Tuesday , 27 September 2022

ਛੱਤਬੀੜ ਚਿੜੀਆਘਰ ਦੇ ਮੁੜ ਖੁੱਲ੍ਹਣ ਨਾਲ ਪਹਿਲੇ ਦਿਨ 1100 ਸੈਲਾਨੀ ਪਹੁੰਚੇ

ਸ਼ੇਰ ਦੇ ਬੱਚਿਆਂ ਅਮਰ, ਅਰਜੁਨ ਤੇ ਦਿਲਨੂਰ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ 10 ਦਸੰਬਰ:ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਛੱਤਬੀੜ ਚਿੜੀਆਘਰ ਆਉਣ ਵਾਲੇ ਸੈਲਾਨੀਆਂ, ਕਰਮਚਾਰੀਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ-19 ਸਬੰਧੀ ਪ੍ਰੋਟੋਕੋਲਾਂ ਨਾਲ 10/12/2020 ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਚਿੜੀਆਘਰ ਵਿੱਚ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਦੀ ਪੜਾਅਵਾਰ ਢੰਗ ਨਾਲ ਐਂਟਰੀ ਨੂੰ ਯਕੀਨੀ ਬਣਾਇਆ ਗਿਆ। ਪਹਿਲੇ ਸਲਾਟ ਵਿੱਚ ਲਗਭਗ 100 ਸੈਲਾਨੀ ਚਿੜੀਆਘਰ ਵਿੱਚ ਦਾਖ਼ਲ ਹੋਏ।ਦੁਪਹਿਰ 12 ਵਜੇ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਵਧ ਗਈ ਅਤੇ ਅੱਜ ਸ਼ਾਮ 04.30 ਵਜੇ ਤੱਕ ਕੁੱਲ 1100 ਸੈਲਾਨੀ ਚਿੜੀਆਘਰ ਵਿਖੇ ਪਹੁੰਚੇ। ਸੈਲਾਨੀਆਂ ਵੱਲੋਂ ਆਨਲਾਈਨ ਬੁਕਿੰਗ ਸਹੂਲਤ, ਵਾਈ ਫਾਈ ਹਾਟਸਪੌਟ ਅਤੇ ਬੈਟਰੀ ਨਾਲ ਚੱਲਣ ਵਾਲੇ ਕਾਰਟਾਂ ਦੀ ਵਰਤੋਂ ਕੀਤੀ ਗਈ। ਹਾਲਾਂਕਿ ਕੁਝ ਸੈਲਾਨੀਆਂ ਨੂੰ ਆਨਲਾਈਨ ਬੁਕਿੰਗ, ਕਿਊ.ਆਰ. ਕੋਡ ਅਤੇ ਹੋਰ ਨਕਦੀ ਰਹਿਤ ਲੈਣ-ਦੇਣ ਦੀ ਵਰਤੋਂ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਫਿਰ ਵੀ ਸੈਲਾਨੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਸੈਲਾਨੀਆਂ ਨੇ ਚਿੜੀਆਘਰ ਦੇ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਦਾ ਅਨੰਦ ਮਾਣਿਆ।ਇਸ ਤੋਂ ਇਲਾਵਾ ਸੈਲਾਨੀਆਂ ਨੇ ਮੌਮ ਐਂਡ ਬੇਬੀ ਕੇਅਰ ਰੂਮ, ਕੌਫ਼ੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰਜ਼ ਆਦਿ ਨਵੀਆਂ ਸਹੂਲਤਾਂ ਦੀ ਵਰਤੋਂ ਕੀਤੀ ।ਸੈਲਾਨੀਆਂ ਲਈੇ ਆਨਲਾਈਨ ਬੁਕਿੰਗ ਅਤੇ ਕਿਊ.ਆਰ. ਕੋਡ ਸਹੂਲਤਾਂ ਦੀ ਰਸਮੀ ਸ਼ੁਰੂਆਤ ਲਈ ਬੈਂਕ ਆਫ ਬੜੌਦਾ ਦੀ ਟੀਮ ਚਿੜੀਆਘਰ ਵਿੱਚ ਹਾਜ਼ਰ ਰਹੀ। ਸੀਨੀਅਰ ਮੈਨੇਜਰ ਸ੍ਰੀ ਕੰਵਰਦੀਪ ਸਿੰਘ ਨੇ ਚਿੜੀਆਘਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਿੜੀਆਘਰ ਵਿੱਚ ਸੇਵਾ ਨਿਭਾਉਣ ਦਾ ਮੌਕਾ ਮਿਲਣ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦਾ ਧੰਨਵਾਦ ਕੀਤਾ। ਚਿੜੀਆਘਰ ਵਿੱਚ ਸੈਲਾਨੀਆਂ ਲਈ ਇੰਟਰਨੈਟ ਅਤੇ ਫਾਈ ਹਾਟਸਪੋਟ ਸਹੂਲਤਾਂ ਦੀ ਰਸਮੀ ਸ਼ੁਰੂਆਤ ਕਰਨ ਲਈ ਮਾਈਇੰਟਰਨੈੱਟ ਦੀ ਟੀਮ ਵੀ ਹਾਜ਼ਰ ਰਹੀ। ਸ੍ਰੀ ਨਵਜੋਤ ਸਿੰਘ ਨੇ ਚਿੜੀਆਘਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਵਿਭਾਗ ਦਾ ਧੰਨਵਾਦ ਕੀਤਾ।ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਡਾ. ਐਮ. ਸੁਧਾਗਰ (ਆਈ.ਐੱਫ.ਐੱਸ.) ਨੇ ਕਿਹਾ ਕਿ ਸੈਲਾਨੀਆਂ ਦਾ ਹੁੰਗਾਰਾ ਉਤਸ਼ਾਹਜਨਕ ਸੀ ਅਤੇ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸੈਲਾਨੀਆਂ ਨੇ ਚਿੜੀਆਘਰ ਵਿੱਚ ਸੁਰੱਖਿਅਤ ਮਹਿਸੂਸ ਕੀਤਾ ਅਤੇ ਉਹਨਾਂ ਨੂੰ ਸਹੀ ਜਾਣਕਾਰੀ ਅਤੇ ਸੇਧ ਦਿੱਤੀ ਗਈ।ਚੀਫ ਵਾਈਲਡਲਾਈਫ ਵਾਰਡਨ ਸ੍ਰੀ ਆਰ.ਕੇ. ਮਿਸ਼ਰਾ, (ਆਈ.ਐੱਫ.ਐੱਸ.) ਨੇ ਕਿਹਾ ਕਿ ਛੱਤਬੀੜ ਚਿੜੀਆਘਰ ਦੇ ਮੁੜ ਖੁੱਲ੍ਹਣ ਪ੍ਰਤੀ ਸੈਲਾਨੀਆਂ ਦਾ ਉਤਸ਼ਾਹ ਉਮੀਦ ਤੋਂ ਕਿਤੇ ਜ਼ਿਆਦਾ ਸੀ।ਸੈਲਾਨੀਆਂ, ਚਿੜੀਆਘਰ ਦੇ ਕਰਮਚਾਰੀਆਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ-19 ਸਬੰਧੀ ਨਿਯਮਾਂ ਅਨੁਸਾਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਦੇ ਹੋਰ ਚਿੜੀਆਘਰ ਜਿਵੇਂ ਕਿ ਮਿੰਨੀ ਚਿੜੀਆਘਰ-ਪਟਿਆਲਾ, ਮਿੰਨੀ ਚਿੜੀਆਘਰ ਬੀੜ ਤਲਾਬ-ਬਠਿੰਡਾ, ਮਿੰਨੀ ਚਿੜੀਆਘਰ-ਲੁਧਿਆਣਾ ਅਤੇ ਡੀਅਰ ਪਾਰਕ-ਨੀਲੋਂ ਵੀ ਅਗਲੇ ਹਫਤੇ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ।

Comments are closed.

COMING SOON .....


Scroll To Top
11