ਵਾਰ ਬਿਲਕੁੱਲ ਬਦਲ ਚੁੱਕਾ ਹੈ । ਇਸ ਵਾਰ ਕਿਸੇ ਵੀ ਪੱਧਰ ਦੇ ਕੋਈ ਵੀ ਕੰਮ ਅਧੂਰਾ ਨਜ਼ਰ ਨਹੀਂ ਆਉਂਦਾ ਇੰਜ ਲਗਦਾ ਹੈ ਜਿਵੇਂ ਫਾਈਨਲ ਪ੍ਰੀਖਿਆ ਤੋਂ ਪਹਿਲਾਂ ਹੈ ਫਾਈਨਲ ਪ੍ਰੀਖਿਆ ਹੋ ਰਹੀ ਹੋਵੇ। ਇਸਦੇ ਨਾਲ ਨਾਲ ਵਿਸ਼ਾ ਮਾਹਿਰਾਂ ਵੱਲੋਂ ਮਾਡਲ ਟੈਸਟ ਪੇਪਰ ਤਿਆਰ ਕਰਕੇ ਸਕੂਲਾਂ ਵਿੱਚ ਭੇਜੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਪੂਰੀ ਤਿਆਰੀ ਕਰਵਾਈ ਜਾ ਸਕੇ। ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਡਾਕਟਰ, ਇੰਜੀਨੀਅਰ, ਅਧਿਆਪਕ, ਪਾਇਲਟ ਹੋਣ ਦੇ ਨਾਲ ਨਾਲ ਹਰ ਖੇਤਰ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾ ਰਹੇ ਹਨ। ਅੱਜ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਅੰਗਰੇਜੀ ਬੋਲਦਿਆਂ ਦੀਆਂ ਵੀਡੀਉ ਜਦੋਂ ਵਾਇਰਲ ਹੁੰਦੀਆਂ ਹਨ। ਸਿੱਖਿਆ ਵਿਭਾਗ ਵੱਲੋਂ ਦੂਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਬਸ ਦੀ ਸਹੂਲਤ ਦੀ ਯੋਜਨਾ ਤਿਆਰ ਕਰ ਲਈ ਹੈ। ਇਥੋ ਤੱਕ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਸ ਵਰ੍ਹੇ ਤੋਂ ਅੰਗਰੇਜੀ ਸਪੀਕਿੰਗ ਦੇ ਪੇਪਰ ਵੀ ਲਏ ਜਾ ਰਹੇ ਹਨ ਤਾਂ ਜੋ ਇਹਨਾਂ ਦੀ ਤਿਆਰੀ ਹੁਣ ਤੋਂ ਹੀ ਹੋ ਸਕੇ ਅਤੇ ਭਵਿੱਖ ਵਿੱਚ ਇਹ ਵਿਦਿਆਰਥੀ ਆਪਣੀ ਮੰਜਿਲ ਨੂੰ ਅਸਾਨੀ ਨਾਲ ਹਾਸਿਲ ਕੇ ਲੈਣ । ਇੱਕ ਹੋਰ ਕੋਸ਼ਿਸ਼ ਜੀ ਕਿ ਸਿੱਖਿਆ ਵਿਭਾਗ ਨੇ ਕੀਤੀ ਹੈ ਉਹ ਹੈ ਬੁੱਕ ਬੈਂਕ ਜਿਸ ਨਾਲ ਕਿ ਵਿਦਿਆਰਥੀਆਂ ਵੱਲੋਂ ਆਪਣੀ ਖਤਮ ਹੋ ਚੁੱਕੀ ਜਮਾਤ ਦੀਆਂ ਕਿਤਾਬਾਂ ਸੰਭਾਲ ਕੇ ਵਾਪਸ ਸਕੂਲਾਂ ਵਿੱਚ ਜਮ੍ਹਾਂ ਕਰਵਾਈਆਂ ਗਈਆਂ ਹਨ ਜਿਸ ਨਾਲ ਇੱਕ ਪਾਸੇ ਸਮੇਂ ਸਿਰ ਪੜਾਈ ਸ਼ੁਰੂ ਹੋ ਰਹੀ ਹੈ ਦੂਸਰੇ ਪਾਸੇ ਲਗਭਗ ਇੱਕ ਹਜਾਰ ਕਿਤਾਬਾਂ ਜਮ੍ਹਾ ਕਰਵਾਉਣ ਨਾਲ ਇੱਕ ਦਰੱਖਤ ਵੀ ਬਚਦਾ ਹੈ ਜਿਸਤੋਂ ਸਫ਼ੇ ਤਿਆਰ ਕਰਕੇ ਕਿਤਾਬਾਂ ਛਾਪੀਆਂ ਜਾਂਦੀਆਂ ਹਨ । ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਸਿੱਖਿਆ ਵਿਭਾਗ ਦੇ ਅਧਿਆਪਕਾਂ, ਬਲਾਕ ਐਲੀ ਸਿੱਖਿਆ ਅਫ਼ਸਰਾਂ, ਜਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਇਥੋ ਤੱਕ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਨਾਲ ਇਸ ਵਾਰ ਇਲਾਕੇ ਦੇ ਵਿਧਾਇਕਾਂ ਵੱਲੋਂ ਵੀ ਲੋਕਾਂ ਨੂੰ ਘਰ ਘਰ ਜਾ ਕੇ ਨਾ ਸਿਰਫ ਸਰਕਾਰੀ ਸਕੂਲਾਂ ਦੇ ਬਦਲਦੇ ਹਾਲਾਤਾਂ ਬਾਰੇ ਜਾਗਰੂਕ ਕੀਤਾ ਗਿਆ ਸਗੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਇਸ ਸਭ ਦਾ ਸਕਾਰਾਤਮਕ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ।
ਲੰਮੇ ਸਮੇਂ ਤੋਂ ਨਿੱਜੀ ਸਕੂਲਾਂ ਵਿੱਚ ਆਪਣੀਆਂ ਜੇਬਾਂ ਖਾਲੀ ਕਰਵਾ ਕੇ ਖਾਲੀ ਹੱਥ ਜਦੋਂ ਉਹਨਾਂ ਨੇ ਸਰਕਾਰੀ ਸਕੂਲਾਂ ਦੇ ਪੜ ਰਹੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨਾਲੋਂ ਪੜਾਈ ਵਿੱਚ ਬਿਹਤਰ ਦੇਖਿਆ ਤਾਂ ਆਪ ਮੁਹਾਰੇ ਹੀ ਉਹਨਾਂ ਦਾ ਝੁਕਾਅ ਸਰਕਾਰੀ ਸਕੂਲਾਂ ਵੱਲ ਵਧ ਰਿਹਾ ਹੈ। ਇਹਨਾਂ ਸਾਰੇ ਕੰਮਾਂ ਦੇ ਨਾਲ ਨਾਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਆਪਣੀ ਬਾਜ਼ ਅੱਖ ਨਾਲ ਹਰੇਕ ਗਤੀਵਿਧੀ ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਰੋਜਾਨਾ ਮਿਹਨਤ ਕਰਨ ਵਾਲੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਉਹਨਾਂ ਦੀ ਕੀਤੀ ਮਿਹਨਤ ਬਦਲੇ ਸਨਮਾਨਿਤ ਕੀਤਾ ਜਾਂਦਾ ਹੈ । ਅੱਜ ਵੱਟਸਐਪ ਗਰੁੱਪਾਂ, ਅਤੇ ਫੇਸ ਬੁੱਕ ਰਾਹੀਂ ਸਿੱਖਿਆ ਵਿਭਾਗ ਮਾਤਾ ਪਿਤਾ ਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤਾ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਵਿਚ ਸਫ਼ਲ ਰਿਹਾ ਹੈ।। ਹਰੇਕ ਸਰਕਾਰੀ ਸਕੂਲ ਦਾ ਅੱਜ ਆਪਣਾ ਫੇਸ ਬੁੱਕ ਪੇਜ ਹੈ ਅਤੇ ਹਰੇਕ ਅਧਿਆਪਕ ਸਹਿਬਾਨ ਨੇ ਆਪਣੀ ਜਮਾਤ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਨਾਲ ਵੱਟਸਐਪ ਗਰੁੱਪ ਬਣਾਏ ਹੋਏ ਹਨ ਜਿੰਨਾ ਨਾਲ ਵਿਦਿਆਰਥੀਆਂ ਦੀ ਕਾਰਗੁਜਾਰੀ, ਉਹਨਾਂ ਦੀ ਗੈਰਹਾਜ਼ਰੀ ਦੀ ਸੂਚਨਾ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੁਆਰਾ ਕੀਤੀਆਂ ਜਾ ਰਹੀਆਂ ਬਿਹਤਰ ਕਾਰਗੁਜਾਰੀਆਂ ਮਾਤਾ ਪਿਤਾ ਸਹਿਬਾਨ ਨਾਲ ਤਸਵੀਰਾਂ ਦੇ ਜਰੀਏ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।। ਇਸ ਸਮੇਂ ਸਕੂਲਾਂ ਦੀ ਸਫ਼ਲ ਕਾਰਗੁਜਾਰੀ ਨੂੰ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਵਿੱਚ ਇੱਕ ਵਾਰ ਫਿਰ ਸਿੱਖਿਆ ਵਿਭਾਗ ਆਪਣੀ ਕਾਰਗੁਜਾਰੀ ਨੂੰ ਸਾਬਤ ਕਰਨ ਵਿੱਚ ਪੂਰੀ ਤਰਾ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ। ਵਿਭਾਗ ਵੱਲੋਂ ਕੀਤਾ ਜਾ ਰਿਹਾ ਇਹ ਸਫ਼ਲ ਉਪਰਾਲਾ ਇਹਨਾਂ ਸਕੂਲਾਂ ਵਿੱਚ ਪੜ ਰਹੇ ਲੱਖਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਚੱੜ੍ਹਦੇ ਸੂਰਜ ਵਾਂਗ ਸੁਨਹਿਰਾ ਭਵਿੱਖ ਜਰੂਰ ਲੈ ਕੇ ਆਵੇਗਾ।

Comments are closed.

COMING SOON .....


Scroll To Top
11