Tuesday , 1 December 2020
Breaking News
You are here: Home » PUNJAB NEWS » ਗੰਨਾ ਖੋਜ ਤੇ ਵਿਕਾਸ ਕੇਂਦਰ ਕਲਾਨੌਰ ਗੰਨਾ ਕਾਸ਼ਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ: ਸੁਖਜਿੰਦਰ ਸਿੰਘ ਰੰਧਾਵਾ

ਗੰਨਾ ਖੋਜ ਤੇ ਵਿਕਾਸ ਕੇਂਦਰ ਕਲਾਨੌਰ ਗੰਨਾ ਕਾਸ਼ਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ: ਸੁਖਜਿੰਦਰ ਸਿੰਘ ਰੰਧਾਵਾ

ਖੋਜ ਕੇਂਦਰ ਪ੍ਰਤੀ ਏਕੜ ਗੰਨੇ ਦੇ ਝਾੜ ਅਤੇ ਰਿਕਵਰੀ ਨੂੰ ਵਧਾਉਣ ਲਈ ਸਹਾਈ ਸਿੱਧ ਹੋਵੇਗਾ: ਸਹਿਕਾਰਤਾ ਮੰਤਰੀ

ਚੰਡੀਗੜ੍ਹ, 17 ਨਵੰਬਰ – ਕਲਾਨੌਰ ਵਿਖੇ ਸਥਾਪਤ ਕੀਤਾ ਜਾ ਰਿਹਾ ਗੰਨਾ ਖੋਜ ਤੇ ਵਿਕਾਸ ਕੇਂਦਰ ਗੰਨਾ ਕਾਸ਼ਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ। ਆਧੁਨਿਕ ਵਿਧੀਆਂ ਨਾਲ ਲੈਸ ਇਹ ਕੇਂਦਰ ਨਾ ਕੇਵਲ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਉਣ ਲਈ ਸਿਖਲਾਈ ਦੇਵੇਗਾ ਬਲਕਿ ਗੰਨੇ ਦੀ ਉਤਮ ਕਿਸਮ ਦੀ ਵਧੀਆ ਬੀਜ ਵੀ ਤਿਆਰ ਕਰੇਗਾ ਜਿਸ ਦੇ ਸਿੱਟੇ ਵਜੋਂ ਪ੍ਰਤੀ ਏਕੜ ਝਾੜ ਅਤੇ ਗੰਨੇ ਦੀ ਰਿਕਵਰੀ ਵਿੱਚ ਵਾਧਾ ਹੋਵੇਗਾ। ਇਹ ਕੇਂਦਰ ਕਿਸਾਨਾਂ ਦੇ ਨਾਲ ਸਹਿਕਾਰੀ ਖੰਡ ਮਿੱਲਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਸਿੱਧ ਹੋਵੇਗਾ।ਇਹ ਗੱਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਗੰਨਾ ਖੋਜ ਤੇ ਵਿਕਾਸ ਕੇਂਦਰ ਕਲਾਨੌਰ (ਜ਼ਿਲਾ ਗੁਰਦਾਸਪੁਰ) ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਲਈ ਗੰਨੇ ਦੀ ਖੇਤੀ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ ਕਿਉਂਕਿ ਗੰਨੇ ਦੀ ਫਸਲ ਕਿਸਾਨਾਂ ਨੂੰ ਫਸਲੀ ਚੱਕਰ ਵਿੱਚ ਬਾਹਰ ਕੱਢ ਸਕਣ ਲਈ ਸਭ ਤੋਂ ਵੱਧਾ ਸੰਭਾਵਨਾਵਾਂ ਰੱਖਦੀ ਹੈ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਗੰਨੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਥਾਪਤ ਕੀਤਾ ਜਾ ਰਿਹਾ ਗੰਨਾ ਖੋਜ ਤੇ ਵਿਕਾਸ ਕੇਂਦਰ ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਇਸ ਕੇਂਦਰ ਨੂੰ ਮਨਜ਼ੂਰੀ ਦਿੱਤੀ ਗਈ, ਨਾਲ ਗੰਨੇ ਦੀ ਕਾਸ਼ਤ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਹ ਕਦਮ ਫਸਲੀ ਵਿਭਿੰਨਤਾ ਲਈ ਮੀਲ ਪੱਥਰ ਸਾਬਤ ਹੋਵੇਗਾ ਕਿਉਂ ਜੋ ਇਸ ਨਾਲ ਕਿਸਾਨ ਗੰਨੇ ਦੀ ਕਾਸ਼ਤ ਵੱਲ ਮੋੜਾ ਪਾਉਣਗੇ। ਇਸ ਨਾਲ ਸਹਿਕਾਰੀ ਖੰਡ ਮਿੱਲਾਂ ਨੂੰ ਵੀ ਵਧੀਆ ਕਿਸਮ ਦਾ ਗੰਨਾ ਮਿਲੇਗਾ।
ਸਹਿਕਾਰਤਾ ਮੰਤਰੀ ਨੇ ਅੱਗੇ ਕਿਹਾ ਕਿ ਬੀਜ ਦੀ ਸ਼ੁੱਧਤਾ ਦੀ ਜਾਂਚ ਵਾਸਤੇ ਸ਼ੂਗਰਫੈਡ ਨੇ ਗੰਨਾ ਬੀਜ ਕੇਂਦਰ ਕੋਇੰਬਟੂਰ ਕੋਲੋਂ ਪਿਛਲੇ ਸਾਲ ਗੁਰਦਾਸਪੁਰ, ਬਟਾਲਾ ਤੇ ਅਜਨਾਲਾ ਖੇਤਰ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੇ ਸੀਓ-0238 ਕਿਸਮ ਦੇ ਗੰਨੇ ਦਾ ਡੀ.ਐਨ.ਏ. ਟੈਸਟ ਕਰਵਾਇਆ ਸੀ। ਡੀ.ਐਨ.ਏ. ਰਿਪੋਰਟਾਂ ਤੋਂ ਪਤਾ ਚੱਲਿਆ ਕਿ ਕਿਸਾਨਾਂ ਵੱਲੋਂ ਵਰਤਿਆ ਗਿਆ ਬੀਜ ਸ਼ੁੱਧ ਨਹੀਂ ਸੀ ਬਲਕਿ ਮਿਸ਼ਰਤ ਕਿਸਮਾਂ ਸਨ ਜਿਸ ਕਾਰਨ ਇਸ ਕਿਸਮ ਦਾ ਸੂਬੇ ਵਿੱਚ ਵਧੀਆ ਨਤੀਜਾ ਸਾਹਮਣੇ ਨਹੀਂ ਆਇਆ।
ਇਸੇ ਦੌਰਾਨ ਮੀਟਿੰਗ ਵਿੱਚ ਗਵਰਨਿੰਗ ਕੌਂਸਲ ਨੇ ਇਸ ਕੇਂਦਰ ਦਾ ਡਾਇਰੈਕਟਰ ਨਿਯੁਕਤ ਕਰਨ ਲਈ ਸਹਿਕਾਰਤਾ ਮੰਤਰੀ ਜੋ ਕੌਂਸਲ ਦੇ ਚੇਅਰਮੈਨ ਵੀ ਹਨ, ਨੂੰ ਅਧਿਕਾਰਤ ਕੀਤਾ। ਕੌਂਸਲ ਨੇ ਇਹ ਵੀ ਫੈਸਲਾ ਕੀਤਾ ਕਿ ਖੇਤੀਬਾੜੀ ਮਾਹਿਰ ਤੋਂ ਇਲਾਵਾ ਸੂਬੇ ਦੇ ਦੋ ਪ੍ਰਸਿੱਧ ਅਗਾਂਹਵਧੂ ਗੰਨਾ ਕਿਸਾਨਾਂ ਨੂੰ ਗਵਰਨਿੰਗ ਕੌਂਸਲ ਲਈ ਨਾਮਜ਼ਦ ਕੀਤਾ ਜਾਵੇ।
ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ.ਬੀ.ਐਸ.ਢਿੱਲੋਂ, ਵਸੰਤਾਦਾਦਾ ਸ਼ੂਗਰ ਇੰਸਟੀਚਿਊਟ ਪੁਣੇ ਦੇ ਡਾਇਰੈਕਟਰ ਜਨਰਲ ਸ਼ਿਵਾਜੀ ਰਾਓ ਦੇਸ਼ਮੁੱਖ, ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀਜ਼ ਦੇ ਮੁੱਖ ਗੰਨਾ ਸਲਾਹਕਾਰ ਡਾ.ਰਾਓਸਾਹਿਬ ਡੋਲੇ, ਸ਼ੂਗਰਫੈਡ ਪੰਜਾਬ ਦੇ ਐਮ.ਡੀ. ਪੁਨੀਤ ਗੋਇਲ, ਪੰਜਾਬ ਦੇ ਗੰਨਾ ਕਮਿਸ਼ਨਰ ਗੁਰਵਿੰਦਰ ਸਿੰਘ, ਵਧੀਕ ਸਕੱਤਰ ਵਿੱਤ ਸੁਰਿੰਦਰ ਕੌਰ ਵੜੈਚ, ਸਹਿਕਾਰੀ ਖੰਡ ਮਿੱਲ ਅਜਨਾਲਾ ਦੇ ਜਨਰਲ ਮੈਨੇਜਰ ਕਮ ਕੇਂਦਰ ਦੇ ਕਾਰਜਕਾਰੀ ਡਾਇਰੈਕਟਰ ਸ਼ਿਵਰਾਜਪਾਲ ਸਿੰਘ ਤੇ ਸ਼ੂਗਰਫੈਡ ਦੇ ਜਨਰਲ ਮੈਨੇਜਰ (ਹੈਡ ਕੁਆਰਟਰ) ਕੰਵਲਜੀਤ ਸਿੰਘ ਹਾਜ਼ਰ ਸਨ।

Comments are closed.

COMING SOON .....


Scroll To Top
11