Monday , 23 September 2019
Breaking News
You are here: Home » Religion » 1984 ‘ਚ ਸਿੱਖ ਰੈਫਰੈਂਸ ਲਾਈਬ੍ਰੇਰੀ ‘ਚੋਂ ਪੁਰਾਤਣ ਸਿੱਖ ਵਸਤਾਂ ਤੇ ਗ੍ਰੰਥ ਗਾਇਬ ਹੋਣ ਦਾ ਮਾਮਲਾ

1984 ‘ਚ ਸਿੱਖ ਰੈਫਰੈਂਸ ਲਾਈਬ੍ਰੇਰੀ ‘ਚੋਂ ਪੁਰਾਤਣ ਸਿੱਖ ਵਸਤਾਂ ਤੇ ਗ੍ਰੰਥ ਗਾਇਬ ਹੋਣ ਦਾ ਮਾਮਲਾ

35 ਸਾਲਾਂ ‘ਚ ਕੇਂਦਰ ਨੂੰ ਲਿਖੀਆਂ 85 ਚਿੱਠੀਆਂ ਪਰ ਨਤੀਜਾ ਸਿਫਰ : ਪ੍ਰੋ. ਬਲਜਿੰਦਰ ਸਿੰਘ

ਸ਼ਾਹਕੋਟ, 16 ਜੂਨ (ਸੁਰਿੰਦਰ ਸਿੰਘ ਖਾਲਸਾ)- ਇੰਦਰਾਂ ਗਾਂਧੀ ਦੀ ਸਰਕਾਰ ਵਲੋਂ 1984 ਦੇ ਘਲੂਘਾਰੇ ਦੌਰਾਨ ਜੋ ਪੁਰਾਤਣ ਸਿੱਖ ਵਸਤਾਂ ਤੇ ਗ੍ਰੰਥਾਂ ਦੀਆਂ ਪ੍ਰਤੀਲਿਪੀਆਂ ਸ੍ਰੀ ਦਰਬਾਰ ਸਾਹਿਬ ਅੰਦਰ ਸਥਾਪਤ ਸਿੱਖ ਰੈਫਰੈਂਸ ਲਾਈਬ੍ਰੇਰੀ ਵਿਚੋਂ ਆਪਣੇ ਕਬਜੇ ਵਿਚ ਲੈ ਲਈਆਂ ਗਈਆਂ ਸਨ ਨੂੰ ਅੱਜ 35 ਸਾਲ ਬੀਤਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ (ਬ) ਵਾਪਸ ਲੈ ਕੇ ਆਉਣ ਵਿਚ ਨਾਕਾਮ ਸਾਬਤ ਹੋਇਆ ਹੈ। ਇਹ ਕਹਿਣਾ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 21 ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਤੇ ਪਾਲ ਸਿੰਘ ਫਰਾਂਸ ਵਾਲਿਆਂ ਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੱਜ ਤਕ ਸਿਰਫ ਕੇਂਦਰ ਨਾਲ ਪੱਤਰ-ਵਿਹਾਰ ਹੀ ਕਰਦੀ ਰਹੀ ਹੈ, ਇਸ ਤੋਂ ਇਲਾਵਾ ਉਸਨੇ ਪੁਰਾਤਣ ਵਿਰਾਸਤ ਨੂੰ ਵਾਪਸ ਲੈ ਕੇ ਆਉਣ ਲਈ ਕੁਝ ਵੀ ਨਹੀਂ ਕੀਤਾ। ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ 35 ਸਾਲਾਂ ਦੌਰਾਨ ਕੇਂਦਰ ਨੂੰ ਕਮੇਟੀ ਵਲੋਂ 85 ਚਿੱਠੀਆ ਲਿਖੀਆ ਪਰ ਨਤੀਜਾ ਅੱਜ ਤਕ ਲੋਕਾਂ ਦੇ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਵਾਲੀ ਸਰਕਾਰ ਕੇਂਦਰ ਵਿਚ ਆਈ ਤੇ ਹੁਣ ਵੀ ਹੈ ਪਰ ਅਕਾਲੀ ਦਲ ਨੇ ਇਸ ਸਰਾਕਰ ਕੋਲੋਂ ਸਿਰਫ ਵਜ਼ੀਰੀਆਂ ਹੀ ਮੰਗੀਆਂ, ਪੰਥ ਦੇ ਮਸਲੇ ਕਦੇ ਵੀ ਲੋਕ ਸਭਾ ਵਿਚ ਨਹੀਂ ਚੁੱਕੇ। ਅਕਾਲੀ ਦਲ ਦੇ ਆਗੂ ਚਾਹੁੰਦੇ ਤਾਂ ਇੰਦਰਾ ਸਰਕਾਰ ਵੇਲੇ ਦਰਬਾਰ ਸਾਹਿਬ ਵਿਚੋਂ ਚੁੱਕੇ ਗਏ ਵਿਰਾਸਤੀ ਸਮਾਨ ਨੂੰ ਹੁਣ ਤਕ ਮੁੜ ਸ੍ਰੀ ਦਰਬਾਰ ਸਾਹਿਬ ਅੰਦਰ ਸਥਾਪਤ ਸਿੱਖ ਰੈਫਰੈਂਸ ਲਾਈਬ੍ਰੇਰੀ ਵਿਚ ਸਥਾਪਤ ਕਰਵਾ ਸਕਦੇ ਸਨ ਪਰ ਉਨ੍ਹਾਂ ਨੂੰ ਆਪਣੇ ਰਾਜ-ਭਾਗ ਤੋਂ ਹੀ ਫੁਰਸਤ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਸਗੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਵੇਸਲੇਪਣ ਵਾਲੀ ਨੀਤੀ ਅਪਣਾਈ ਰੱਖੀ। ਜੋ ਵਸਤਾਂ ਇੰਦਰਾਂ ਸਰਕਾਰ ਵੇਲੇ ਗਾਈਬ ਹੋਈਆਂ ਸਨ ਨੂੰ ਅੱਜ ਪ੍ਰਵਾਸੀ ਭਾਰਤੀਆਂ ਮੁੱਲ ਖਰੀਦ ਰਹੇ ਹਨ, ਆਖਰ ਉਹ ਬਾਹਰ ਕਿਵੇਂ ਪਹੁੰਚ ਗਏ। ਪ੍ਰੋ. ਬਲਜਿੰਦਰ ਸਿੰਘ ਤੇ ਪਾਲ ਸਿੰਘ ਫਰਾਂਸ ਵਾਲਿਆਂ ਨੇ ਦੱਸਿਆ ਕਿ ਅਜਿਹਾ ਹੀ ਇਕ ਮਾਮਲੇ ਬੀਤੇ ਦਿਨੀਂ ਸਾਹਮਣੇ ਆਇਆ ਸੀ, ਜਿਸ ਵਿਚ ਇਕ ਪ੍ਰਵਾਸੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦਸਤਖਤਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਸਤਲਿਖਤ ਸਰੂਪ ਨੂੰ 4 ਹਜ਼ਾਰ ਪੌਂਡ ਵਿਚ ਖਰੀਦੀਆ ਗਿਆ ਸੀ। ਆਖਰ ਇਹ ਸਰੂਪ ਬਾਹਰ ਕਿਵੇਂ ਪਹੁੰਚ ਗਏ। ਆਗੂਆਂ ਨੇ ਦੱਸਿਆ ਕਿ ਇਸ ਸਾਰੇ ਮਾਮਲੇ ‘ਤੇ ਹੁਣ ਜਥੇ. ਲੌਗੋਵਾਲ ਹੁਣ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ ਪਰ ਇਹ ਸਮਝ ਨਹੀਂ ਆ ਰਿਹਾ ਕਿ ਲੌਗੋਵਾਲ ਸਾਹਿਬ ਆਖਰ ਕਿਸ ਦੇ ਖਿਲਾਫ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ, ਕਿਉਂਕਿ ਇਸ ਸਭ ਦੀ ਜ਼ਿੰੰਮੇਵਾਰੀ ਤਾਂ ਪਹਿਲਾਂ ਹੀ ਸ੍ਰੋਮਣੀ ਕਮੇਟੀ ਦੇ ਕੋਲ ਸੀ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਜੇਕਰ ਸਚਮੁੱਚ ਹੀ ਇਸ ਸਾਰੇ ਮਾਮਲੇ ਦੀ ਜਾਂਚ ਨਿਰਪੱਖ ਕਰਵਾਉਣਾ ਚਾਹੁੰਦੀ ਹੈ ਤਾਂ ਫਿਰ ਜਾਂਚ ਕਮੇਟੀ ਦੇ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਕਰੇ। ਇਕ ਅਜਿਹੀ ਕਮੇਟੀ ਬਣਾਈ ਜਾਵੇ ਜੋ ਸਿਰਫ ਇਕ ਧੜੇ ਨਾਲ ਸੰਬੰਧਤ ਨਾ ਹੋਵੇ। ਬਹਿਬਲ ਕਲਾਂ ਕਾਂਡ ਮਾਮਲੇ ਵਿਚ ਅਕਾਲੀ-ਕਾਂਗਰਸੀ ਖੇਡ ਰਹੇ ਹਨ ਫ੍ਰੈਂਡਲੀ ਮੈਚ- ਪ੍ਰੋ. ਬਲਜਿੰਦਰ ਸਿੰਘ ਤੇ ਪਾਲ ਸਿੰਘ ਫਰਾਂਸ ਵਾਲਿਆਂ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋ ਰਹੀ। ਅਕਾਲੀ-ਕਾਂਗਰਸੀ ਫ੍ਰੈਂਡਲੀ ਮੈਚ ਖੇਡ ਰਹੇ ਹਨ। ਜੇਕਰ ਜਾਂਚ ਕਮੇਟੀ ਤੇ ਐੱੱਸ. ਆਈ. ਟੀ. ਦੇ ਮੁਤਾਬਕ ਇਸ ਮਾਮਲੇ ਵਿਚ ਅਕਾਲੀ ਦੋਸ਼ੀ ਹਨ ਤਾਂ ਫਿਰ ਉਨ੍ਹਾਂ ਦੀ ਗ੍ਰਿਫਤਾਰੀ ਆਖਰ ਕਿਉਂ ਨਹੀਂ ਹੋ ਰਹੀ। ਇਸ ਮੌਕੇ ਗੁਰਮੁੱਖ ਸਿੰਘ ਬਧੇਸ਼ਾ ਵੀ ਉਨ੍ਹਾਂ ਦੇ ਨਾਲ ਸਨ।

Comments are closed.

COMING SOON .....


Scroll To Top
11