Friday , 24 May 2019
Breaking News
You are here: Home » Religion » 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਾਹਰਲੇ ਸੂਬਿਆਂ ’ਚ ਸੰਗਤਾਂ ਨਾਲ ਰਾਬਤਾ

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਾਹਰਲੇ ਸੂਬਿਆਂ ’ਚ ਸੰਗਤਾਂ ਨਾਲ ਰਾਬਤਾ

ਧਰਮ ਪ੍ਰਚਾਰ ਕਮੇਟੀ ਵੱਲੋਂ ਛੱਤੀਸਗੜ੍ਹ ਦੇ ਵੱਖ-ਵੱਖ ਗੁਰੂ ਘਰਾਂ ਲਈ ਦਿੱਤੀ ਗਈ ਸਹਾਇਤਾ

ਅੰਮ੍ਰਿਤਸਰ, 5 ਅਗਸਤ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੰਗਤ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਇਹਨੀ ਦਿਨੀਂ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖੁਦ ਮੁੰਬਈ ਦੀ ਸੰਗਤ ਅਤੇ ਉਥੋਂ ਦੇ ਮੋਹਤਬਰ ਸਿੱਖਾਂ ਨਾਲ ਇਸ ਸਬੰਧ ਵਿਚ ਵਿਚਾਰ ਵਿਟਾਂਦਰਾ ਕਰ ਕੇ ਆਏ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਤਿੰਨ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਸ. ਰਾਮਪਾਲ ਸਿੰਘ ਬਹਿਣੀਵਾਲ ਤੇ ਸ. ਮਨਜੀਤ ਸਿੰਘ ਬੱਪੀਆਣਾ ਵੀ ਪੰਜਾਬ ਤੋਂ ਬਾਹਰਲੇ ਕੁਝ ਸੂਬਿਆਂ ਵਿਚ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਹਨ। ਅੱਜ ਇਸ ਸਬੰਧ ਵਿਚ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਖੇ ਸਥਿਤ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਦੇ ਇੰਚਾਰਜ ਗਿਆਨੀ ਗੁਰਮੀਤ ਸਿੰਘ ਸੈਣੀ ਦੇ ਉਪਰਾਲੇ ਨਾਲ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਵਿਚ ਧਰਮ ਪ੍ਰਚਾਰ ਕਮੇਟੀ ਦੇ ਇਨ੍ਹਾਂ ਤਿੰਨੇ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਚੱਲ ਰਹੇ ਗੁਰੂ ਤੇਗ ਬਹਾਦਰ ਅਜਾਇਬਘਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਉਧਮ ਸਿੰਘ ਦੇ ਵੱਡ ਆਕਾਰੀ ਚਿੱਤਰਾਂ ਤੋਂ ਵੀ ਪਰਦਾ ਹਟਾਇਆ ਗਿਆ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਰਾਸ਼ੀ ਦੇ ਚੈਕ ਵੀ ਦਿੱਤੇ ਗਏ। ਰਾਏਪੁਰ ਤੋਂ ਡਾ. ਰੂਪ ਸਿੰਘ ਨੇ ਜਾਣਕਾਰੀ ਦਿਤੀ ਕਿ ਧਰਮ ਪ੍ਰਚਾਰ ਦੇ ਮੰਤਵ ਨਾਲ ਰਾਏਪੁਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ, ਅਜਾਇਬਘਰ ਅਤੇ ਗੁਰਮਤਿ ਵਿਦਿਆਲਾ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਅਜਾਇਬਘਰ ਗਵਰਨਰ ਹਾਊਸ ਦੇ ਬਿਲਕੁਲ ਸਾਹਮਣੇ ਹੈ, ਜਿਸ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਯੋਧਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ। ਇਸ ਅਜਾਇਬਘਰ ਵਿਚ ਅੱਜ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਉਧਮ ਸਿੰਘ ਦੇ ਚਿੱਤਰ ਸਥਾਪਿਤ ਕੀਤੇ ਗਏ ਹਨ। ਮੁੱਖ ਸਕੱਤਰ ਨੇ ਦੱਸਿਆ ਕਿ ਦੋਹਾਂ ਹੀ ਸ਼ਹੀਦਾਂ ਨੂੰ ਦਸਤਾਰ ਵਾਲੇ ਸਰੂਪ ਨਾਲ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਖੋਲ੍ਹੇ ਗਏ ਗੁਰਮਤਿ ਵਿਦਿਆਲੇ ਦਾ ਮਕਸਦ ਇਸ ਖੇਤਰ ਵਿਚ ਸਿੱਖੀ ਪ੍ਰਚਾਰ ਲਈ ਸਥਾਨਕ ਲੋਕਾਂ ਵਿੱਚੋਂ ਪ੍ਰਚਾਰਕ ਤੇ ਰਾਗੀ ਤਿਆਰ ਕਰਨਾ ਹੈ ਤਾਂ ਜੋ ਇਥੋਂ ਦੀਆਂ ਸੰਗਤਾਂ ਨੂੰ ਗੁਰਮਤਿ ਫਲਸਫੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਛੱਤੀਸਗੜ੍ਹ ਦੇ ਗੁਰਦੁਆਰਾ ਸਾਹਿਬਾਨ ਨੂੰ ਦਿੱਤੀ ਸਹਾਇਤਾ ਰਾਸ਼ੀ ਬਾਰੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਭਲਈ ਜਿਲ੍ਹਾ ਦੁਰਗ ਵੱਲੋਂ ਮੁਫਤ ਹਸਪਤਾਲ ਚਲਾੲਆਿ ਜਾ ਰਿਹਾ ਹੈ, ਜਿਸ ਲਈ 2 ਲੱਖ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਬਾਗ ਬਹਾਰਾ (ਮਹਾਂਸਮੁੰਦ) ਲਈ 1 ਲੱਖ ਰੁਪਏ, ਗੁਰਦੁਆਰਾ ਸਿੰਘ ਸਭਾ ਬਿਲਹਾ (ਬਿਲਾਸਪੁਰ) ਲਈ 1 ਲੱਖ ਰੁਪਏ, ਗੁਰਦੁਆਰਾ ਸਿੰਘ ਸਭਾ ਮੇਘਾ (ਧਮਤਰੀ) ਲਈ 1 ਲੱਖ ਰੁਪਏ ਅਤੇ ਗੁਰਦੁਆਰਾ ਭਗਤ ਕਬੀਰ ਸਾਹਿਬ ਲਈ 1 ਲੱਖ ਰੁਪਏ ਦੀ ਸਾਹਇਤਾ ਰਾਸ਼ੀ ਦੇ ਚੈਕ ਦਿੱਤੇ ਗਏ।
ਉਨ੍ਹਾਂ ਇਹ ਵੀ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਵੱਲੋਂ ਬੀਤੇ ਜੁਝ ਦਿਨਾਂ ਤੋਂ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਜਾ ਕੇ ਸੰਗਤਾਂ ਨੂੰ ਜਿਥੇ ਪਹਿਲੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਉਤਸ਼ਾਹਿਤ ਕੀਤਾ ਗਿਆ ਉਥੇ ਹੀ ਸੰਗਤਾਂ ਦੀ ਮੁਸ਼ਕਿਲਾਂ ਵੀ ਸੁਣੀਆਂ ਗਈਆਂ ਹਨ। ਇਸ ਮੌਕੇ ਸ. ਵਰਿੰਦਰ ਸਿੰਘ ਠਰੂ, ਗਿਆਨੀ ਗੁਰਮੀਤ ਸਿੰਘ ਸੈਣੀ, ਐਡਵੋਕੇਟ ਤੇਜਪਾਲ ਸਿੰਘ, ਸ. ਸਰਵਣ ਸਿੰਘ, ਸ. ਇੰਦਰਜੀਤ ਸਿੰਘ, ਸ. ਅਮਰਜੀਤ ਸਿੰਘ, ਸ. ਬਹਾਦਰ ਸਿੰਘ, ਬੀਬੀ ਜਗਜੀਤ ਕੌਰ ਸਮੇਤ ਹੋਰ ਮੌਜੂਦ ਸਨ।

Comments are closed.

COMING SOON .....


Scroll To Top
11