Saturday , 24 October 2020
Breaking News
You are here: Home » BUSINESS NEWS » ਖੇਤੀ ਬਿੱਲਾਂ ‘ਤੇ ਟਿੱਪਣੀ ਕਰਨ ਤੋਂ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦਿਓ- ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਪੁੱਛਿਆ

ਖੇਤੀ ਬਿੱਲਾਂ ‘ਤੇ ਟਿੱਪਣੀ ਕਰਨ ਤੋਂ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦਿਓ- ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਪੁੱਛਿਆ

ਸ਼ਰਮਨਾਕ ਸਿਆਸੀ ਨੌਟੰਕੀਆਂ ਰਾਹੀਂ ਕਿਸਾਨਾਂ ਦੇ ਸੰਘਰਸ਼ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਲਈ ਅਕਾਲੀ ਦਲ ਦੇ ਪ੍ਰਧਾਨ ਦੀ ਸਖ਼ਤ ਆਲੋਚਨਾ

ਚੰਡੀਗੜ੍ਹ, 9 ਅਕਤੂਬਰ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ‘ਤੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਉੱਪਰ ਸਵਾਲ ਕਰਨ ਦੇ ਨੈਤਿਕ ਹੱਕ ਨੂੰ ਚੁਣੌਤੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਇਸ ਮੁੱਦੇ ‘ਤੇ ਪਹਿਲਾਂ ਉਨ੍ਹਾਂ ਦੇ ਤਿੰਨ ਮੁੱਖ ਸਵਾਲਾਂ ਦੇ ਜਵਾਬ ਦੇਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਵੱਲੋਂ ਆਪਣੀ ਪਾਰਟੀ ਦੇ ਏਜੰਡੇ ਨੂੰ ਥੋਪਣ ਲਈ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਕਾਲੇ ਖੇਤੀ ਕਾਨੂੰਨਾਂ ‘ਤੇ ਉਦੋਂ ਤੱਕ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ, ਜਦੋਂ ਤੱਕ ਉਹ ਤਿੰਨ ਅਹਿਮ ਸਵਾਲਾਂ ਦੇ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਦਿੰਦੇ ਜਦਕਿ ਪੰਜਾਬ ਦਾ ਹਰ ਕਿਸਾਨ ਇਨ੍ਹਾਂ ਸਵਾਲਾਂ ਦੇ ਜਵਾਬ ਚੰਗੀ ਤਰ੍ਹਾਂ ਜਾਣਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ ਕੇਂਦਰੀ ਕੈਬਨਿਟ ਵੱਲੋਂ ਖੇਤੀ ਆਰਡੀਨੈਂਸਾਂ ਨੂੰ ਪਹਿਲੀ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਉਸ ਵੇਲੇ ਹਰਸਿਮਰਤ ਕੌਰ ਬਾਦਲ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ? ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਸਹਿਮਤੀ ਬਣਾਉਣ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਦੌਰਾਨ ਸੁਖਬੀਰ ਨੇ ਸੂਬਾ ਸਰਕਾਰ ਦਾ ਸਮਰਥਨ ਕਿਉਂ ਨਹੀਂ ਕੀਤਾ? ਇਨ੍ਹਾਂ ਖੇਤੀ ਕਾਨੂੰਨਾਂ ਉਪਰ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਗਿਆ ਸੀ ਤਾਂ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀਆਂ ਮਤੇ ਦੇ ਹੱਕ ਵਿੱਚ ਭੁਗਤੀਆਂ ਪਰ ਅਕਾਲੀਆਂ ਨੇ ਸਦਨ ਦਾ ਬਾਈਕਾਟ ਕਿਉਂ ਕੀਤਾ?ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਹਫਤਿਆਂ ਤੋਂ ਸੁਖਬੀਰ ਅਤੇ ਹਰਸਿਮਰਤ ਪਾਸੋਂ ਕਈ ਵਾਰ ਇਹ ਸਵਾਲ ਪੁੱਛ ਚੁੱਕੇ ਹਨ ਪਰ ਅਕਾਲੀ ਲੀਡਰ ਇਨ੍ਹਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਦੋਵਾਂ ਕੋਲ ਆਪਣੇ ਕੀਤੇ ਦਾ ਜਵਾਬ ਦੇਣ ਲਈ ਕੋਈ ਅਧਾਰ ਨਹੀਂ ਬਚਿਆ ਅਤੇ ਇਨ੍ਹਾਂ ਦੀਆਂ ਇਹ ਕਾਰਵਾਈਆਂ ਹੀ ਸਥਿਤੀ ਨੂੰ ਅੱਜ ਇਸ ਹੱਦ ਤੱਕ ਲੈ ਆਈਆਂ ਹਨ ਕਿ ਕਿਸਾਨਾਂ ਦਾ ਸਾਰਾ ਦਾਰੋਮਦਾਰ ਹੀ ਦਾਅ ‘ਤੇ ਲੱਗਾ ਹੋਇਆ ਹੈ।
ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਲੋਕਾਂ ਦੀ ਆਵਾਜ਼ ਸੁਣਨ ਬਾਰੇ ਕੀਤੀ ਗਈ ਅਖੌਤੀ ਅਪੀਲ ‘ਤੇ ਪ੍ਰਤੀਕ੍ਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਨੂੰ ਉਸ ਵੇਲੇ ਕਿਸਾਨਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਯਾਦ ਕਿਉਂ ਨਹੀਂ ਦਿਵਾਈ ਜਦੋਂ ਕਿਸਾਨ ਭਾਈਚਾਰੇ ਨੂੰ ਤਬਾਹ ਕਰਨ ਲਈ ਉਹ ਭਾਜਪਾ ਨਾਲ ਘਿਉ-ਖਿਚੜੀ ਸਨ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਪੁੱਛਿਆ, ”ਤੁਹਾਡੀ ਆਪਣੀ ਜ਼ਿੰਮੇਵਾਰੀ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਤੁਸੀਂ ਇਹ ਮੰਨ ਰਹੇ ਹੋ ਕਿ ਤੁਸੀਂ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਪ੍ਰਤੀ ਆਪਣਾ ਫਰਜ਼ ਨਿਭਾਉਣ ਵਿਚ ਕਦੇ ਵੀ ਸੰਵੇਦਨਾ ਜ਼ਾਹਰ ਨਹੀਂ ਕੀਤੀ ਸੀ?”
ਸੁਖਬੀਰ ਬਾਦਲ ਵੱਲੋਂ ਕੌਮੀ ਪੱਧਰ ‘ਤੇ ਹਮਖਿਆਲ ਪਾਰਟੀਆਂ ਦਾ ਮੰਚ ਬਣਾਉਣ ਬਾਰੇ ਕੀਤੀ ਗੱਲ ‘ਤੇ ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ‘ਹਮਖਿਆਲ ਪਾਰਟੀਆਂ’ ਦੇ ਗਠਜੋੜ ਨੂੰ ਛੱਡ ਦਿੱਤਾ ਹੈ ਜਿਨ੍ਹਾਂ ਦੀ ਸਾਂਝੀ ਦਿਲਚਸਪੀ ਖੇਤੀਬਾੜੀ ਨੂੰ ਤਬਾਹ ਕਰਨ ਅਤੇ ਕਾਰਪੋਰੇਟ ਦਿੱਗਜਾਂ ਨੂੰ ਖੁਸ਼ ਕਰਨਾ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਕੰਟਰੋਲ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਨੂੰ ਕਿਸਾਨਾਂ ਦੀ ਭਲਾਈ ਵਿਚ ਕੋਈ ਦਿਲਚਸਪੀ ਹੁੰਦੀ ਤਾਂ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਦੀ ਲੜਾਈ ਦਾ ਸਮਰਥਨ ਕਰਨ ਲਈ ਮੈਦਾਨ ਵਿਚ ਨਿੱਤਰਦਾ।
ਅਕਾਲੀ ਲੀਡਰਸ਼ਿਪ ‘ਤੇ ਦੋਹਰੀ ਬੋਲੀ ਬੋਲਣ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਉਮੀਦਾਂ ਦਿਖਾਉਣ ‘ਤੇ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅਤੇ ਪੰਜਾਬ ਦੇ ਹੋਰ ਵਰਗ ਬਾਦਲਾਂ ਦੀਆਂ ਅਜਿਹੀਆਂ ਨੌਟੰਕੀਆਂ ਦੇ ਝਾਂਸੇ ਵਿਚ ਨਹੀਂ ਆਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਅਡਾਨੀ ਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨਾਲ ਸਾਂਝ ਭਿਆਲੀ ਪੁਗਾ ਚੁੱਕਣ ਤੋਂ ਬਾਅਦ ਬਾਦਲ ਹੁਣ ਆਪਣੇ ਕੀਤੇ ਹੋਏ ਪਾਪ ਧੋਣ ਲਈ ਅੱਕੀ ਪਲਾਹੀ ਹੱਥ ਮਾਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਵੱਲੋਂ ਹੁਣ ਪ੍ਰਧਾਨ ਮੰਤਰੀ ਨੂੰ ਕੀਤੀਆਂ ਜਾ ਰਹੀਆਂ ਬੇਨਤੀਆਂ ਵੀ ਇਸੇ ਰਣਨੀਤੀ ਦਾ ਹਿੱਸਾ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਕਿਸਾਨਾਂ ‘ਚੋਂ ਆਪਣਾ ਵੱਕਾਰ ਪੂਰੀ ਤਰ੍ਹਾਂ ਗੁਆ ਲੈਣ ਤੋਂ ਬਾਅਦ ਅਕਾਲੀ ਹੁਣ ਆਪਣੇ ਗੁਨਾਹ ਲੁਕੋਣ ਲਈ ਹੱਥ ਪੈਰ ਮਾਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਾਵਧਾਨ ਕਰਦਿਆਂ ਕਿਹਾ ਕਿ ਇਹ ਢਕਵੰਜ ਹੁਣ ਕੰਮ ਨਹੀਂ ਆਉਣਗੇ ਅਤੇ ਜੇਕਰ ਸੁਖਬੀਰ ਦੇ ਪੱਲੇ ਅਜੇ ਵੀ ਕੋਈ ਸ਼ਰਮ ਹਯਾ ਹੈ ਤਾਂ ਉਸ ਨੂੰ ਆਪਣੇ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਕੰਮਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸੂਬਾ ਸਰਕਾਰ ‘ਤੇ ਹਮਲੇ ਕਰਨ ਵਿਚ ਵਕਤ ਗੁਆਉਣ ਦੀ ਬਜਾਏ ਸੁਧਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ, ”ਜਦੋਂ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਸੀ ਤਾਂ ਤੁਸੀਂ ਉਸ ਵੇਲੇ ਸਾਡੇ ਨਾਲ ਨਹੀਂ ਖੜ੍ਹੇ ਜਿਸ ਕਰਕੇ ਸਥਿਤੀ ਇਸ ਹੱਦ ਤੱਕ ਪਹੁੰਚ ਗਈ ਹੈ। ਹੁਣ ਵੀ ਜੇਕਰ ਤੁਸੀਂ ਥੋੜ੍ਹਾ ਬਹੁਤ ਕੁਝ ਕਰ ਸਕਦੇ ਹੋ ਤਾਂ ਸਾਡੇ ਯਤਨਾਂ ਵਿੱਚ ਅੜਿੱਕੇ ਡਾਹੁਣ ਅਤੇ ਆਪਣੇ ਸਿਆਸੀ ਹਿੱਤਾਂ ਲਈ ਕਿਸਾਨਾਂ ਦੇ ਸੰਘਰਸ਼ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਬੰਦ ਕਰੋ।”

Comments are closed.

COMING SOON .....


Scroll To Top
11