Tuesday , 20 August 2019
Breaking News
You are here: Home » Editororial Page » 22ਵੇਂ ਕਲਾ ਮੇਲੇ ਨੇ ਮਾਨਸਾ ਦੀ ਧਰਤੀ ਤੇ ਪਾਈਆਂ ਨਵੀਆਂ ਪੈੜ੍ਹਾ

22ਵੇਂ ਕਲਾ ਮੇਲੇ ਨੇ ਮਾਨਸਾ ਦੀ ਧਰਤੀ ਤੇ ਪਾਈਆਂ ਨਵੀਆਂ ਪੈੜ੍ਹਾ

ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵਲੋਂ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਅਜਮੇਰ ਸਿੰਘ ਔਲ਼ਖ ਯਾਦਗਾਰੀ, ਥਿਏਟਰ ਦਿਵਸ 2019 ਨੂੰ ਸਮਰਪਿਤ 22ਵਾਂ ਨਾਟਕ ਮੇਲਾ ਖਾਲਸਾ ਹਾਈ ਸਕੂਲ ਮਾਨਸਾ ਦੇ ਵਿਹੜੇ ਵਿੱਚ ਕਰਵਾਇਆ ਗਿਆ ਜਿਸ ਨੇ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਕਲਾ ਦੀਆਂ ਵੰਨਗੀਆਂ ਦੇ ਪੱਖ ਤੋਂ ਨਵੀਆਂ ਪੈੜ੍ਹਾਂ ਪਾਈਆਂ । ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਇਆ ਇਹ ਮੰਚ ਪਿਛਲੇ 22 ਸਾਲਾਂ ਤੋਂ ਇਸੇ ਤਰਾਂ ਲੋਕ ਚੇਤਨਤਾ ਪੈਦਾ ਕਰਨ ਵਿੱਚ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ।ਵਿਸ਼ਵ ਰੰਗਮੰਚ ਦੇ ਮੌਕੇ ਤੇ ਮੇਲੇ ਦਾ ਪਹਿਲਾ ਦਿਨ ਰੰਗਮੰਚ ਦੀ ਧੀ ਮਰਹੂਮ ਸੁਹਜਦੀਪ ਨੂੰ ਸਮਰਪਿਤ ਕੀਤਾ ਗਿਆ। ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਬੋਹਾ ਵਲੋਂ ਨਿਰਦੇਸ਼ਕ ਗੁਰਨੈਬ ਸਿੰਘ ਮਘਾਣੀਆਂ ਦੀ ਨਿਰਦੇਸ਼ਨਾ ਵਿਚ ਡਾ. ਕੁਲਦੀਪ ਸਿੰਘ ਦੀਪ ਦੁਆਰਾ ਕਲਾ ਦੀ ਨਿਵੇਕਲੀ ਵੰਨਗੀ ਕਵਿਤਾ ਦਾ ਰੰਗਮੰਚ ‘ਸਰਹੱਦ ਤੋਂ ..’ ਦਰਸ਼ਕਾ ਦੇ ਰੂਬਰੂ ਕੀਤੀ ਗਈ। ਅਜਮੇਰ ਸਿੰਘ ਔਲ਼ਖ ਦੇ ਲਿਖੇ ਨਾਟਕ ‘ਐਸੇ ਜਨ ਵਿਰਲੇ ਸੰਸਾਰਿ’ ਨੇ ਸਮਾਜ ਵਿਚੋਂ ਜਾਤ ਪਾਤ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਦਾ ਹੋਕਾ ਦਿੱਤਾ। ਜਿਸਦੀ ਪੇਸ਼ਕਾਰੀ ਲੋਕ ਕਲਾ ਮੰਚ ਮਾਨਸਾ ਦੀ ਟੀਮ ਵਲੋਂ ਨਿਰਦੇਸ਼ਕ ਅਜਮੀਤ ਲੀਜ਼ਾ ਦੀ ਅਗਵਾਈ ਵਿਚ ਯਾਦਗਾਰੀ ਹੋ ਨਿੱਬੜੀ। ਮੇਲੇ ਦੇ ਪਹਿਲੇ ਦਿਨ ਦੀ ਸਮਾਂ ਰੋਸ਼ਨ ਕਰਨ ਦੀ ਰਸਮ ਮਾਨਸਾ ਦੀ ਜ਼ਿਲ੍ਹਾ ਲਾਇਬਰੇਰੀ ਨੂੰ ਸੁਚੱਜੇ ਰੂਪ ਵਿੱਚ ਸਾਂਭਣ ਅਤੇ ਕਿਤਾਬਾਂ ਨੂੰ ਪਾਠਕਾ ਤੱਕ ਪੁੱਜਦਾ ਕਰਨ ਵਾਲੇ ਕਿਰਤੀ ਸੁਲਤਾਨ ਸਿੰਘ ਅਤੇ ਨਛੱਤਰ ਸਿੰਘ ਵਲੋਂ ਕੀਤੀ ਗਈ। ਗੁਰਮੀਤ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਮਾਨਸਾ ਮੁੱਖ ਮਹਿਮਾਨ ਵਜੋਂ ਮੇਲੇ ਵਿੱਚ ਸ਼ਾਮਿਲ ਹੋਏ। ਪਹਿਲੇ ਦਿਨ ਦੇ ਪ੍ਰਧਾਨਗੀ ਮੰਡਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਗਜੀਤ ਸਿੰਘ ਚਾਹਲ , ਜਸਵਿੰਦਰ ਸਿੰਘ ਮਾਨ, ਪ੍ਰੋ ਸੁਖਦੇਵ ਸਿੰਘ, ਪ੍ਰਿੰਸੀਪਲ ਮੱਘਰ ਸਿੰਘ ਜੀ ਨੇ ਸ਼ਿਰਕਤ ਕੀਤੀ। ਮੇਲੇ ਦੇ ਪਹਿਲੇ ਦਿਨ ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ ਨਾਲ ਚੌਥੀ ਪੀੜ੍ਹੀ ਦੇ ਪ੍ਰਸਿੱਧ ਨਾਟਕਾਰ ਦਵਿੰਦਰ ਦਮਨ ਨੂੰ, ਸੁਹਜ਼ਦੀਪ ਯਾਦਗਾਰੀ ਨਾਰੀ ਪ੍ਰਤਿਭਾ ਐਵਾਰਡ ਨਾਲ ਪੰਜਾਬੀ ਰੰਗਮੰਚ ਵਿੱਚ ਸਭ ਤੋਂ ਵੱਧ ਸਮਾਂ ਕੰਮ ਕਰਨ ਵਾਲੀ ਔਰਤ ਅਦਾਕਾਰਾ ਜਤਿੰਦਰ ਕੌਰ ਅਮ੍ਰਿਤਸਰ ਨੂੰ ਅਤੇ ਬਲਜੀਤ ਚਕੇਰਵੀ ਯਾਦਗਾਰੀ ਐਵਾਰਡ ਨਾਲ ਯੂਥ ਫੈਸਟੀਵਲ ਥੀਏਟਰ ਦੇ ਪ੍ਰਤਿਭਸ਼ਾਲੀ ਉਭਰਦੇ ਨਿਰਦੇਸ਼ਕ ਸਾਗਰ ਸੁਰਿੰਦਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੇਲੇ ਦਾ ਦੂਸਰਾ ਦਿਨ ਗਲੀਆਂ ਸੱਥਾਂ ਅਤੇ ਚੌਕਾਂ ਤਕ ਰੰਗਮੰਚ ਨੂੰ ਲੈ ਕੇ ਜਾਣ ਵਾਲੇ ਸਿਰੜੀ ਰੰਗਕਰਮੀ ਸੁਰਜੀਤ ਗਾਮੀ ਨੂੰ ਸਮਰਪਿਤ ਰਿਹਾ। ਦੂਸਰੇ ਦਿਨ ਦੀ ਸ਼ੂਰੂਆਤ ਕੰਮੀਆਂ ਦੇ ਵਿਹੜਿਆਂ ਦੀ ਪੀੜ ਨੂੰ ਸਮਝਣ ਵਾਲੇ ਅਤੇ ਪਹਿਲੀ ਹਾਕ ਭੱਜੇ ਆਉਣ ਵਾਲੇ ਰੰਗਮੰਚ ਦੇ ਪ੍ਰਸਿੱਧ ਅਦਾਕਾਰ ਸੰਤੋਖ ਸਿੰਘ ਸਾਗਰ ਨੇ ਕੀਤੀ। ਜਸਪ੍ਰੀਤ ਖਾਨ ਅਤੇ ਨਿੰਦਰ ਨੇ ਮਾਲਵੇ ਦੀ ਕਵੀਸ਼ਰੀ ਰਾਹੀਂ ਖੂਬ ਰੰਗ ਬੰਨਿਆ। ਸਾਗਰ ਸੁਰਿੰਦਰ ਅਤੇ ਜਸਪ੍ਰੀਤ ਘਾਰੂ ਨੇ ਭੰਡਾਂ ਦੇ ਚਿਟਕਾਰਿਆਂ ਰਾਹੀਂ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ। ਐਸ.ਡੀ. ਕਾਲਜ ਮਾਨਸਾ ਦੀਆਂ ਲੜਕੀਆਂ ਵਲੋਂ ਤੇਜਿੰਦਰ ਤੇਜੀ ਦੀ ਨਿਰਦੇਸ਼ਨਾ ਵਿਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਖੂਬ ਰੰਗ ਬੰਨਿਆ। ਮੇਲੇ ਦੇ ਦੂਜੇ ਦਿਨ ਦਾ ਸਿਖਰ ਚੰਗੇਜ਼ ਆਇਤਮਾਤੋਵ ਦੇ ਪ੍ਰਸਿੱਧ ਨਾਵਲ ‘ਪਹਿਲਾ ਅਧਿਆਪਕ’ ਤੇ ਅਦਾਰਿਤ ਨਾਟਕ ‘ਪਹਿਲਾ ਅਧਿਆਪਕ’ ਰਿਹਾ ਜੋ ਅਲੰਕਾਰ ਥੀਏਟਰ ਚੰਡੀਗੜ੍ਹ ਦੀ ਟੀਮ ਵਲੋਂ ਚਕਰੇਸ਼ ਦੀ ਨਿਰਦੇਸ਼ਨਾਂ ਵਿਚ ਪੇਸ਼ ਕੀਤਾ ਗਿਆ। ਇਸ ਦਿਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਰਿੰਦਰ ਸਿੰਘ ਭੁੱਲਰ, ਸੁਖਦੇਵ ਸਿੰਘ ਧਾਲੀਵਾਲ ਸ਼ਾਮਿਲ ਹੋਏ। ਸਨਮਾਨਿਤ ਸ਼ਖਸ਼ੀਅਤਾਂ ਵਿਚ ਜਗਦੇ ਚਿਰਾਗ ਐਵਾਰਡ ਨਾਲ ਦਬੰਗ ਚੇਤਨ ਅਤੇ ਜ਼ਿੰਮਮੇਵਾਰ ਪੱਤਰਕਾਰ ਦੇ ਰੂਪ ਵਿਚ ਚਰਨਜੀਤ ਭੁੱਲਰ ਨੂੰ, ਪੰਡਤ ਪੂਰਨ ਚੰਦ ਯਾਦਗਾਰੀ ਐਵਾਰਡ ਨਾਲ ਬਜ਼ੁਰਗ ਕਵੀਸ਼ਰ ਸਾਧੂ ਸਿੰਘ ਕੋਟੜਾ ਨੂੰ, ਅਤੇ ਕਲਾ ਸਾਰਥੀ ਐਵਾਰਡ ਨਾਲ ਲੋਕ ਨਾਚਾਂ ਦੇ ਮਾਹਿਰ ਤੇਜਿੰਦਰ ਤੇਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਮੇਲੇ ਦਾ ਤੀਜਾ ਅਤੇ ਆਖਰੀ ਦਿਨ ਮਾਨਸਾ ਦੀ ਧਰਤੀ ਦੇ ਬਹੁਵਿਧਾਈ ਸਾਹਿਤਕਾਰ ਅਤੇ ਅਣਗੌਲੇ ਨਾਟਕਕਾਰ ਮਰਹੂਮ ਦਰਸ਼ਨ ਮਿਤਵਾ ਨੂੰ ਸਮਰਪਿਤ ਰਿਹਾ। ਇਸ ਦਿਨ ਸੁਖਦੀਪ ਕੌਰ ਦੀ ਕਵਿਤਾ ਵਿਸਾਖੀ ਫੇਰ ਪਰਤੇਗੀ ਦੀ ਪੇਸ਼ਕਾਰੀ ਨੇ ਹਰ ਦਰਸ਼ਕ ਦੇ ਮਨ ਨੂੰ ਝੰਜੋੜਿਆ। ਸਾਗਰ ਸੁਰਿੰਦਰ ਦੀ ਨਿਰਦੇਸ਼ਨਾ ਹੇਠ ਦਿਖਾਈ ਗਈ ਸ਼ਾਰਟ ਫਿਲਮ ਪਿੰਜਰਾ ਨੇ ਦਰਸ਼ਕਾਂ ਸਾਹਮਣੇ ਅਸਲ ਆਜ਼ਾਦੀ ਦੇ ਅਰਥ ਸਪੱਸ਼ਟ ਕੀਤੇ। ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੀਆਂ ਵਿਦਿਆਰਥਣਾਂ ਚਰਨਜੀਤ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ ਅਤੇ ਅਮਨਦੀਪ ਕੌਰ ਨੇ ਲੰਮੀ ਹੇਕ ਦੇ ਗੀਤਾ ਨਾਲ ਵਿਰਾਸਤ ਦੇ ਰੰਗ ਪੇਸ਼ ਕੀਤੇ ।ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੀਆਂ ਲੜਕੀਆਂ ਵਲੋਂ ਸਾਗਰ ਸੁਰਿੰਦਰ ਦੀ ਨਿਰਦੇਸ਼ਨਾ ਹੇਠ ਡਾ. ਕੁਲਦੀਪ ਦੀਪ ਦਾ ਲਿਖਿਆ ਨਾਟਕ ‘ਗੁਸ਼ਤਾਖ ਔਰਤਾਂ’ ਪੇਸ਼ ਕੀਤਾ ਗਿਆ ਜਿਸ ਨੇ ਅੱਜ ਦੇ ਦੌਰ ਦੀ ਮਰਦ ਮਾਨਸਿਕਤਾ ਉਪਰ ਅਨੇਕਾ ਸੁਆਲੀਆ ਨਿਸ਼ਾਨ ਲਾਏ ।ਸਨਮਾਨਿਤ ਸ਼ਖਸ਼ੀਅਤਾਂ ਵਿਚ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਣ ਵਾਲੇ ਸਵਰਨ ਸਿੰਘ ਵਿਰਕ ਅਤੇ ਸੁਖਜੀਤ ਸਮਾਘ ਨੂੰ ਮਾਨਸਾ ਦਾ ਮਾਣ ਐਵਾਰਡ ਅਤੇ ਦਮਨਪ੍ਰੀਤ ਕੌਰ , ਰਮਨਦੀਪ ਸਿੰਘ ਉਲਕ , ਚਰਨਜੀਤ ਕੌਰ , ਅਮਨਦੀਪ ਕੌਰ , ਅਮਨਦੀਪ ਕੌਰ , ਸਿਮਰਨਜੀਤ ਕੌਰ ਅਤੇ ਪ੍ਰਭਕਿਰਪਾਲ ਸਿੰਘ ਨੂੰ ਆਪਣੇ ਆਪਣੇ ਖੇਤਰਾਂ ਵਿ ਨਿਵੇਲਕੀਆਂ ਪ੍ਰਾਪਤੀਆਂ ਬਦਲੇ ਮਾਨਸਾ ਦੇ ਚਮਕਦੇ ਸਿਤਾਰੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੇਲੇ ਦੇਆਖਰੀ ਦਿਨ ਮਾਨਸਾ ਜ਼ਿਲ਼੍ਹੇ ਦੇ ਲੇਖਕਾਂ ਦੀਆਂ ਵੱਖਰੀਆਂ ਵੱਖਰੀਆਂ ਵਿਧਾਵਾਂ ਦੀਆਂ ਪੁਸਤਕਾਂ ਪਾਠਕਾਂ ਦੇ ਰੂਬਰੂ ਕੀਤੀਆਂ ਗੀਆਂ ਫੋਟੋਗ੍ਰਾਫੀ ਪ੍ਰਰਦਸ਼ਨੀ, ਸੱਭਿਆਚਾਰਕ ਪ੍ਰਰਦਸ਼ਨੀ, ਅਤੇ ਪੁਸਤਕ ਪ੍ਰਰਦਸ਼ਨੀਆਂ ਦਰਸ਼ਕਾ ਦੀ ਖਿੱਚ ਦਾ ਕੇਂਦਰ ਰਹੀਆਂ। ਮੇਲੇ ਦੇ ਕੋਆਰਡੀਨੇਟਰ ਗਗਨਦੀਪ ਸ਼ਰਮਾਂ, ਜਗਜੀਤ ਵਾਲੀਆ, ਗੁਲਾਬ ਸਿੰਘ, ਗੁਰਨੈਬ ਸਿੰਘ ਮਘਾਣੀਆਂ, ਜਗਜੀਵਨ ਆਲੀਕੇ , ਗੁਰਜੰਟ ਸਿੰਘ ਚਾਹਲ, ਉਘੇ ਰੰਗਕਰਮੀ ਮਾਤਾ ਮਨਜੀਤ ਕੌਰ ਅਤੇ ਸੂਤਰਧਾਰ ਕੁਲਦੀਪ ਸਿੰਘ ਦੀਪ ਨੇ ਮੇਲੇ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ। ਮੰਚ ਸੰਚਲਾਨ ਦੇ ਤੌਰ ਤੇ ਸੁਖਜੀਵਨ ,ਵਿਸ਼ਵਦੀਪ ਬਰਾੜ, ਪਰਮਜੀਤ ਕੌਰ, ਗੁਰਦੀਪ ਗਾਮੀਵਾਲਾ, ਦਿਨੇਸ਼ ਰਿਸ਼ੀ , ਰਮਨਦੀਪ ਕੌਰ, ਬਹਾਦਰ ਸਿੰਘ ਅਤੇ ਇੰਦਰਜੀਤ ਸਿੰਘ ਯਾਦੂ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਪ੍ਰਕਾਰ ਕਲਾ ਦੀਆਂ ਇਹਨਾਂ ਵੰਨਗੀਆਂ ਰਾਹੀਂ ਇਸ ਮੇਲੇ ਨ ਚੇਤਨਤਾ ਦਾ ਵਿਸ਼ੇਸ਼ ਸੁਨੇਹਾ ਦਿੱਤਾ ਅਤੇ ਦਰਸ਼ਕਾਂ ਨੇ ਇਸ ਮੇਲੇ ਤੋਂ ਨਵਾਂ ਸਿੱਖਣ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦਾ ਖੂਬ ਅਨੰਦ ਮਾਣਿਆ।

Comments are closed.

COMING SOON .....


Scroll To Top
11